ਜ਼ਿਮੀਂਦਾਰ ਦੇ ਮੁੰਡਿਆਂ ਨੇ ਦਲਿਤ ਨੌਜਵਾਨ ਦੀ ਕੁੱਟਮਾਰ ਕਰਕੇ ਪਿੰਡ ‘ਚ ਨਿਰਵਸਤਰ ਘੁੰਮਾਇਆ

0
728

dalit-nojawan
ਤਰਨ ਤਾਰਨ/ਬਿਊਰੋ ਨਿਊਜ਼ :
ਪਿੰਡ ਪੱਖੋਕੇ ਵਿੱਚ ਜ਼ਿਮੀਂਦਾਰ ਪਰਿਵਾਰਾਂ ਦੇ ਹਥਿਆਰਾਂ ਨਾਲ ਲੈਸ ਕਈ ਮੁੰਡਿਆਂ ਨੇ ਪਿੰਡ ਦੇ ਹੀ ਦਲਿਤ ਲੜਕੇ ‘ਤੇ ਤਸ਼ੱਦਦ ਕਰਨ ਮਗਰੋਂ ਉਸ ਨੂੰ ਨੰਗਾ ਕਰ ਕੇ ਪਿੰਡ ਵਿੱਚ ਘੁੰਮਾਇਆ। ਇਸ ਸਬੰਧੀ ਸਦਰ ਪੁਲੀਸ ਨੇ ਕੇਸ ਦਰਜ ਕਰ ਲਿਆ ਹੈ।
ਪੀੜਤ ਲੜਕੇ ਦੀ ਸ਼ਨਾਖਤ ਅੰਮ੍ਰਿਤਪਾਲ ਸਿੰਘ ਅੰਮ੍ਰਿਤ ਵਜੋਂ ਹੋਈ। ਉਸ ਦੀ ਪਿੰਡ ਦੇ ਬੱਸ ਅੱਡੇ ‘ਤੇ ਸਾਈਕਲਾਂ ਨੂੰ ਪੈਂਚਰ ਲਾਉਣ ਦੀ ਦੁਕਾਨ ਹੈ। ਉਸ ਨੂੰ ਸਿਵਲ ਹਸਪਤਾਲ ਵਿੱਚ ਦਾਖ਼ਲ ਕਰਾਇਆ ਗਿਆ ਹੈ, ਜਿੱਥੇ ਉਸ ਦੀ ਹਾਲਤ ਗੰਭੀਰ ਬਣੀ ਹੋਈ ਹੈ। ਮੁਲਜ਼ਮਾਂ ਵਿੱਚੋਂ ਗੁਰਮੀਤ ਸਿੰਘ, ਉਸ ਦੇ ਲੜਕੇ ਰਾਜਾ ਅਤੇ ਸ਼ੇਰਾ ਦੀ ਸ਼ਨਾਖਤ ਕਰ ਲਈ ਗਈ ਹੈ, ਜਦੋਂ ਕਿ 20 ਦੇ ਕਰੀਬ ਹੋਰ ਮੁਲਜ਼ਮਾਂ ਦੀ ਸ਼ਨਾਖ਼ਤ ਲਈ ਯਤਨ ਜਾਰੀ ਹਨ। ਅੰਮ੍ਰਿਤਪਾਲ ਨੇ ਪੁਲੀਸ ਨੂੰ ਦੱਸਿਆ ਕਿ ਉਹ ਸ਼ਾਮ ਵੇਲੇ ਆਪਣੀ ਦੁਕਾਨ ਉਤੇ ਬੈਠਾ ਸੀ ਕਿ ਮੁਲਜ਼ਮ ਸਫ਼ਾਰੀ ਗੱਡੀ ਅਤੇ ਦੋ ਜੀਪਾਂ ਵਿੱਚ ਆਏ ਅਤੇ ਉਸ ‘ਤੇ ਹਮਲਾ ਕਰ ਕੇ ਜਾਤੀ ਸੂਚਕ ਸ਼ਬਦਾਵਲੀ ਦੀ ਵਰਤੋਂ ਕੀਤੀ। ਅੰਮ੍ਰਿਤ ਨੇ ਨੇੜੇ ਨਹਿਰ ਵਿੱਚ ਛਾਲ ਮਾਰ ਕੇ ਆਪਣੀ ਜਾਨ ਬਚਾਉਣ ਦੀ ਕੋਸ਼ਿਸ਼ ਕੀਤੀ। ਮੁਲਜ਼ਮਾਂ ਨੇ ਉਸ ‘ਤੇ ਗੋਲੀਆਂ ਚਲਾ ਦਿੱਤੀਆਂ। ਇਸ ਮਗਰੋਂ ਹਮਲਾਵਰਾਂ ਨੇ ਉਸ ਨੂੰ ਨਹਿਰ ਵਿੱਚੋਂ ਕੱਢ ਕੇ ਕੱਪੜੇ ਉਤਾਰ ਕੇ ਪਿੰਡ ਵਿੱਚ ਭਜਾਇਆ। ਇਹ ਘਟਨਾ ਦੀਵਾਲੀ ਦੀ ਰਾਤ ਛਿੜੇ ਵਿਵਾਦ ਕਾਰਨ ਵਾਪਰੀ, ਜਦੋਂ ਦੋਵੇਂ ਧਿਰਾਂ ਦਰਮਿਆਨ ਆਤਿਸ਼ਬਾਜ਼ੀ ਚਲਾਉਣ ਤੋਂ ਤਕਰਾਰ ਹੋਇਆ ਸੀ। ਇਸ ਮਾਮਲੇ ਵਿੱਚ ਜ਼ਿਮੀਂਦਾਰਾਂ ਦੇ ਮੁੰਡਿਆਂ ਨੇ ਅੰਮ੍ਰਿਤ ਨੂੰ ਮਿਹਣਾ ਮਾਰਿਆ ਸੀ ਕਿ ਉਹ ਉਨ੍ਹਾਂ ਦੀ ਬਰਾਬਰੀ ਨਹੀਂ ਕਰ ਸਕਦੇ। ਇਸ ਤਕਰਾਰ ਕਾਰਨ ਜ਼ਿਮੀਂਦਾਰਾਂ ਦੇ ਮੁੰਡਿਆਂ ਨੇ ਅੰਮ੍ਰਿਤ ‘ਤੇ ਹਮਲਾ ਕੀਤਾ। ਹਸਪਤਾਲ ਵਿੱਚ ਦਾਖ਼ਲ ਅੰਮ੍ਰਿਤ ਕੋਲ ਬੈਠੀ ਉਸ ਦੀ ਮਾਤਾ ਰਾਜ ਕੌਰ ਨੇ ਦੱਸਿਆ ਕਿ ਪੁਲੀਸ ਨੇ ਕੇਸ ਵਿੱਚ ਲੜਕੇ ਨੂੰ ਨੰਗਾ ਕਰ ਕੇ ਭਜਾਉਣ ਦੀ ਘਟਨਾ ਦਾ ਜ਼ਿਕਰ ਨਹੀਂ ਕੀਤਾ।