ਪਵਾਰ, ਜੋਸ਼ੀ ਤੇ ਸੰਗਮਾ ਸਮੇਤ 7 ਸ਼ਖ਼ਸੀਅਤਾਂ ਨੂੰ ਪਦਮ ਵਿਭੂਸ਼ਨ

0
419

balbir-singh-seechewal
ਸੰਤ ਸੀਚੇਵਾਲ ਨੇ ‘ਪਦਮਸ੍ਰੀ’ ਸੰਗਤ ਨੂੰ ਸਮਰਪਿਤ ਕੀਤਾ
ਨਵੀਂ ਦਿੱਲੀ/ਬਿਊਰੋ ਨਿਊਜ਼ :
ਭਾਰਤ ਦੇ ਦੂਜੇ ਸਰਬਉੱਚ ਨਾਗਰਿਕ ਪੁਰਸਕਾਰ ਪਦਮ ਵਿਭੂਸ਼ਨ ਲਈ ਚੁਣੀਆਂ ਗਈਆਂ ਸੱਤ ਸ਼ਖ਼ਸੀਅਤਾਂ ਵਿੱਚ ਸੀਨੀਅਰ ਸਿਆਸਤਦਾਨ ਸ਼ਰਦ ਪਵਾਰ, ਮੁਰਲੀ ਮਨੋਹਰ ਜੋਸ਼ੀ ਅਤੇ ਮਰਹੂਮ ਪੀਏ ਸੰਗਮਾ ਦੇ ਨਾਂ ਵੀ ਸ਼ਾਮਲ ਹਨ। ਸੰਤ ਬਲਬੀਰ ਸਿੰਘ ਸੀਚੇਵਾਲ ਨੂੰ ਪਦਮਸ੍ਰੀ ਪੁਰਸਕਾਰ ਲਈ ਚੁਣਿਆ ਗਿਆ ਹੈ। ਸਮਾਜ ਸੇਵਾ ਅਤੇ 160 ਕਿਲੋਮੀਟਰ ਲੰਬੀ ਕਾਲੀ ਵੇਈਂ ਨੂੰ ਮੁੜ ਸੁਰਜੀਤ ਕਰਨ ਲਈ ਸੰਤ ਸੀਚੇਵਾਲ ਨੂੰ ਇਹ ਪੁਰਸਕਾਰ ਮਿਲਣ ਜਾ ਰਿਹਾ ਹੈ। ਸੰਤ ਸੀਚੇਵਾਲ ਨੇ ਇਹ ਸਨਮਾਨ ਸੰਗਤ ਨੂੰ ਸਮਰਪਿਤ ਕਰਦਿਆਂ ਕਿਹਾ ਕਿ ਦੇਸ਼ ਵੱਲੋਂ ਦਿੱਤਾ ਜਾਣ ਵਾਲਾ ਇਹ ਸਨਮਾਨ ਉਸ ਸਮੁੱਚੀ ਸੰਗਤ ਦਾ ਸਨਮਾਨ ਹੈ ਜੋ ਨਿਸ਼ਕਾਮ ਭਾਵਨਾ ਨਾਲ ਬਾਬੇ ਨਾਨਕ ਦੀ ਚਰਨ ਛੋਹ ਪ੍ਰਾਪਤ ਪਵਿੱਤਰ ਕਾਲੀ ਵੇਈਂ ਦੀ ਕਾਰ ਸੇਵਾ ਵਿਚ ਪਿਛਲੇ 17 ਸਾਲਾਂ ਤੋਂ ਜੁਟੀ ਹੋਈ ਹੈ।
ਰਾਸ਼ਟਰਪਤੀ ਪ੍ਰਣਬ ਮੁਖਰਜੀ ਨੇ ਪਦਮ ਸਨਮਾਨਾਂ ਲਈ 89 ਸ਼ਖ਼ਸੀਅਤਾਂ ਦੀ ਚੋਣ ਕੀਤੀ ਹੈ। ਪਦਮ ਭੂਸ਼ਨ ਲਈ ਸੱਤ ਅਤੇ ਪਦਮਸ੍ਰੀ ਪੁਰਸਕਾਰ ਲਈ 75 ਨਾਂ ਐਲਾਨੇ ਗਏ ਹਨ। ਇਹ ਪੁਰਸਕਾਰ ਮੁਲਕ ਦੇ 68ਵੇਂ ਗਣਤੰਤਰ ਦਿਵਸ ਮੌਕੇ ਦਿੱਤੇ ਗਏ। ਇਹ ਪੁਰਸਕਾਰ ਹਾਸਲ ਕਰਨ ਵਾਲਿਆਂ ਵਿੱਚ 19 ਮਹਿਲਾਵਾਂ ਅਤੇ ਪੰਜ ਐਨਆਰਾਈ/ਪੀਆਈਓ (ਪਰਸਨਜ਼ ਆਫ ਇੰਡੀਅਨ ਔਰਿਜਨ) ਸ਼ਾਮਲ ਹਨ। ਦੇਸ਼ ਦਾ ਸਭ ਤੋਂ ਵੱਡਾ ਨਾਗਰਿਕ ਸਨਮਾਨ ‘ਭਾਰਤ ਰਤਨ’ ਇਸ ਵਾਰ ਕਿਸੇ ਨੂੰ ਨਹੀਂ ਦਿੱਤਾ ਜਾਵੇਗਾ। ਇਹ ਪਹਿਲੀ ਵਾਰ ਹੋਇਆ ਹੈ ਕਿ ਇਸ ਵਾਰ ਪਦਮ ਐਵਾਰਡ ਹਾਸਲ ਕਰਨ ਵਾਲਿਆਂ ਦੀ ਸੂਚੀ ਵਿਚ ਕਿਸੇ ਵੀ ਬਾਲੀਵੁੱਡ ਅਦਾਕਾਰ ਦਾ ਨਾਂ ਨਹੀਂ ਹੈ।
ਪਵਾਰ, ਜੋਸ਼ੀ ਤੇ ਸੰਗਮਾ ਤੋਂ ਇਲਾਵਾ ਕੇ.ਜੇ ਯਸੂਦਾਸ (ਕਲਾ-ਸੰਗੀਤ), ਸਦਗੁਰੂ ਜੱਗੀ ਵਾਸੂਦੇਵ (ਅਧਿਆਤਮਵਾਦ), ਪ੍ਰੋਫੈਸਰ ਯੁਦੀਪੀ ਰਾਮਾਚੰਦਰ ਰਾਏ (ਸਾਇੰਸ ਤੇ ਇੰਜਨੀਅਰਿੰਗ) ਅਤੇ ਮਰਹੂਮ ਸੁੰਦਰ ਲਾਲ ਪਟਵਾ ਦੀ ਪਦਮ ਵਿਭੂਸ਼ਨ ਪੁਰਸਕਾਰ ਲਈ ਚੋਣ ਕੀਤੀ ਗਈ ਹੈ। ਪਦਮ ਭੂਸ਼ਨ ਐਵਾਰਡਾਂ ਲਈ ਵਿਸ਼ਵ ਮੋਹਨ ਭੱਟ (ਕਲਾ-ਸੰਗੀਤ), ਪ੍ਰੋਫੈਸਰ ਦੇਵੀ ਪ੍ਰਸਾਦ ਦਿਵੇਦੀ (ਸਾਹਿਤ ਤੇ ਸਿੱਖਿਆ), ਤਹਿਮਤਨ ਉਦਵਾਡੀਆ (ਮੈਡੀਸਨ), ਰਤਨਾ ਸੁੰਦਰ ਮਹਾਰਾਜ (ਅਧਿਆਤਮਵਾਦ), ਸਵਾਮੀ ਨਿਰੰਜਨ ਨੰਦਾ ਸਰਸਵਤੀ (ਯੋਗ), ਥਾਈਲੈਂਡ ਦੀ ਐਚਆਰਐਚ ਸ਼ਹਿਜ਼ਾਦੀ ਮਹਾ ਚੱਕਰੀ ਸ੍ਰੀਧਰਨ (ਸਾਹਿਤ ਤੇ ਸਿੱਖਿਆ) ਅਤੇ ਮਰਹੂਮ ਚੋ ਰਾਮਾਸਵਾਮੀ (ਸਾਹਿਤ, ਸਿੱਖਿਆ, ਪੱਤਰਕਾਰੀ) ਦੇ ਨਾਂ ਐਲਾਨੇ ਗਏ ਹਨ। ਪਦਮਸ੍ਰੀ ਪੁਰਸਕਾਰਾਂ ਲਈ ਐਲਾਨੇ 75 ਨਾਵਾਂ ਵਿਚੋਂ ਗਾਇਕ ਕੈਲਾਸ਼ ਖੇਰ ਤੇ ਅਨੁਰਾਧਾ ਪੌਂਡਵਾਲ, ਕ੍ਰਿਕਟਰ ਵਿਰਾਟ ਕੋਹਲੀ, ਜਿਮਨਾਸਟ ਦੀਪਾ ਕਰਮਾਕਰ, ਭਾਰਤ ਦੀ ਝੋਲੀ ਵਿਚ ਮਹਿਲਾ ਕੁਸ਼ਤੀ ਦਾ ਪਹਿਲਾ ਓਲੰਪਿਕ ਤਗ਼ਮਾ ਪਾਉਣ ਵਾਲੀ ਸਾਕਸ਼ੀ ਮਲਿਕ, ਪੈਰਾਲੰਪਿਕ ਦੀਪਾ ਮਲਿਕ ਅਤੇ ਉੱਘੇ ਖਾਨਸਾਮਾ ਸੰਜੀਵ ਕਪੂਰ ਦੇ ਨਾਂ ਪ੍ਰਮੁੱਖ ਹਨ। ਮੈਡੀਸਨ ਵਿੱਚ ਚੰਡੀਗੜ੍ਹ ਦੇ ਪ੍ਰੋ. ਹਰਕਿਸ਼ਨ ਸਿੰਘ ਅਤੇ ਡਾ. ਮੁਕਤ ਮਿੰਜ਼ ਨੂੰ ਪਦਮਸ੍ਰੀ ਪੁਰਸਕਾਰ ਮਿਲਿਆ ਹੈ।