ਯੂਪੀ ‘ਚ ਯੋਗੀ ਦੇ ਆਉਂਦਿਆਂ ਹੀ ਬੁੱਚੜਖਾਨਿਆਂ ਦੀ ਦਿੱਤੀ ਜਾਵੇਗੀ ‘ਬਲੀ’

0
585

mandir-usari
ਲਖਨਊ/ਬਿਊਰੋ ਨਿਊਜ਼ :
ਉੱਤਰ ਪ੍ਰਦੇਸ਼ ਦੇ ਮੁੱਖ ਮੰਤਰੀ ਯੋਗੀ ਅਦਿੱਤਿਆਨਾਥ ਨੇ ਪੁਲੀਸ ਅਧਿਕਾਰੀਆਂ ਨੂੰ ਰਾਜ ਭਰ ਦੇ ਬੁੱਚੜਖਾਨੇ ਬੰਦ ਕਰਨ ਲਈ ਐਕਸ਼ਨ ਪਲਾਨ ਤਿਆਰ ਕਰਨ ਦਾ ਹੁਕਮ ਦਿੱਤਾ। ਇਸ ਤੋਂ ਫੌਰੀ ਬਾਅਦ ਲਖਨਊ ਮਿਉਂਸਿਪਲ ਕਾਰਪੋਰੇਸ਼ਨ ਨੇ ਕਾਰਵਾਈ ਕਰਦਿਆਂ ਸੂਬਾਈ ਰਾਜਧਾਨੀ ਵਿਚਲੀਆਂ ਮੀਟ ਦੀਆਂ ਨੌਂ ਦੁਕਾਨਾਂ ਸੀਲ ਕਰ ਦਿੱਤੀਆਂ।
ਸ੍ਰੀ ਅਦਿੱਤਿਆਨਾਥ ਨੇ ਅਧਿਕਾਰੀਆਂ ਨੂੰ ਗਾਂਵਾਂ ਦੀ ਸਮਗਲਿੰਗ ਉਤੇ ਮੁਕੰਮਲ ਪਾਬੰਦੀ ਯਕੀਨੀ ਬਣਾਉਣ ਲਈ ਵੀ ਕਿਹਾ। ਉਨ੍ਹਾਂ ਕਿਹਾ ਕਿ ਇਸ ਨੂੰ ਕਤਈ ਬਰਦਾਸ਼ਤ ਨਹੀਂ ਕੀਤਾ ਜਾਵੇਗਾ। ਹਾਲਾਂਕਿ ਸੂਤਰਾਂ ਨੇ ਇਹ ਨਹੀਂ ਦੱਸਿਆ ਕਿ ਕਿਸ ਕਿਸਮ ਦੇ ਬੁੱਚੜਖਾਨੇ ਬੰਦ ਹੋਣਗੇ। ਭਾਜਪਾ ਦੇ ਚੋਣ ਮਨੋਰਥ ਪੱਤਰ ਵਿੱਚ ਕਿਹਾ ਗਿਆ ਸੀ ਕਿ ਸਾਰੇ ਗ਼ੈਰਕਾਨੂੰਨੀ ਬੁੱਚੜਖਾਨੇ ਬੰਦ ਹੋਣਗੇ ਅਤੇ ਸਾਰੇ ਮਸ਼ੀਨੀਕਰਨ ਵਾਲੇ ਬੁੱਚੜਖਾਨਿਆਂ ਉਤੇ ਪੂਰੀ ਤਰ੍ਹਾਂ ਪਾਬੰਦੀ ਹੋਵੇਗੀ।
ਰਾਜ ਭਰ ਵਿੱਚ ਪੁਲੀਸ ਤੇ ਮਿਉਂਸਿਪਲ ਅਥਾਰਟੀਆਂ ਨੇ ਗ਼ੈਰਕਾਨੂੰਨੀ ਬੁੱਚੜਖਾਨਿਆਂ ਉਤੇ ਕਾਰਵਾਈ ਪਹਿਲਾਂ ਹੀ ਸ਼ੁਰੂ ਕਰ ਦਿੱਤੀ ਹੈ। ਲਖਨਊ ਮਿਉਂਸਿਪਲ ਕਾਰਪੋਰੇਸ਼ਨ (ਐਲਐਮਸੀ) ਨੇ ਮਹਾਨਗਰ ਤੇ ਅਲੀਗੰਜ ਵਿੱਚ ਮੀਟ ਦੀਆਂ ਨੌਂ ਦੁਕਾਨਾਂ ਸੀਲ ਕਰ ਦਿੱਤੀਆਂ। ਐਲਐਮਸੀ ਦੇ ਅਨੁਮਾਨ ਅਨੁਸਾਰ ਨਵਾਬਾਂ ਦੇ ਇਸ ਸ਼ਹਿਰ ਵਿੱਚ 200 ਤੋਂ 250 ਮੀਟ ਦੀਆਂ ਦੁਕਾਨਾਂ ਗ਼ੈਰਕਾਨੂੰਨੀ ਤਰੀਕੇ ਨਾਲ ਚੱਲ ਰਹੀਆਂ ਹਨ।
ਇਸ ਦੌਰਾਨ ਉੱਤਰ ਪ੍ਰਦੇਸ਼ ਦੇ ਹਾਥਰਸ ਵਿੱਚ ਅਣਪਛਾਤੇ ਵਿਅਕਤੀਆਂ ਨੇ ਮੀਟ ਤੇ ਮੱਛੀ ਦੀ ਵਿਕਰੀ ਕਰਨ ਵਾਲੀਆਂ ਤਿੰਨ ਦੁਕਾਨਾਂ ਨੂੰ ਅੱਗ ਲਾ ਦਿੱਤੀ। ਪੁਲੀਸ ਮੁਤਾਬਕ ਇਹ ਘਟਨਾ ਮਾਨਿਆਵਰ ਕਾਂਸ਼ੀਰਾਮ ਕਲੋਨੀ ਵਿੱਚ ਵਾਪਰੀ। ਇਸ ਤੋਂ ਪਹਿਲਾਂ ਮੁੱਖ ਮੰਤਰੀ ਯੋਗੀ ਅਦਿੱਤਿਆਨਾਥ ਨੇ ਇੱਥੇ ਸਕੱਤਰੇਤ ਇਮਾਰਤ ਦੇ ਦੌਰੇ ਦੌਰਾਨ ਕੰਧਾਂ ਉਤੇ ਥੁੱਕਿਆ ਪਾਨ ਦੇਖਣ ਮਗਰੋਂ ਕਰਮਚਾਰੀਆਂ ਨੂੰ ਦਫ਼ਤਰ ਵਿੱਚ ਪਾਨ ਮਸਾਲਾ ਤੇ ਪਾਨ ਨਾ ਚਬਾਉਣ ਦਾ ਆਦੇਸ਼ ਦਿੱਤਾ।
‘ਐਂਟੀ ਰੋਮੀਓ ਸਕੁਐਡਾਂ’ ਨੇ ਮਾਰੇ ਛਾਪੇ
ਨਵੇਂ ਮੁੱਖ ਮੰਤਰੀ ਦੇ ਹੁਕਮਾਂ ਉਤੇ ਪੂਰੇ ਉੱਤਰ ਪ੍ਰਦੇਸ਼ ਵਿੱਚ ਪੁਲੀਸ ਦੇ ‘ਐਂਟੀ ਰੋਮੀਓ ਸਕੁਐਡਾਂ’ ਨੇ ਛਾਪੇ ਮਾਰੇ। ਗੋਰਖਪੁਰ ਤੋਂ ਮੇਰਠ ਤੱਕ ਕੀਤੀ ਇਸ ਕਾਰਵਾਈ ਦੌਰਾਨ ਇਨ੍ਹਾਂ ਵਿਸ਼ੇਸ਼ ਸਕੁਐਡਾਂ ਨੇ ਮਾਰਕੀਟਾਂ, ਮਾਲਾਂ, ਸਕੂਲਾਂ, ਕਾਲਜਾਂ, ਕੋਚਿੰਗ ਸੈਂਟਰਾਂ, ਪਾਰਕਾਂ ਤੇ ਹੋਰ ਭੀੜ-ਭੜੱਕੇ ਵਾਲੀਆਂ ਥਾਵਾਂ ‘ਤੇ ਪਹੁੰਚ ਕੀਤੀ, ਜਿਸ ਦੌਰਾਨ ਔਰਤਾਂ ਨਾਲ ਛੇੜਛਾੜ ਕਰਨ ਵਾਲਿਆਂ ਨੂੰ ਹਿਰਾਸਤ ਵਿੱਚ ਲਿਆ ਗਿਆ।