ਕਾਲੇ ਤੋਂ ਸਫ਼ੈਦ ਹੋਣ ਦੇ ਉਹ ਪਲ

0
441

article-harish-khare-demonetisation-ink-and-banks-759
ਹਰੀਸ਼ ਖਰੇ
ਜੌਹਨ ਲੀ ਕੈਰੇ ਦੇ ‘ਏ ਮੋਸਟ ਵਾਂਟੇਡ ਮੈਨ’ ਦੇ ਪਾਠਕਾਂ ਨੂੰ ਇਹ ਯਾਦ ਹੋਏਗਾ ਕਿ ਜਾਸੂਸੀ ਨਾਵਲਕਾਰ ਨੇ ਸਾਨੂੰ ‘ਲਿਪੀਜ਼ੇਨਰ ਕਥਾ’ ਦੀ ਧਾਰਨਾ ਤੋਂ ਜਾਣੂ ਕਰਾਇਆ ਹੈ। ਪੁਸਤਕ ਵਿੱਚ ਇੱਕ ਕਿਰਦਾਰ ਦੇ ਰੂਪ ਵਿੱਚ ਲਿਪੀਜ਼ੇਨਰ ਨੂੰ ਅਜਿਹਾ ਘੋੜਾ ਦੱਸਿਆ ਗਿਆ ਹੈ ਜੋ ਕਿ ਪੈਦਾ ਤਾਂ ਕਾਲਾ ਹੁੰਦਾ ਹੈ, ਪਰ ਕੁਝ ਸਾਲ ਬਾਅਦ ਉਸ ਦਾ ਰੰਗ ਸਫ਼ੈਦ ਹੋ ਜਾਂਦਾ ਹੈ। ਕਹਾਣੀ ਵਿੱਚ ਦੱਸਿਆ ਗਿਆ ਕਿ ਯੂਰੋਪ ਵਿੱਚ ਸਨਮਾਨਜਨਕ ਪ੍ਰਤੀਤ ਹੋਣ ਵਾਲੇ ਬੈਂਕ ਕਿਸ ਤਰ੍ਹਾਂ ਬੁਰੇ ਲੋਕਾਂ ਦੇ ਕਾਲੇ ਧਨ ਨੂੰ ਸਫ਼ੈਦ ਬਣਾਉਣ ਵਿੱਚ ਮਦਦ ਕਰ ਰਹੇ ਸਨ। ਇੱਕ ਖੁਫ਼ੀਆ ਅਧਿਕਾਰੀ ਫਬਤੀ ਕੱਸਦੇ ਹੋਏ ਟਿੱਪਣੀ ਕਰਦੇ ਹਨ ਕਿ ‘ਟੇਢੀਆਂ ਲੱਤਾਂ ਵਾਲੇ ਇਹ ਢੌਂਗੀ ਅਜਿਹਾ ਜਤਾਉਂਦੇ ਸਨ ਕਿ ਮੰਨੋ ਉਹ ਵੀ ਉਨ੍ਹਾਂ ਘੋੜਿਆਂ ਦੀ ਹੀ ਨਸਲ ਦੇ ਹਨ।’
ਸਰਕਾਰ ਵੱਲੋਂ 8 ਨਵੰਬਰ ਨੂੰ 500 ਅਤੇ 1000 ਰੁਪਏ ਦੇ ਨੋਟ ਬੰਦ ਕਰਨ ਦੇ ਐਲਾਨ ਤੋਂ ਬਾਅਦ ਬਹੁਤ ਸਾਰੇ ਭਾਰਤੀਆਂ ਨੂੰ ਵੀ ਘੋੜੇ ਦੀ ਤਰ੍ਹਾਂ ਰੰਗ ਬਦਲਦੇ ਪਲਾਂ, ਬੈਂਕਿੰਗ ਪ੍ਰਣਾਲੀ ਅਤੇ ਨੈਤਿਕਤਾ ਦੀਆਂ ਵਚਿੱਤਰ ਮੰਗਾਂ ਨਾਲ ਦੋ-ਚਾਰ ਹੋਣਾ ਪੈ ਰਿਹਾ ਹੈ।
ਸਰਕਾਰ ਦੇ ਇਸ ਕਦਮ ਦੀ ਮੈਰਿਟ ਅਤੇ ਜ਼ਰੂਰਤ ‘ਤੇ ਅਰਥ-ਸ਼ਾਸਤਰੀ ਵੰਡੇ ਹੋਏ ਹਨ। ਅਸਲ ਵਿੱਚ ਕਿਸੇ ਵੀ ਵੱਡੇ ਅਰਥ-ਸ਼ਾਸਤਰੀ ਨੇ ਇਸ ਫ਼ੈਸਲੇ ਦਾ ਖੁੱਲ੍ਹ ਕੇ ਸਮਰਥਨ ਨਹੀਂ ਕੀਤਾ ਹੈ ਅਤੇ ਕੋਈ ਵੀ ਨਾ ਇਹ ਅਨੁਮਾਨ ਲਗਾ ਸਕਦਾ ਹੈ ਅਤੇ ਨਾ ਹੀ ਕਹਿ ਸਕਦਾ ਹੈ ਕਿ ਇਸ ਕਦਮ ਨਾਲ ਕਾਲਾ ਧਨ ਖ਼ਤਮ ਹੋ ਜਾਏਗਾ। ਹਰ ਰਾਤ ਟੀ.ਵੀ. ਸ਼ੋਅ ਵਿੱਚ ਸ਼ਾਮਲ ਰਹਿਣ ਵਾਲੇ ਕੁਝ ਬਹਿਸਵਾਜ਼ ਇਹ ਕਹਿੰਦੇ ਨਹੀਂ ਥੱਕ ਰਹੇ ਕਿ ਬੇਸ਼ੱਕ ਆਮ ਆਦਮੀ ਨੂੰ ਆਪਣਾ ਪੈਸਾ ਕਢਾਉਣ ਵਿੱਚ ਕੁਝ ਮੁਸ਼ਕਲਾਂ ਪੇਸ਼ ਆ ਰਹੀਆਂ ਹੋਣ, ਪਰ ਉਨ੍ਹਾਂ ਨੂੰ ਲਗਦਾ ਹੈ ਕਿ ਸਰਕਾਰ ਨੇ ‘ਸਾਹਸੀ’ ਅਤੇ ‘ਬਹਾਦਰੀ ਭਰਿਆ’ ਫ਼ੈਸਲਾ ਲਿਆ ਹੈ।
ਇਹ ਵਿਦੇਸ਼ੀ ਮੀਡੀਆ ਦੀਆਂ ਟਿੱਪਣੀਆਂ ਤੋਂ ਇਕਦਮ ਉਲਟ ਹੈ। ਮੇਰੇ ਇੱਕ ਮਿੱਤਰ ਨੇ ਭਾਰਤ ਵਿੱਚ ਨੋਟਬੰਦੀ ਨੂੰ ਲੈ ਕੇ ਨਿਊਯਾਰਕ ਟਾਈਮਜ਼, ਬੀਬੀਸੀ, ਦਿ ਗਾਰਡੀਅਨ, ਹਫਿੰਗਟਨ ਪੋਸਟ ਤੇ ਵਾਸ਼ਿੰਗਟਨ ਪੋਸਟ ਵਰਗੇ ਪ੍ਰਮੁੱਖ ਸਮਾਚਾਰ ਸੰਗਠਨਾਂ ਦੀਆਂ ਕੁਝ ਸੁਰਖ਼ੀਆਂ ਮੈਨੂੰ ਭੇਜੀਆਂ ਹਨ। ਇਹ ਦੋਸਤ ਜ਼ੋਰ ਦੇ ਕੇ ਕਹਿੰਦਾ ਹੈ: ”ਸਾਡਾ ਮੀਡੀਆ ਸੱਚ ‘ਤੇ ਪਰਦਾ ਪਾਉਣ ਦਾ ਕੰਮ ਬਾਖ਼ੂਬੀ ਕਰਦਾ ਹੈ।”
ਆਮ ਆਦਮੀ ਨੂੰ ਹੋ ਰਹੀਆਂ ਪ੍ਰੇਸ਼ਾਨੀਆਂ ਸਾਡੇ ਕਦਮ ਨਹੀਂ ਰੋਕ ਸਕਦੀਆਂ। ਹਾਂ, ਗੁਆਂਢੀ ਆਪਣੀ ਕਹਾਣੀ ਸੁਣਾ ਰਹੇ ਹਨ: ਕਿ ਇੱਕ ਗ਼ਰੀਬ ਜੋ ਅਜੇ ਤਕ ਕਾਲੇ ਧਨ ਦੇ ਅਨੈਤਿਕ ਦਾਇਰੇ ਤੋਂ ਬਾਹਰ ਸੀ, ਨੂੰ ਅਣਐਲਾਨੀ ਆਮਦਨ ਜਮ੍ਹਾਂ ਕਰਾਉਣ ਵਾਲੇ ਛੋਟੇ ਅਤੇ ਮੱਧ ਵਰਗੀ ਵਪਾਰੀ ਦੇ ਇਸ਼ਾਰੇ ‘ਤੇ ਬੇਈਮਾਨੀ ਸਿਖਾਈ ਜਾ ਰਹੀ ਹੈ। ਕਾਲੇ ਧਨ ਨੂੰ ਸਫ਼ੈਦ ਕਰਨ ਲਈ ਕੀਤੀ ਜਾ ਰਹੀ ਮਦਦ ਵਿੱਚ ਲੱਖਾਂ ਗ਼ਰੀਬਾਂ ਦੀ ਸ਼ਮੂਲੀਅਤ ਸਾਡੇ ਸਮਾਜ ਵਿਚੋਂ ਨੈਤਿਕ ਕਦਰਾਂ-ਕੀਮਤਾਂ ਦਾ ਸਮੂਹਕ ਨੁਕਸਾਨ ਹੈ। ਜਿਵੇਂ ਕਿ ਡਿਕ ਚੇਨੀ ਨੇ ਇੱਕ ਵਾਰ ਟਿੱਪਣੀ ਕੀਤੀ ਸੀ ਕਿ ਅਜਿਹਾ ਵਾਪਰਦਾ ਹੈ।
ਕਰਨਾਟਕ ਵਿੱਚ ਇੱਕ ਖਣਨ ਕਾਰੋਬਾਰੀ ਪਰਿਵਾਰ ਦਾ ਸ਼ਾਨੋ-ਸ਼ੌਕਤ ਨਾਲ ਹੋਇਆ ਵਿਆਹ ਵੱਡੀਆਂ ਸੁਰਖ਼ੀਆਂ ਵਿੱਚ ਰਿਹਾ। ਪੈਸੇ ਅਤੇ ਗਲੈਮਰ ਦਾ ਇਹ ਪ੍ਰਦਰਸ਼ਨ ਨੋਟਬੰਦੀ ਦੇ ਚਲਦੇ ਆਮ ਆਦਮੀ ਨੂੰ ਆਪਣੀਆਂ ਰੋਜ਼ਮਰ੍ਹਾ ਦੀਆਂ ਜ਼ਰੂਰਤਾਂ ਦੀ ਪੂਰਤੀ ਕਰਨ ਲਈ ਪੇਸ਼ ਆ ਰਹੀਆਂ ਮੁਸ਼ਕਲਾਂ ਤੋਂ ਬਿਲਕੁਲ ਉਲਟ ਸੀ। ਜੀ. ਜਨਾਰਧਨ ਰੈਡੀ ਵੱਡੀ ਪਾਰਟੀ ਦਾ ਪ੍ਰਬੰਧ ਕਰ ਰਹੇ ਸਨ। ਉਨ੍ਹਾਂ ਨੂੰ ਤਾਂ ਪੈਸੇ ਦੀ ਕਿਸੇ ਪੱਧਰ ‘ਤੇ ਕਮੀ ਦਾ ਸਾਹਮਣਾ ਨਹੀਂ ਕਰਨਾ ਪਿਆ, ਪਰ ਜਨਾਰਧਨ ਰੈਡੀ ਤਾਂ ਕਰਨਾਟਕ ਵਿੱਚ ਭਾਜਪਾ ਲਈ ਮਹੱਤਵਪੂਰਨ ਅਤੇ ਬਹੁਤ ਸਾਧਨ ਜੁਟਾਉਣ ਵਾਲੇ ਆਦਮੀ ਹਨ। ਰੈਡੀ ਭਰਾਵਾਂ ਕੋਲ ਬੇਈਮਾਨੀ ਤੋਂ ਕਮਾਇਆ ਅਜਿਹਾ ਪੈਸਾ ਹੈ ਜੋ ਕਿ ਕੁਝ ਕਾਰੋਬਾਰੀ ਆਪਣੇ ਰਾਜਨੀਤਕ ਸੰਪਰਕਾਂ ਦੀ ਬਦੌਲਤ ਕਮਾਉਂਦੇ ਹਨ। ਉਨ੍ਹਾਂ ਨੂੰ ਕਾਨੂੰਨੀ ਮੁਸ਼ਕਲਾਂ ਦਾ ਸਾਹਮਣਾ ਕਰਨਾ ਪਿਆ, ਪਰ ਰਾਜਨੀਤਕ ਪਹੁੰਚ ਦੇ ਚਲਦੇ ਉਨ੍ਹਾਂ ਦਾ ਕੁਝ ਨਹੀਂ ਵਿਗੜਿਆ।
ਅਤੀਤ ਦੀ ਜਾਣਕਾਰੀ ਰੱਖਣ ਵਾਲਿਆਂ ਨੂੰ ਫਰਵਰੀ 2004 ਦਾ ਸਹਾਰਾ ਪ੍ਰਮੁੱਖ ਦੇ ਦੋ ਬੇਟਿਆਂ ਦਾ ਵਿਆਹ ਵੀ ਯਾਦ ਹੋਵੇਗਾ। ਉਦੋਂ ਦੋ ਦਿਨ ਲਈ ਲਖਨਊ ਭਾਰਤੀ ਰਾਜਨੀਤੀ ਦੇ ਵੱਡੇ ਨੇਤਾਵਾਂ ਲਈ ਪਸੰਦੀਦਾ ਸਥਾਨ ਸੀ। ਸਾਬਕਾ ਪ੍ਰਧਾਨ ਮੰਤਰੀ ਅਟਲ ਬਿਹਾਰੀ ਵਾਜਪਈ, ਸਾਬਕਾ ਉਪ ਰਾਸ਼ਟਰਪਤੀ ਭੈਰੋਂ ਸਿੰਘ ਸ਼ੇਖਾਵਤ ਤੇ ਉਪ ਪ੍ਰਧਾਨ ਮੰਤਰੀ ਲਾਲ ਕ੍ਰਿਸ਼ਨ ਅਡਵਾਨੀ ਸਾਰੇ ਵੱਡੇ ਲੋਕ ਉਸ ਵਿਆਹ ਵਿੱਚ ਪਹੁੰਚੇ ਸਨ।
ਲੋਕ ਸਭਾ ਵਿੱਚ ਵਿਰੋਧੀ ਧਿਰ ਦੀ ਸਾਬਕਾ ਨੇਤਾ (ਸੋਨੀਆ ਗਾਂਧੀ) ਅਤੇ ਰਾਜ ਸਭਾ ਵਿੱਚ ਵਿਰੋਧੀ ਧਿਰ ਦੇ ਨੇਤਾ (ਮਨਮੋਹਨ ਸਿੰਘ) ਬੇਸ਼ੱਕ ਇਸ ਵਿਆਹ ਵਿੱਚ ਸ਼ਰੀਕ ਨਹੀਂ ਹੋਏ ਸਨ, ਪਰ ਕਾਂਗਰਸ ਦੀ ਤਰਫ਼ ਤੋਂ ਐੱਸ.ਐੱਮ. ਕ੍ਰਿਸ਼ਨਾ ਅਤੇ ਦਿਗਵਿਜੇ ਸਿੰਘ ਵਰਗੇ ਵੱਡੇ ਨੇਤਾ ਵਿਆਹ ਵਿੱਚ ਸ਼ਾਮਲ ਹੋਏ ਸਨ। ਅਤੇ ਹਾਂ, ਲਖਨਊ ਵਿੱਚ ਵਿਰੋਧੀ ਧਿਰ ਦੀ ਪ੍ਰਮੁੱਖ ਨੇਤਾ ਮਾਇਆਵਤੀ ਵੀ ਵਿਆਹ ਤੋਂ ਇਸ ਕਾਰਨ ਹੀ ਦੂਰ ਰਹੀ ਕਿਉਂਕਿ ਸਾਬਕਾ ਮੁੱਖ ਮੰਤਰੀ ਮੁਲਾਇਮ ਸਿੰਘ ਅਤੇ ਉਨ੍ਹਾਂ ਦੇ ਰਾਜਨੀਤਕ ਪਰਿਵਾਰ ਨੇ ਇਸ ਵਿਆਹ ਦੀ ਸਹਿ ਮੇਜ਼ਬਾਨੀ ਕੀਤੀ ਸੀ। ਰਾਜਨੇਤਾ ਹੀ ਨਹੀਂ ਅਮਿਤਾਬ ਬੱਚਨ ਸਮੇਤ ਬੌਲੀਵੁੱਡ ਦੀਆਂ ਕਈ ਨਾਮੀ ਹਸਤੀਆਂ ਵੀ ਵਿਆਹ ਵਿੱਚ ਸ਼ਾਮਲ ਹੋਈਆਂ ਸਨ।
ਇੱਥੇ ਇਹ ਗੱਲ ਜ਼ਿਕਰਯੋਗ ਹੈ ਕਿ ਬੇਸ਼ੱਕ ਸਹਾਰਾ ਪ੍ਰਮੁੱਖ ਉਸ ਦੇ ਬਾਅਦ ਤੋਂ ਗੰਭੀਰ ਆਰਥਿਕ ਅਪਰਾਧ ਦੇ ਮਾਮਲੇ ਵਿੱਚ ਫਸੇ ਹੋਏ ਹਨ, ਪਰ ਇੱਕ ਸਮਾਂ ਉਹ ਵੀ ਸੀ ਜਦੋਂ ਉਨ੍ਹਾਂ ਨੂੰ ”ਉੱਦਮੀ”, ”ਦੌਲਤ ਦਾ ਸਿਰਜਕ” ਕਹਿ ਕੇ ਤਾਰੀਫ਼ਾਂ ਦੇ ਪੁਲ ਬੰਨ੍ਹੇ ਜਾਂਦੇ ਸਨ। ਰਾਜਨੇਤਾ, ਫ਼ਿਲਮ ਸਟਾਰ ਅਤੇ ਖੇਡ ਪ੍ਰਸ਼ਾਸਕ ਸਮੇਤ ਹਰ ਕੋਈ ਉਨ੍ਹਾਂ ਨਾਲ ਦੋਸਤੀ ਕਰਨਾ ਚਾਹੁੰਦਾ ਸੀ, ਉਨ੍ਹਾਂ ਦਾ ਸਾਥ, ਪੈਸਾ ਅਤੇ ਉਨ੍ਹਾਂ ਦਾ ਸਮਰਥਨ ਚਾਹੁੰਦਾ ਸੀ, ਪਰ ਅੰਤ ਜਦੋਂ ਉਨ੍ਹਾਂ ‘ਤੇ ਕਾਨੂੰਨੀ ਸ਼ਿਕੰਜਾ ਕਸਿਆ ਤਾਂ ਪੂੰਜੀਵਾਦ ਦੀਆਂ ਬੁਰਾਈਆਂ ਸਾਹਮਣੇ ਆ ਗਈਆਂ।
ਇਹ ਦੋ ਵਿਆਹ ਰਾਜਨੇਤਾਵਾਂ ਅਤੇ ਕਥਿਤ ਕਾਰੋਬਾਰੀਆਂ ਦੇ ਨਿਰੰਤਰ ਜਾਰੀ ਰਹਿਣ ਵਾਲੇ ਗਠਜੋੜ ਦੇ ਬਾਰੇ ਵਿੱਚ ਦੱਸਦੇ ਹਨ। ਇਸ ਗਠਜੋੜ ਦੀ ਬਦੌਲਤ ਕਾਲਾ ਧਨ ਪੈਦਾ ਹੁੰਦਾ ਹੈ ਅਤੇ ਇਸ ਗਠਜੋੜ ‘ਤੇ ਕੋਈ ਹੱਥ ਨਹੀਂ ਪਾਉਂਦਾ, ਇਹ ਜਿਵੇਂ ਦਾ ਤਿਵੇਂ ਬਣਿਆ ਰਹਿੰਦਾ ਹੈ। ਪਿਛਲੇ ਕੁਝ ਹਫ਼ਤਿਆਂ ਦੌਰਾਨ ਕੁਝ ਅਜਿਹੇ ਲੋਕਾਂ ਦੇ ਸਹਾਰਾ ਨਾਲ ਸੰਪਰਕਾਂ ਦਾ ਪਤਾ ਲੱਗਿਆ ਹੈ ਜਿਨ੍ਹਾਂ ਨੂੰ ਅੱਜ ਅਰਥ-ਵਿਵਸਥਾ ਨੂੰ ਸਾਫ਼-ਸੁਥਰਾ ਕਰਨ ਵਾਲਿਆਂ ਦੇ ਰੂਪ ਵਿੱਚ ਪੇਸ਼ ਕੀਤਾ ਜਾ ਰਿਹਾ ਹੈ।
ਭਾਰਤ ਵਿਸ਼ਾਖਾਪਟਨਮ ਵਿੱਚ ਇੰਗਲੈਂਡ ਨਾਲ ਦੂਜਾ ਕ੍ਰਿਕਟ ਟੈਸਟ ਮੈਚ ਖੇਡ ਰਿਹਾ ਹੈ। ਕੋਈ ਵੀ ਮੈਚ ਦੇ ਨਤੀਜੇ ਦੀ ਭਵਿੱਖਵਾਣੀ ਨਹੀਂ ਕਰ ਸਕਦਾ। ਕ੍ਰਿਕਟ ਨੂੰ ਅਨਿਸ਼ਚਿਤਾਵਾਂ ਦਾ ਖੇਡ ਕਿਹਾ ਜਾਂਦਾ ਹੈ। ਅਸੀਂ ਰਾਜਕੋਟ ਵਿੱਚ ਪਹਿਲਾ ਟੈਸਟ ਵੀ ਜਿਵੇਂ ਤਿਵੇਂ ਬਚਾ ਸਕੇ ਕਿਉਂਕਿ ਇੰਗਲੈਂਡ ਦੇ ਸਪਿੱਨਰਾਂ ਦਾ ਖੇਡਣਾ ਸਾਡੇ ਬੱਲੇਬਾਜ਼ਾਂ ਲਈ ਆਸਾਨ ਨਹੀਂ ਸੀ, ਪਰ ਇੱਥੇ ਮਜ਼ੇ ਦੀ ਗੱਲ ਇਹ ਹੈ ਕਿ ਵਿਸ਼ਾਖਾਪਟਨਮ ਵਿੱਚ ਮੈਚ ਸ਼ੁਰੂ ਹੋਣ ਤੋਂ ਬਿਲਕੁਲ ਪਹਿਲਾਂ ਮੈਦਾਨ ‘ਤੇ ਪਿੱਚ ਦੇ ਕਰੀਬ ਇੱਕ ਪੂਜਾ ਕੀਤੀ ਜਾਂਦੀ ਹੈ। ਇਸ ਨੂੰ ਅਧਿਕਾਰਤ ਆਸ਼ੀਰਵਾਦ ਪ੍ਰਾਪਤ ਸੀ। ਸ਼ਾਇਦ ਇਸ ਕਾਰਨ ਦੇਵਤਾਵਾਂ ਨੂੰ ਆਪਣੇ ਪੱਖ ਵਿੱਚ ਕਰਨਾ ਰਿਹਾ ਹੋਵੇ।
ਹੋਰ ਸਾਡੇ ਖਿਡਾਰੀਆਂ ਦੀ ਤਰ੍ਹਾਂ ਕ੍ਰਿਕਟਰਾਂ ਨੂੰ ਵੀ ਕਿਉਂਕਿ ਪੇਸ਼ੇਵਰ ਸਮਾਨਤਾ ਵਾਲੇ ਸ਼ਾਂਤ ਸੁਭਾਅ ਵਾਲੇ ਲੋਕਾਂ ਦੇ ਰੂਪ ਵਿੱਚ ਜਾਣਿਆ ਜਾਂਦਾ ਹੈ, ਪਰ ਇਨ੍ਹਾਂ ਵਿਚੋਂ ਕੁਝ ਬੇਹੱਦ ਅੰਧਵਿਸ਼ਵਾਸੀ ਹੁੰਦੇ ਹਨ ਅਤੇ ਇਨ੍ਹਾਂ ਵਿਚੋਂ ਹਰ ਕਿਸੇ ਨੂੰ ‘ਕਿਸਮਤ ਵਾਲਾ’ ਹੋਣ ਦਾ ਆਕਰਸ਼ਣ ਹੁੰਦਾ ਹੈ। ਕਈ ਖਿਡਾਰੀ ਕ੍ਰਿਕਟ ਮੈਦਾਨ ‘ਤੇ ਧਾਰਮਿਕ ਪੱਟੀ ਬੰਨ੍ਹੇ ਹੋਏ ਹੁੰਦੇ ਹਨ।
ਮੰਨਿਆ ਕਿ ਦੂਜੇ ਖੇਡਾਂ ਦੀ ਤਰ੍ਹਾਂ ਸੰਜੋਗਵੱਸ ਕ੍ਰਿਕਟ ਮੈਚ ਦੇ ਨਤੀਜੇ ਵੱਡੀ ਭੂਮਿਕਾ ਨਿਭਾਉਂਦੇ ਹਨ, ਪਰ ਟੈਸਟ ਕ੍ਰਿਕਟ ਵਿੱਚ ਕੌਸ਼ਲ ਅਤੇ ਦਮ-ਖ਼ਮ ਦੀ ਪਰਖ ਹੁੰਦੀ ਹੈ। ਅੰਤਰਰਾਸ਼ਟਰੀ ਪੱਧਰ ‘ਤੇ ਖਿਡਾਰੀ ਦੀ ਮਨੋਦਸ਼ਾ ਤੇ ਨਿੱਜੀ ਵਚਨਬੱਧਤਾ ਨੂੰ ਪਰਖਣ ਦੇ ਨਾਲ ਨਾਲ ਅਗਵਾਈ ਦਾ ਮੁਕਾਬਲਾ ਵੀ ਹੁੰਦਾ ਹੈ। ਕ੍ਰਿਕਟ ਸਬੰਧਤ ਟੀਮਾਂ ਦੀ ਆਪਣੇ ਪੱਧਰ ‘ਤੇ ਆਪਣੇ ਦੇਵਤਿਆਂ ਦੇ ਆਸ਼ੀਰਵਾਦ ਲਈ ਪ੍ਰਾਰਥਨਾ ਕਰਨ ਦੀ ਸਮਰੱਥਾ ਦਾ ਟੈਸਟ ਨਹੀਂ ਹੈ। ਵਿਸ਼ਾਖਾਪਟਨਮ ਵਿੱਚ ਜੋ ਕੁਝ ਵੀ ਹੋਇਆ, ਉਹ ਸਾਨੂੰ ਇਸ ਗੱਲ ਦੀ ਇੱਕ ਵਾਰ ਫਿਰ ਯਾਦ ਦਿਵਾਉਂਦਾ ਹੈ ਕਿ ਇੱਕ ਸਮਾਜ ਦੇ ਰੂਪ ਵਿੱਚ ਅਸੀਂ ਕਿਸੇ ਹੱਦ ਤਕ ਰੂੜੀਵਾਦੀ ਵਿਚਾਰਾਂ ਅਤੇ ਨੁਸਖਿਆਂ ਦੀ ਤਰਫ਼ ਮੋਹਿਤ ਹੁੰਦੇ ਜਾ ਰਹੇ ਹਾਂ। ਇੱਕ ਤਰਫ਼ ਜਿੱਥੇ ਸਾਡਾ ਸਮਾਜ ਰੀਤੀ-ਰਿਵਾਜ਼ਾਂ ਵਿੱਚ ਆਧੁਨਿਕਤਾ ਲਿਆ ਰਿਹਾ ਹੈ, ਉੱਥੇ ਹੀ ਇਹ ਸਚਾਈ ਹੈ ਕਿ ਅਸੀਂ ਨਹਿਰੂਵਾਦੀ ਵਿਗਿਆਨਕ ਸੋਚ ਤੋਂ ਦੂਰ ਹੁੰਦੇ ਜਾ ਰਹੇ ਹਾਂ।
ਕੁਝ ਦਿਨ ਪਹਿਲਾਂ ਮੈਨੂੰ ਗੁਰੂਗ੍ਰਾਮ ਤੋਂ ਇੱਕ ਪਾਠਕ ਪਵਨ ਕੁਮਾਰ ਬਾਂਸਲ ਦਾ ਸੰਦੇਸ਼ ਮਿਲਿਆ। ਉਹ ਚਾਹੁੰਦੇ ਸਨ ਕਿ ਮੈਂ ਹਰਿਆਣਾ ਦੀ ਜੈਅੰਤੀ ਤਿਆਰੀ ਕਮੇਟੀ ਵਿੱਚ ਆਪਣੀ ਮੈਂਬਰਸ਼ਿਪ ‘ਤੇ ਪੁਨਰਵਿਚਾਰ ਕਰਾਂ। ਬਾਂਸਲ ਨੂੰ ਦੋ ਗੱਲਾਂ ‘ਤੇ ਇਤਰਾਜ਼ ਸੀ: ਪਹਿਲਾਂ ਇਹ ਕਿ ”ਮੁੱਖ ਮੰਤਰੀ ਦੀ ਪ੍ਰਧਾਨਗੀ ਵਾਲੀ ਕਮੇਟੀ ਦਾ ਮੈਂਬਰ ਬਣਨਾ ਮੁੱਖ ਸੰਪਾਦਕ ਦੇ ਪਦ ਦੀ ਸ਼ਾਨ ਦੇ ਅਨੁਕੂਲ ਨਹੀਂ ਹੈ।”
ਮੈਨੂੰ ਲਗਦਾ ਹੈ ਕਿ ਇਹ ਹਲਕਾ ਤਰਕ ਹੈ। ਰਾਜ ਦਾ ਮੁੱਖ ਮੰਤਰੀ ਅਤੇ ਦੇਸ਼ ਦਾ ਪ੍ਰਧਾਨ ਮੰਤਰੀ ਸੰਵਿਧਾਨਕ ਅਹੁਦਾ ਹੈ ਅਤੇ ਇਹ ਸਨਮਾਨ ਅਤੇ ਸ਼ਿਸ਼ਟਾਚਾਰ ਦੇ ਹੱਕਦਾਰ ਹਨ, ਪਰ ਉਨ੍ਹਾਂ ਨਾਲ ਕਿਸੇ ਕਮੇਟੀ ਵਿੱਚ ਸ਼ਾਮਲ ਹੋਣਾ ਅਤੇ ਮੰਚ ਸਾਂਝਾ ਕਰਨ ਦਾ ਮਤਲਬ ਉਨ੍ਹਾਂ ਦੀ ਰਾਜਨੀਤੀ ਅਤੇ ਨੀਤੀਆਂ ਦਾ ਸਮਰਥਨ ਕਰਨਾ ਨਹੀਂ ਹੁੰਦਾ। ਹਰਿਆਣਾ ਦੀ ਕਮੇਟੀ ਵਿੱਚ ਤਾਂ ਹਰ ਵਰਗ ਦੇ ਲੋਕ ਸ਼ਾਮਲ ਹਨ। ਇਸ ਵਿੱਚ ਕਿਸੇ ਤਰ੍ਹਾਂ ਦੇ ਵਿਸ਼ੇਸ਼ ਅਧਿਕਾਰ ਵਾਲੀ ਕੋਈ ਗੱਲ ਨਹੀਂ ਹੈ ਅਤੇ ਨਾ ਹੀ ਕਿਸੇ ਤਰ੍ਹਾਂ ਦਾ ਅਹਿਸਾਨ ਦਿੱਤਾ ਜਾਂਦਾ ਹੈ ਅਤੇ ਨਾ ਹੀ ਲਿਆ ਜਾਂਦਾ ਹੈ।
ਸ੍ਰੀ ਬਾਂਸਲ ਦਾ ਦੂਜਾ ਇਤਰਾਜ਼ ਪੰਜਾਬ ਹਰਿਆਣਾ ਵਿਚਕਾਰ ਨਦੀ ਜਲ ਬਟਵਾਰਾ, ਚੰਡੀਗੜ੍ਹ ਅਤੇ ਪੰਜਾਬ ਦੇ ਹਿੰਦੀ ਬੋਲਣ ਵਾਲੇ ਖੇਤਰਾਂ ਨੂੰ ਲੈ ਕੇ ਹਰਿਆਣਾ ਅਤੇ ਪੰਜਾਬ ਦੇ ਵਿਚਕਾਰ ਲੰਬੇ ਸਮੇਂ ਤੋਂ ਚੱਲ ਰਿਹਾ ਵਿਵਾਦ ਹੈ। ਸਾਲ ਭਰ ਚੱਲਣ ਵਾਲੇ ਸਮਾਗਮ ਦੌਰਾਨ ਰਾਜ ਦੇ ਨੇਤਾਵਾਂ ਵੱਲੋਂ ਅਜਿਹੇ ਮੁੱਦੇ ਚੁੱਕੇ ਜਾਂਦੇ ਰਹਿਣਗੇ।
ਸ਼ਾਇਦ ਉਨ੍ਹਾਂ ਨੂੰ ਲਗਦਾ ਹੈ ਕਿ ਇਸ ਕਮੇਟੀ ਵਿੱਚ ਮੁੱਖ ਸੰਪਾਦਕ ਦੀ ਸ਼ਮੂਲੀਅਤ ਵਿਸ਼ੇਸ਼ ਕਰਕੇ ਹਰਿਆਣਾ-ਪੰਜਾਬ ਦੇ ਵਿਵਾਦਾਂ ਦੇ ਸਬੰਧ ਵਿੱਚ ਟ੍ਰਿਬਿਊਨ ਦੀ ਨਿਡਰਤਾ ਅਤੇ ਨਿਰਪੱਖਤਾ ‘ਤੇ ਕੁਝ ਹੱਦ ਤਕ ਅਸਰ ਪਾ ਸਕਦੀ ਹੈ। ਮੈਂ ਸ੍ਰੀ ਬਾਂਸਲ ਨੂੰ ਇਹ ਭਰੋਸਾ ਦਿੰਦਾ ਹਾਂ ਕਿ ਉਨ੍ਹਾਂ ਨੂੰ ਅਜਿਹਾ ਕੋਈ ਸ਼ੱਕ ਨਹੀਂ ਕਰਨਾ ਚਾਹੀਦਾ ਤੇ ਨਾ ਹੀ ਕੋਈ ਚਿੰਤਾ ਕਰਨੀ ਚਾਹੀਦੀ ਹੈ। ਨੀਤੀ ਘਾੜਿਆਂ ਅਤੇ ਰਾਜਨੇਤਾਵਾਂ ਨਾਲ ਗੱਲ ਕਰਨਾ ਇੱਕ ਪੱਤਰਕਾਰ ਦੀ ਪੇਸ਼ੇਵਰ ਜ਼ਰੂਰਤ ਹੈ, ਪਰ ਅਜਿਹੀਆਂ ਮੁਲਾਕਾਤਾਂ ਨਾਲ ਕੋਈ ਮਿਲਾਵਟੀ ਨਤੀਜੇ ਨਹੀਂ ਨਿਕਲਣੇ ਚਾਹੀਦੇ ਅਤੇ ਨਾ ਹੀ ਨਿਕਲਦੇ ਹਨ।
ਕਿਸੇ ਦੀ ਕਿਵੇਂ ਦੀ ਸੋਚ ਹੋਵੇ ਮੈਂ ਤਾਂ ਕਾਲੀ ਕੌਫ਼ੀ ਦਾ ਆਦੀ ਹਾਂ। ਆਓ ਮਿਲਕੇ ਪੀਂਦੇ ਹਾਂ।
(‘ਪੰਜਾਬੀ ਟ੍ਰਿਬਿਊਨ’ ਤੋਂ ਧੰਨਵਾਦ ਸਹਿਤ)