ਨਾਸਾ ਦੇ ਵਿਗਿਆਨੀਆਂ ਨੇ ਧਰਤੀ ਦੇ ਆਕਾਰ ਦੇ ਸੱਤ ਗ੍ਰਹਿ ਲੱਭੇ

0
1051

7-new-solar
ਤਿੰਨ ਉਤੇ ਜੀਵਨ ਦੀ ਮਜ਼ਬੂਤ ਸੰਭਾਵਨਾ
ਹਿਊਸਟਨ/ਬਿਊਰੋ ਨਿਊਜ਼ :
‘ਦੂਜੀ ਧਰਤੀ’ ਦੀ ਖੋਜ ਦਾ ਮਾਮਲਾ ਹੁਣ ‘ਜੇ’ ਨਾਲੋਂ ਸਿਰਫ਼ ‘ਕਦੋਂ’ ਉਤੇ ਨਿਰਭਰ ਹੋ ਗਿਆ ਲਗਦਾ ਹੈ। ਖਗੋਲ ਵਿਗਿਆਨੀਆਂ ਨੇ ਧਰਤੀ ਤੋਂ 40 ਪ੍ਰਕਾਸ਼ ਵਰ੍ਹੇ ਦੂਰ ਸੱਤ ਗ੍ਰਹਿਆਂ ਦੇ ਨਵੇਂ ਸੌਰ ਮੰਡਲ ਦਾ ਪਤਾ ਲਾਇਆ ਹੈ, ਜਿਨ੍ਹਾਂ ਉਤੇ ਜੀਵਨ ਹੋਣ ਦੀ ਸੰਭਾਵਨਾ ਹੈ।
ਅਮਰੀਕੀ ਪੁਲਾੜ ਏਜੰਸੀ ਨਾਸਾ ਦੇ ‘ਸਪਿਟਜ਼ਰ ਸਪੇਸ ਟੈਲੀਸਕੋਪ’ ਨੇ ਇਕ ਤਾਰੇ ਦੁਆਲੇ ਸਥਿਤ ਧਰਤੀ ਦੇ ਆਕਾਰ ਦੇ ਸੱਤ ਗ੍ਰਹਿਆਂ ਦੇ ਨਵੇਂ ਮੰਡਲ ਦਾ ਪਤਾ ਲਾਇਆ ਹੈ। ਇਸ ਗ੍ਰਹਿ ਮੰਡਲ ਵਿੱਚ ਤਰਲ ਰੂਪ ਵਿੱਚ ਪਾਣੀ ਹੋ ਸਕਦਾ ਹੈ ਅਤੇ ਸੰਭਾਵਨਾ ਹੈ ਕਿ ਉਨ੍ਹਾਂ ਉਤੇ ਏਲੀਅਨ ਹੋਣ।
ਨਾਸਾ ਨੇ ਕਿਹਾ ਕਿ ਇਹ ਗ੍ਰਹਿ ਮੰਡਲ ਜਿਸ ਮੁੱਖ ਤਾਰੇ ਦੁਆਲੇ ਸਥਿਤ ਹੈ, ਉਸ ਪਹਾੜੀ ਗ੍ਰਹਿ ਉਤੇ ਤਰਲ ਰੂਪ ਵਿੱਚ ਪਾਣੀ ਹੋਣ ਦੀ ਕਾਫੀ ਸੰਭਾਵਨਾ ਹੈ। ਸਾਡੇ ਸੌਰ ਮੰਡਲ ਤੋਂ ਬਾਹਰ ਇਕ ਤਾਰੇ ਦੁਆਲੇ ਜੀਵਨ ਅਨੁਕੂਲ ਗ੍ਰਹਿਆਂ ਦੀ ਇਹ ਹੁਣ ਤੱਕ ਦੀ ਸਭ ਤੋਂ ਵੱਡੀ ਖੋਜ ਹੈ। ਇਨ੍ਹਾਂ ਸਾਰੇ ਸੱਤ ਗ੍ਰਹਿਆਂ ਉਤੇ ਤਰਲ ਰੂਪ ਵਿੱਚ ਪਾਣੀ ਤੇ ਅਨੁਕੂਲ ਮੌਸਮੀ ਹਾਲਾਤ ਹੋ ਸਕਦੇ ਹਨ, ਜੋ ਜੀਵਨ ਦਾ ਆਧਾਰ ਹਨ ਪਰ ਤਿੰਨ ਗ੍ਰਹਿਆਂ ਉਤੇ ਤਾਂ ਜੀਵਨ ਸੰਭਵ ਹੋਣ ਦੀ ਸਭ ਤੋਂ ਵੱਧ ਸੰਭਾਵਨਾ ਹੈ।
ਵਾਸ਼ਿੰਗਟਨ ਵਿੱਚ ਨਾਸਾ ਦੇ ਸਾਇੰਸ ਮਿਸ਼ਨ ਡਾਇਰੈਕਟੋਰੇਟ ਦੇ ਐਸੋਸੀਏਟ ਐਡਮਨਿਸਟਰੇਟਰ ਥੌਮਸ ਜ਼ੁਰਬੁਚੇਨ ਨੇ ਕਿਹਾ ਕਿ ਇਸ ਖੋਜ ਨਾਲ ਜੀਵਨ ਅਨੁਕੂਲ ਥਾਵਾਂ ਲੱਭਣ ਵਾਲੀ ਬੁਝਾਰਤ ਹੱਲ ਹੋਣ ਵਿੱਚ ਮਦਦ ਮਿਲ ਸਕਦੀ ਹੈ। ਉਨ੍ਹਾਂ ਕਿਹਾ ਕਿ ‘ਕੀ ਅਸੀਂ ਇਕੱਲੇ ਹਾਂ’ ਸਵਾਲ ਦਾ ਹੱਲ ਵਿਗਿਆਨ ਲਈ ਸਭ ਤੋਂ ਵੱਡੀ ਤਰਜੀਹ ਹੈ ਅਤੇ ਜੀਵਨ ਮੁਆਫ਼ਕ ਕਈ ਗ੍ਰਹਿ ਲੱਭਣੇ ਟੀਚੇ ਦੀ ਪ੍ਰਾਪਤੀ ਦੀ ਦਿਸ਼ਾ ਵਿੱਚ ਵੱਡਾ ਕਦਮ ਹੈ।
‘ਅਕਵੇਰੀਅਸ ਮੰਡਲ’ ਵਿੱਚ ਸਥਿਤ ਇਹ ਗ੍ਰਹਿ ਮੰਡਲ ਧਰਤ ਤੋਂ 40 ਪ੍ਰਕਾਸ਼ ਵਰ੍ਹੇ ਜਾਂ 2350 ਖ਼ਰਬ ਮੀਲ ਦੂਰ ਹੈ, ਜੋ ਮੁਕਾਬਲਤਨ ਸਾਡੇ ਸਭ ਤੋਂ ਨੇੜੇ ਹੈ। ਇਹ ਗ੍ਰਹਿ ਸਾਡੇ ਸੌਰ ਮੰਡਲ ਤੋਂ ਬਾਹਰ ਸਥਿਤ ਹਨ, ਇਸ ਲਈ ਵਿਗਿਆਨ ਵਿੱਚ ਇਨ੍ਹਾਂ ਨੂੰ ਬਾਹਰੀ ਗ੍ਰਹਿਆਂ ਵਜੋਂ ਜਾਣਿਆ ਜਾਂਦਾ ਹੈ। ਇਸ ਬਾਹਰੀ ਗ੍ਰਹਿ ਮੰਡਲ ਦਾ ਨਾਂ ਚਿਲੀ ਦੇ ‘ਦਿ ਟਰਾਂਜ਼ਿਟਿੰਗ ਪਲੈਨੈਟਸ ਐਂਡ ਪਲੈਨੇਟੇਸੀਮਲਜ਼ ਸਮਾਲ ਟੈਲੀਸਕੋਪ’ ਦੇ ਨਾਮ ਉਤੇ ‘ਟਰੈਪਿਸਟ-1’ ਰੱਖਿਆ ਗਿਆ ਹੈ।
ਸਿਰਫ਼ ਇਕ ਪਾਸਾ ਹੋ ਸਕਦੈ ਸੂਰਜ ਸਾਹਮਣੇ :
ਵਿਗਿਆਨੀਆਂ ਨੇ ਪਾਇਆ ਕਿ ਇਸ ਨਵੇਂ ਗ੍ਰਹਿ ਮੰਡਲ ਦਾ ਚੰਨ ਵਾਂਗ ਸਿਰਫ਼ ਇਕ ਪਾਸਾ ਹੀ ਸੂਰਜ ਸਾਹਮਣੇ ਹੋਣ ਦੀ ਸੰਭਾਵਨਾ ਹੈ। ਖਗੋਲ ਵਿਗਿਆਨੀਆਂ ਅਨੁਸਾਰ ‘ਟਰੈਪਿਸਟ-1’ ਗ੍ਰਹਿ ਮੰਡਲ ਦੇ ਸਾਰੇ ਸੱਤ ਗ੍ਰਹਿ ਸਾਡੇ ਸੌਰ ਮੰਡਲ ਵਿੱਚ ਸੂਰਜ ਦੇ ਸਭ ਤੋਂ ਨੇੜਲੇ ਬੁੱਧ ਗ੍ਰਹਿ ਮੁਕਾਬਲੇ ਆਪਣੇ ਮੁੱਖ ਗ੍ਰਹਿ ਦੇ ਜ਼ਿਆਦਾ ਨੇੜੇ ਹਨ। ਇਹ ਗ੍ਰਹਿ ਆਪਸ ਵਿੱਚ ਵੀ ਇਕ ਦੂਜੇ ਦੇ ਜ਼ਿਆਦਾ ਕਰੀਬ ਹਨ।