ਸੂਸਾਨ ਦੇ ਅਮਰਜੀਤ ਸਿੰਘ ਵੱਲੋਂ ਹਥੌੜੇ ਨਾਲ ਨੂੰਹ ਦਾ ਕਤਲ

0
552

amarjeet-singh
ਸੂਸਾਨ/ਬਿਊਰੋ ਨਿਊਜ਼ :
ਕੈਲੀਫੋਰਨੀਆ ਦੇ ਸੂਸਾਨ ਸ਼ਹਿਰ ਵਿੱਚ ਘਰੇਲੂ ਕਲੇਸ਼ ਦੌਰਾਨ ਇਕ ਸਿੱਖ ਨੇ ਆਪਣੀ ਨੂੰਹ ਦੇ ਸਿਰ ਉਤੇ ਹਥੌੜੇ ਦੇ ਕਈ ਵਾਰ ਕਰ ਕੇ ਉਸ ਦੀ ਹੱਤਿਆ ਕਰ ਦਿੱਤੀ। ਪੁਲੀਸ ਨੇ ਮੁਲਜ਼ਮ ਨੂੰ ਗ੍ਰਿਫ਼ਤਾਰ ਕਰ ਲਿਆ ਹੈ।
‘ਲਾਸ ਏਂਜਲਸ ਟਾਈਮਜ਼’ ਨੇ ਸੂਸਾਨ ਸਿਟੀ ਪੁਲੀਸ ਦੇ ਹਵਾਲੇ ਨਾਲ ਲਿਖਿਆ ਕਿ ਅਮਰਜੀਤ ਸਿੰਘ (63) ਨੇ ਇਕਬਾਲ ਕੀਤਾ ਕਿ ਨੂੰਹ ਸ਼ਮੀਨਾ ਬੀਬੀ ਵੱਲੋਂ ਨਿਰਾਦਰ ਕਰਨ ਕਾਰਨ ਉਹ ਪ੍ਰੇਸ਼ਾਨ ਸੀ। ਇਹ ਹਮਲਾ ਇਸ ਹਫ਼ਤੇ ਦੇ ਸ਼ੁਰੂ ਵਿੱਚ ਹੋਇਆ ਅਤੇ ਅਮਰਜੀਤ ਸਿੰਘ ਨੇ ਪੁਲੀਸ ਨੂੰ ਦੱਸਿਆ ਕਿ ਸਾਨ ਫਰਾਂਸਿਸਕੋ ਬੇਅ ਦੇ ਪੂਰਬ ਵਿੱਚ ਸੋਲਾਨੋ ਕਾਊਂਟੀ ਸ਼ਹਿਰ ਦੇ ਘਰ ਦੇ ਗੈਰਾਜ ਵਿੱਚ ਦੋਵਾਂ ਵਿਚਾਲੇ ਸਾਈਕਲ ਬਾਰੇ ਝਗੜਾ ਹੋ ਗਿਆ।
ਪੁਲੀਸ ਨੇ ਕਿਹਾ ਕਿ ਅਮਰਜੀਤ ਸਿੰਘ ਨੇ ਹਥੌੜੇ ਨਾਲ ਆਪਣੀ 29 ਸਾਲਾ ਨੂੰਹ ਉਤੇ ਹਮਲਾ ਕਰ ਦਿੱਤਾ। ਪੁਲੀਸ ਨੂੰ ਮੰਗਲਵਾਰ ਨੂੰ ਸਵੇਰੇ 9:45 ਵਜੇ ਉਸ ਦੇ ਕਿਸੇ ਗੁਆਂਢੀ ਨੇ ਫੋਨ ਕੀਤਾ। ਜਦੋਂ ਪੁਲੀਸ ਮੌਕੇ ਉਤੇ ਪੁੱਜੀ ਤਾਂ ਗੈਰਾਜ ਵਿੱਚ ਸ਼ਮੀਨਾ ਬੀਬੀ ਪਈ ਸੀ, ਜਿਸ ਦੇ ਸਿਰ ਉਤੇ ਗੰਭੀਰ ਜ਼ਖ਼ਮ ਸਨ। ਉਸ ਨੂੰ ਮੌਕੇ ਉਤੇ ਹੀ ਮ੍ਰਿਤਕ ਐਲਾਨ ਦਿੱਤਾ ਗਿਆ। ਢਾਈ ਸਾਲਾ ਬੱਚੇ ਦੀ ਮਾਂ ਸ਼ਮੀਨਾ ਬੀਬੀ ਆਪਣੇ ਪਤੀ ਤੇ ਸੱਸ-ਸਹੁਰੇ ਨਾਲ ਰਹਿੰਦੀ ਸੀ। ਜਦੋਂ ਇਹ ਘਟਨਾ ਵਾਪਰੀ ਤਾਂ ਉਸ ਦੀ ਸੱਸ ਤੇ ਪੁੱਤਰ ਘਰ ਵਿੱਚ ਮੌਜੂਦ ਸਨ। ਰਿਪੋਰਟਾਂ ਮੁਤਾਬਕ ਅਮਰਜੀਤ ਸਿੰਘ ਨੇ ਪਰਿਵਾਰ ਵਿੱਚ ਸ਼ਮੀਨਾ ਬੀਬੀ ਨੂੰ ਪੂਰੀ ਤਰ੍ਹਾਂ ਸਵੀਕਾਰ ਨਹੀਂ ਸੀ ਕੀਤਾ। ਇਸੇ ਕਰਕੇ ਘਰ ਵਿੱਚ ਰੋਜ਼ ਕਲੇਸ਼ ਰਹਿੰਦਾ ਸੀ ਅਤੇ ਘਟਨਾ ਵਾਲੇ ਦਿਨ ਇਹ ਕਲੇਸ਼  ਵਧ ਗਿਆ।