ਨਿਊਯਾਰਕ ਵਿਚ ‘ਅਪ੍ਰੈਲ ਫੂਲ’ ‘ਤੇ ਲੋਕਾਂ ਨੇ ਟਰੰਪ ਦਾ ਮਖੌਟਾ ਪਾ ਕੇ ਕੱਢਿਆ ਜਲੂਸ

0
695

april-fool-parade
ਨਿਊਯਾਰਕ/ਬਿਊਰੋ ਨਿਊਜ਼ :
ਨਿਊਯਾਰਕ ਵਿਚ ‘ਅਪ੍ਰੈਲ ਫੂਲ’ ਵਾਲੇ ਦਿਨ ਦਰਜਨਾਂ ਲੋਕਾਂ ਨੇ ਅਮਰੀਕੀ ਰਾਸ਼ਟਰਪਤੀ ਡੋਨਾਲਡ ਟਰੰਪ ਦਾ ਮਖੌਟਾ ਪਹਿਨ ਕੇ ਜਲੂਸ ਕੱਢਿਆ। ਜਲੂਸ ਵਿਚ ਟਾਇਲਟ ਵਿਚ ਬੈਠੇ ਹੋਏ ਟਰੰਪ ਦੇ ਇੱਕ ਪੁਤਲੇ ਨੂੰ ਵੀ ਸ਼ਾਮਲ ਕੀਤਾ ਗਿਆ। ‘ਅਪ੍ਰੈਲ ਫੂਲ’ ਵਾਲੇ ਦਿਨ ਕੱਢੀ ਜਾਣ ਵਾਲੀ ਪਰੇਡ ਦਾ ਇਹ 32ਵਾਂ ਸਾਲ ਹੈ ਪਰ ਸਾਲ 2017 ਦੀ ਰੈਲੀ ਕੁਝ ਵੱਖਰੀ ਸੀ। ਜਲੂਸ ਦਾ ਪ੍ਰਬੰਧ ਕਰਨ ਵਾਲੀ 44 ਸਾਲਾ ਜੂਡੀ ਨੇ ਕਿਹਾ, ‘ਇਹ ਸਾਲ ਬਹੁਤ ਖ਼ਾਸ ਹੈ। ਅਸੀਂ ਬਿਨਾਂ ਕੁਝ ਕੀਤਿਆਂ ਇਸ ਨੂੰ ਜਾਣ ਨਹੀਂ ਦੇ ਸਕਦੇ ਅਤੇ ਇਸ ਲਈ ਅਸੀਂ ਇੱਥੇ ਹਾਂ।’ ਉਨ੍ਹਾਂ ਨੇ ਟਰੰਪ ਦੇ ਇੱਕ ਮਖੌਟੇ ਨਾਲ ਖੇਡਦਿਆਂ ਕਿਹਾ, ‘ਸਾਨੂੰ ਹਰ ਮੌਕੇ ਦਾ ਲਾਭ ਚੁੱਕਣ ਦੀ ਲੋੜ ਹੈ। ਸਾਨੂੰ ਵ੍ਹਾਈਟ ਹਾਊਸ ਦੇ ਮੂਰਖ ਦੇ ਬਾਰੇ ਵਿਚ ਆਪਣੀਆਂ ਭਾਵਨਾਵਾਂ ਨੂੰ ਦਿਖਾਉਣਾ ਪਵੇਗਾ।’ ਜਲੂਸ ਦੇ ਪ੍ਰਬੰਧਕ ਜੋਏ ਸਕੈਗਸ ਨੇ ਕਿਹਾ, ‘ਇਸ ਸਾਲ ਡੋਨਾਲਡ ਟਰੰਪ ਨੂੰ ਸਰਬ ਸੰਬਤੀ ਨਾਲ ਮੂਰਖਾਂ ਦਾ ਰਾਜਾ ਚੁਣਿਆ ਗਿਆ ਹੈ।’ ਜਲੂਸ ਵਿਚ ‘ਰੂਸ ਨੂੰ ਫਿਰ ਤੋਂ ਮਹਾਨ ਬਣਾਓ’ ਦੇ ਨਾਅਰੇ ਵੀ ਲੱਗੇ। ਦੱਸ ਦਈਏ ਕਿ ਨਿਊਯਾਰਕ ਦੇ ਫਿਫਥ ਅਵੈਨਿਊ ‘ਤੇ ਸੈਂਟਰਲ ਪਾਰਕ ਤੋਂ ਜਲੂਸ ਦੀ ਸ਼ੁਰੂਆਤ ਹੋਈ ਅਤੇ ਇਸ ਨੂੰ ਟਰੰਪ ਟਾਵਰ ਤੋਂ ਪਹਿਲਾਂ ਖ਼ਤਮ ਕਰ ਦਿੱਤਾ ਗਿਆ। ਟਰੰਪ ਟਾਵਰ ਵਿਚ ਰਾਸ਼ਟਰਪਤੀ ਦੀ ਪਤਨੀ ਮੇਲਾਨੀਆ ਆਪਣੇ ਪੁੱਤਰ ਬੈਰਨ ਦੇ ਨਾਲ ਅਜੇ ਵੀ ਰਹਿੰਦੀ ਹੈ।