ਪੰਜਾਬੀ ਭਾਸ਼ਾ ਨੂੰ ਪ੍ਰਫੁੱਲਤ ਕਰਨ ਵਾਲਾ ‘ਭਾਸ਼ਾ ਭਵਨ’ ਢਹਿੰਦੀ ਕਲਾ ‘ਚ

0
820

bhasha-bhawan
ਕੈਪਸ਼ਨ-ਭਾਸ਼ਾ ਭਵਨ ਦੀ ਤਰਸਯੋਗ ਹਾਲਤ ਬਿਆਨਦੀ ਤਸਵੀਰ।
ਪਟਿਆਲਾ/ਬਿਊਰੋ ਨਿਊਜ਼ :
ਮਾਂ ਬੋਲੀ ਪੰਜਾਬੀ ਨੂੰ ਪ੍ਰਫੁੱਲਤ ਕਰਨ ਵਾਲਾ ਭਾਸ਼ਾ ਵਿਭਾਗ ਪੰਜਾਬ ਖ਼ੁਦ ਹੀ ਬਿਮਾਰ ਨਹੀਂ, ਸਗੋਂ ਇਸ ਦੇ ਮੁੱਖ ਦਫ਼ਤਰ ‘ਭਾਸ਼ਾ ਭਵਨ’ ਦੀ ਇਮਾਰਤ ਵੀ ਹੁਣ ਤਿੜਕਣ ਲੱਗ ਪਈ ਹੈ.
ਭਾਸ਼ਾ ਭਵਨ ਦੀ ਇਮਾਰਤ ਦਾ ਨੀਂਹ ਪੱਥਰ 1987 ਵਿੱਚ ਤਤਕਾਲੀਨ ਗਵਰਨਰ ਪੰਜਾਬ ਸਿਧਾਰਥ ਸ਼ੰਕਰ ਰੇਅ ਨੇ ਰੱਖਿਆ ਸੀ। ਇਸ ਇਮਾਰਤ ਦੀ ਉਸਾਰੀ ਦਾ ਕਾਰਜ ਉਦੋਂ ਕਰੀਬ ਅੱਠ ਕਰੋੜ ਵਿੱਚ ਨੇਪਰੇ ਚੜ੍ਹਿਆ ਸੀ ਤੇ 1992 ਦੌਰਾਨ ਤਤਕਾਲੀਨ ਮੁੱਖ ਮੰਤਰੀ ਬੇਅੰਤ ਸਿੰਘ ਨੇ ਇਮਾਰਤ ਦਾ ਉਦਘਾਟਨ ਕੀਤਾ ਸੀ। ਹੁਣ ਮੁਰੰਮਤ ਦੀ ਘਾਟ ਕਰਕੇ ਇਹ ਇਮਾਰਤ ਮੁੜ ਦਮ ਤੋੜਨ ਲੱਗ ਪਈ ਹੈ। ਇਸ ਇਮਾਰਤ ਦਾ ਸੱਜੇ ਪਾਸੇ ਵਾਲਾ ਹਿੱਸਾ ਬੈਠਣ ਲੱਗ ਪਿਆ ਹੈ ਤੇ ਡਿਉਢੀ ਵਾਲਾ ਹਿੱਸਾ ਚੜ੍ਹਦੇ ਪਾਸੇ ਹੇਠਾਂ ਨੂੰ ਲਿਫ਼ਦਾ ਨਜ਼ਰ ਆ ਰਿਹਾ ਹੈ। ਜਿੱਥੋਂ ਇਹ ਦੋਵੇਂ ਹਿੱਸੇ ਜੁੜਦੇ ਹਨ, ਉਥੇ ਦਰਾੜ ਵਧਦੀ ਜਾ ਰਹੀ ਹੈ। ਪਿਛਲੇ ਮੀਹਾਂ ਦੌਰਾਨ ਤਰੇੜ ਨੇ ਉਪਰਲੀ ਮੰਜ਼ਿਲ ਦੇ ਲੈਂਟਰ ਨੂੰ ਲਪੇਟ ਵਿੱਚ ਲੈ ਲਿਆ ਸੀ, ਜਿਸ ਕਰਕੇ ਛੱਤ ਚੋਣ ਲੱਗ ਪਈ ਸੀ। ਵਿਭਾਗ ਨੇ ਤਰੇੜ ਤੇ ਦਫ਼ਤਰ ਦੇ ਲਿਫਦੇ ਹਿੱਸੇ ਦਾ ਕੇਸ ਪੀ.ਡਬਲਿਊ.ਡੀ. ਵਿਭਾਗ ਨੂੰ ਭੇਜਿਆ ਸੀ। ਵਿਭਾਗ ਦੀ ਨਿਰੀਖਣ ਟੀਮ ਨੇ ਤਰੇੜ ਨੂੰ ਉਪਰੋਂ ਛੱਤ ਤੋਂ ਤਾਂ ਅਸਥਾਈ ਤੌਰ ‘ਤੇ ਕੰਕਰੀਟ ਨਾਲ ਭਰ ਦਿੱਤਾ ਸੀ ਪਰ ਪੋਰਸ਼ਨਾਂ ਨੂੰ ਜੋੜਦੀ ਤਰੇੜ ਹੇਠਾਂ ਜ਼ਮੀਨ ਤਕ ਵਧਣ ਨਾਲ ਵਿਭਾਗ ਨੂੰ ਹੱਥਾ ਪੈਰਾਂ ਦੀ ਪਈ ਹੋਈ ਹੈ। ਇਮਾਰਤ ਦੇ ਲਿਫ਼ ਰਹੇ ਪਾਸੇ ਹੀ ਡਾਇਰੈਕਟਰ ਤੇ ਹੋਰ ਅਧਿਕਾਰੀਆਂ ਦੇ ਕਮਰੇ ਪੈਂਦੇ ਹਨ।
ਵਿਭਾਗ ਦੀ ਇਮਾਰਤ ਵਿੱਚ ਤਰੇੜ ਤੇ ਟੇਢ ਪੈਣ ਤੋਂ ਇਲਾਵਾ ਵਿਭਾਗ ਅਸਾਮੀਆਂ ਤੇ ਫ਼ੰਡਾਂ ਦੀ ਘਾਟ ਕਰਕੇ ਖੋਖਲਾ ਸਾਬਿਤ ਹੋ ਰਿਹਾ ਹੈ. ਇਕੱਤਰ ਵੇਰਵਿਆਂ ਮੁਤਾਬਕ ਵਿਭਾਗ ਦੇ ਟੈਕਨੀਕਲ ਵਿੰਗ ਦੇ ਫੀਡਿੰਗ ਕਾਡਰ ਤੋਂ ਸੱਖਣਾ ਹੋਣ ਕਰਕੇ ਖੋਜ ਕਾਰਜ ਦਮ ਤੋੜ ਰਹੇ ਹਨ। ਇਸੇ ਤਰ੍ਹਾਂ ਖੋਜ ਅਫ਼ਸਰਾਂ, ਜ਼ਿਲ੍ਹਾ ਭਾਸ਼ਾ ਅਫ਼ਸਰਾਂ ਤੇ ਸਹਾਇਕ ਡਾਇਰੈਕਟਰਾਂ ਦੇ  ਵੀ ਅੱਧਿਓਂ ਵੱਧ ਪਦ ਖਾਲੀ ਹੋ ਚੁੱਕੇ ਹਨ।
ਭਾਸ਼ਾ ਵਿਭਾਗ ਦੀ ਡਾਇਰੈਕਟਰ ਗੁਰਸ਼ਰਨ ਕੌਰ ਨੇ ਮੰਨਿਆ ਕਿ ਵੱਡੀਆਂ ਥੁੜ੍ਹਾਂ ਕਰਕੇ ਵਿਭਾਗ ਦੇ ਕਾਰਜ ਪਛੜ ਰਹੇ ਹਨ। ਉਨ੍ਹਾਂ ਦੱਸਿਆ ਕਿ ਭਾਸ਼ਾ ਭਵਨ ਦੀ ਇਮਾਰਤ ਵਿੱਚ ਵਧ ਰਹੀ ਦਰਾੜ ਸਮੇਤ ਇਸ ਦੀ ਮੁਕੰਮਲ ਮੁਰੰਮਤ ਲਈ ਪੰਜਾਬ ਸਰਕਾਰ ਨੂੰ ਸਵਾ ਤਿੰਨ ਕਰੋੜ ਦੀ ਗ੍ਰਾਂਟ ਦਾ ਕੇਸ ਭੇਜਿਆ ਜਾ ਰਿਹਾ ਹੈ। ਉਨ੍ਹਾਂ ਕਿਹਾ ਕਿ 21 ਫਰਵਰੀ ਨੂੰ ਕੌਮੀ ਮਾਤ ਦਿਵਸ ‘ਤੇ ਸਮਾਗਮ ਦਾ ਖ਼ਰਚ ਉਨ੍ਹਾਂ ਤੇ ਵਿਭਾਗੀ ਅਮਲੇ ਨੇ ਆਪਣੀ ਜੇਬ ਵਿਚੋਂ ਕੀਤਾ।