ਇਲੈਕਟ੍ਰਾਨਿਕ ਮੀਡੀਆ ਦੀ ਭਰੋਸੇਯੋਗਤਾ ‘ਤੇ ਸਵਾਲ

0
956

broadcastmediatech
ਦੁਨੀਆ ਭਰ ਵਿੱਚ ਮੀਡੀਆ ਨੇ ਆਪਣੀ ਭਰੋਸੇਯੋਗਤਾ ਗੁਆ ਲਈ ਹੈ। ਸਾਰਾ ਅਮਰੀਕੀ ਮੀਡੀਆ ਹਿਲੇਰੀ ਕਲਿੰਟਨ ਦੀ ਜਿੱਤ ਦਿਖਾ ਰਿਹਾ ਸੀ, ਪਰ ਅਮਰੀਕੀ ਲੋਕਾਂ ਨੇ ਡੋਨਲਡ ਟਰੰਪ ਨੂੰ ਆਪਣਾ ਬਾਦਸ਼ਾਹ ਚੁਣ ਲਿਆ। ਦਿੱਲੀ ਦੀਆਂ ਵਿਧਾਨ ਸਭਾ ਚੋਣਾਂ ਵਿੱਚ ਮੀਡੀਆ ਆਮ ਆਦਮੀ ਪਾਰਟੀ ਦਾ ਕੋਈ ਨੋਟਿਸ ਨਹੀਂ ਲੈ ਰਿਹਾ ਸੀ, ਪਰ ਉਸ ਨੇ ਦੋਹਾਂ ਸਥਾਪਤ ਪਾਰਟੀਆਂ ਦਾ ਤਖਤਾ ਪਲਟ ਕਰ ਦਿੱਤਾ। ਇਸ ਲਈ ਮੀਡੀਆ ਦੀਆਂ ਓਪੀਨੀਅਨ ਪੋਲ, ਐਗਜ਼ਿਟ ਪੋਲ, ਖ਼ਬਰਾਂ, ਬਹਿਸਾਂ ਸਭ ਇੱਕ ਪਾਸੜੀ, ਝੂਠੀਆਂ ਸਾਬਤ ਹੋ ਰਹੀਆਂ ਹਨ।

ਪ੍ਰੋ. ਰਾਜਿੰਦਰ ਪਾਲ ਸਿੰਘ ਬਰਾੜ
(ਮੋਬਾਈਲ : 98150-50617)

ਇਲੈਕਟ੍ਰਾਨਿਕ ਮੀਡੀਆ ਦੇ ਆਉਣ ਨਾਲ ਸੰਚਾਰ ਵਿੱਚ ਕ੍ਰਾਂਤੀ ਆ ਗਈ। ਲੋਕਾਂ ਨੇ ਇਸ ਨੂੰ ਸ਼ੁਰੂਆਤ ਵਿੱਚ ਬਹੁਤ ਅਹਿਮੀਅਤ ਦਿੱਤੀ, ਪਰ ਸਮੇਂ ਨਾਲ ਇਹ ਆਪਣੀ ਦਿਸ਼ਾ ਤੋਂ ਭਟਕ ਗਿਆ ਹੈ। ਟੈਲੀਵਿਜ਼ਨ ਨੇ ਬੋਲ, ਦ੍ਰਿਸ਼ ਅਤੇ ਲਿਖਤ ਤਿੰਨਾਂ ਦਾ ਮੇਲ ਕਰਵਾ ਦਿੱਤਾ। ਸਭ ਕੁਝ ਅੱਖਾਂ ਦੇ ਸਾਹਮਣੇ, ਪਰ ਇਹ ਅੱਖਾਂ ਤੁਹਾਡੀਆਂ ਨਹੀਂ ਕੈਮਰੇ ਦੀਆਂ ਹਨ ਅਤੇ ਉਸ ਕੈਮਰੇ ਨੂੰ ਚਲਾਉਣ ਵਾਲੀ ਪੱਤਰਕਾਰ ਦੀ ਅੱਖ ਹੈ ਅਤੇ ਉਹ ਅੱਖ ਕਿਸੇ ਤਨਖਾਹਦਾਰ ਸਰੀਰ ‘ਤੇ ਲੱਗੀ ਹੋਈ ਹੈ। ਤਨਖਾਹਦਾਰ ਸਰੀਰ ਚੈਨਲ ਮਾਲਕ ਦਾ ਗ਼ੁਲਾਮ ਹੁੰਦਾ ਹੈ। ਚੈਨਲ ਮਾਲਕ ਦਾ ਕੰਮ ਸੂਚਨਾ ਦੇਣਾ ਨਹੀਂ ਸੂਚਨਾ ਵੇਚਣਾ ਹੈ। ਉਹ ਸੱਚ ਦਾ ਢੰਡੋਰਚੀ ਨਹੀਂ, ਸੂਚਨਾ ਦਾ ਵਪਾਰੀ ਹੈ। ਸੱਚ ਦੀ ਸੂਚਨਾ ਦਾ ਪ੍ਰਸਾਰਨ, ਝੂਠਿਆਂ ਤੇ ਅਪਰਾਧੀਆਂ ਲਈ ਖਤਰੇ ਦੀ ਘੰਟੀ ਹੈ। ਇਸ ਲਈ ਧਨ ਕੁਬੇਰਾਂ, ਰਾਜ ਸੱਤਾ ‘ਤੇ ਕਾਬਜ਼ ਅਪਰਾਧੀਆਂ ਅਤੇ ਅਨਿਆਂਸ਼ੀਲ ਅਫ਼ਸਰਸ਼ਾਹੀ ਲਈ ਜ਼ਰੂਰੀ ਹੈ ਕਿ ਸੂਚਨਾ ਰੋਕੀ ਜਾਵੇ, ਪਰ ਲੋਕ ਤਾਂ ਸੂਚਨਾ ਮੰਗਦੇ ਹਨ। ਇਸ ਲਈ ਵੱਡਾ ਧੰਦਾ, ਝੂਠੀ ਸੂਚਨਾ ਘੜਨਾ ਅਤੇ ਪ੍ਰਸਾਰਨ ਹੋ ਗਿਆ। ਇੱਥੋਂ ਹੀ ਮੀਡੀਆ ਬੇਇਮਾਨ ਬਣਦਾ ਹੈ। ਮੀਡੀਆ ਕਰਮੀ ਜਾਂ ਪੱਤਰਕਾਰ ਬੇਇਮਾਨ ਨਹੀਂ ਹਨ, ਮਾਲਕ ਬੇਇਮਾਨ ਹਨ।
ਦੁਨੀਆ ਭਰ ਵਿੱਚ ਮੀਡੀਆ ਨੇ ਆਪਣੀ ਭਰੋਸੇਯੋਗਤਾ ਗੁਆ ਲਈ ਹੈ। ਸਾਰਾ ਅਮਰੀਕੀ ਮੀਡੀਆ ਹਿਲੇਰੀ ਕਲਿੰਟਨ ਦੀ ਜਿੱਤ ਦਿਖਾ ਰਿਹਾ ਸੀ, ਪਰ ਅਮਰੀਕੀ ਲੋਕਾਂ ਨੇ ਡੋਨਲਡ ਟਰੰਪ ਨੂੰ ਆਪਣਾ ਬਾਦਸ਼ਾਹ ਚੁਣ ਲਿਆ। ਦਿੱਲੀ ਦੀਆਂ ਵਿਧਾਨ ਸਭਾ ਚੋਣਾਂ ਵਿੱਚ ਮੀਡੀਆ ਆਮ ਆਦਮੀ ਪਾਰਟੀ ਦਾ ਕੋਈ ਨੋਟਿਸ ਨਹੀਂ ਲੈ ਰਿਹਾ ਸੀ, ਪਰ ਉਸ ਨੇ ਦੋਹਾਂ ਸਥਾਪਤ ਪਾਰਟੀਆਂ ਦਾ ਤਖਤਾ ਪਲਟ ਕਰ ਦਿੱਤਾ। ਇਸ ਲਈ ਮੀਡੀਆ ਦੀਆਂ ਓਪੀਨੀਅਨ ਪੋਲ, ਐਗਜ਼ਿਟ ਪੋਲ, ਖ਼ਬਰਾਂ, ਬਹਿਸਾਂ ਸਭ ਇੱਕ ਪਾਸੜੀ, ਝੂਠੀਆਂ ਸਾਬਤ ਹੋ ਰਹੀਆਂ ਹਨ। ਨਵ ਉਦਾਰਵਾਦ ਤੋਂ ਪਹਿਲਾਂ ਜਦੋਂ ਰੇਡੀਓ ਟੈਲੀਵਿਜ਼ਨ ਸਰਕਾਰੀ ਕੰਟਰੋਲ ਵਿੱਚ ਸੀ, ਉਸ ਸਮੇਂ ਉਦਾਰਵਾਦ ਦੇ ਸਮਰਥਕ ਬੁੱਧੀਜੀਵੀ ਆਖਦੇ ਸਨ ਕਿ ਪ੍ਰਧਾਨ ਮੰਤਰੀ ਦਾ ਬਿਆਨ ਮੁੱਖ ਖ਼ਬਰ ਨਹੀਂ ਹੁੰਦਾ, ਪਰ ਅੱਜ ਪ੍ਰਧਾਨ ਮੰਤਰੀ ਦੇ ਸਾਰੇ ਭਾਸ਼ਣ ਨਾ ਕੇਵਲ ਸਾਰੇ ਸਰਕਾਰੀ ਰੇਡੀਓ ਟੈਲੀਵਿਜ਼ਨ ਹੀ ਦਿਖਾ ਰਹੇ ਹੁੰਦੇ ਹਨ, ਸਗੋਂ ਸਾਰੇ ਪ੍ਰਾਈਵੇਟ ਚੈਨਲ ਵੀ ਇਸੇ ਧੰਦੇ ਵਿਚੋਂ ਰੋਟੀਆਂ ਕਮਾ ਰਹੇ ਹੁੰਦੇ ਹਨ। ਹੁਣ ਅਸਲ ਸੱਚ ਦੀ ਭਾਲ ਵਿੱਚ ਸੂਚਨਾ ਅਭਿਲਾਸ਼ੀ ਕਿੱਥੇ ਜਾਵੇ?
ਟੈਲੀਵਿਜ਼ਨ ਪੱਤਰਕਾਰੀ ਦੀ ਭਰੋਸੇਯੋਗਤਾ ਘਟਣ ‘ਤੇ ਲੋਕਾਂ ਨੇ ਸੋਸ਼ਲ ਮੀਡੀਆ ਦਾ ਸਹਾਰਾ ਲੈਣਾ ਸ਼ੁਰੂ ਕਰ ਦਿੱਤਾ ਹੈ। ਲੋਕ ਮੰਨੇ ਪ੍ਰਮੰਨੇ ਚੈਨਲਾਂ ਦੀ ਥਾਵੇਂ ਵਾਟਸਐਪ ‘ਤੇ ਆਈ ਵੀਡੀਓ ਨੂੰ ਵੱਧ ਮਹੱਤਤਾ ਦੇ ਰਹੇ ਹਨ।
ਟੈਲੀਵੀਜ਼ਨ ਹਰ ਪੱਧਰ ‘ਤੇ ਭਰੋਸੇਯੋਗਤਾ ਗੁਆ ਬੈਠਾ ਹੈ। ਇਹ ਘੱਟ ਜ਼ਰੂਰੀ ਘਟਨਾਵਾਂ ਨੂੰ ਖ਼ਬਰਾਂ ਹੀ ਨਹੀਂ ਬਣਾ ਰਿਹਾ ਸਗੋਂ ਉਸ ਨੂੰ ਜ਼ਿਆਦਾ ਸਮਾਂ ਵੀ ਦੇ ਰਿਹਾ ਹੈ। ਇਹ ਉਲਟ ਮਹੱਤਵਪੂਰਨ ਘਟਨਾਵਾਂ ਨੂੰ ਨਜ਼ਰਅੰਦਾਜ਼ ਵੀ ਕਰ ਰਿਹਾ ਹੈ ਅਤੇ ਜੇ ਅਜਿਹੀਆਂ ਘਟਨਾਵਾਂ ਜੋ ਸੱਤਾਧਾਰੀਆਂ, ਧਨ ਕੁਬੇਰਾਂ ਅਤੇ ਚੈਨਲ ਮਾਲਕਾਂ ਨੂੰ ਪਸੰਦ ਨਹੀਂ, ਉਸ ਦੀ ਸੂਚਨਾ ਦੇਣੀ ਵੀ ਪੈ ਜਾਵੇ ਤਾਂ ਉਹ ਮਾਲਕਾਂ ਦੇ ਨਜ਼ਰੀਏ ਤੋਂ ਦਿਖਾਈ ਜਾਂਦੀ ਹੈ। ਘਟਨਾ ਸਥਾਨ ‘ਤੇ ਰਿਪੋਰਟਿੰਗ ਕਰਨ ਸਮੇਂ ਆਮ ਵਿਅਕਤੀ ਨਾਲ ਗੱਲਬਾਤ ਦਾ ਢੌਂਗ ਕਰਨਾ ਇੱਕ ਜੁਗਤ ਹੈ, ਜਿਸ ਨਾਲ ਸੱਚ ਨੂੰ ਝੂਠ ਅਤੇ ਚਿੱਟੇ ਨੂੰ ਕਾਲਾ ਦਿਖਾਇਆ ਜਾਂਦਾ ਹੈ। ਤਥਾਕਥਿਤ ਗਰਾਊਂਡ ਜ਼ੀਰੋ ਤੋਂ ਰਿਪੋਰਟਿੰਗ ਕਰ ਰਹੇ ਪੱਤਰਕਾਰ ਦੇ ਪੁੱਛੇ ਜਾਣ ਵਾਲੇ ਪ੍ਰਸ਼ਨਾਂ ਦੀ ਭਾਸ਼ਾ ਅਤੇ ਟੋਨ ਵਿੱਚ ਹੀ ਇੱਛਤ ਉੱਤਰ ਪਏ ਹੁੰਦੇ ਹਨ। ਨਿਰਪੱਖਤਾ ਦਿਖਾਉਣ ਲਈ ਮਾਲਕਾਂ ਦੇ ਇਸ਼ਾਰਾ ਸਮਝਣ ਵਾਲੇ ਤੇਜ਼ਤਰਾਰ ਸਮਝਦਾਰ ਪੱਤਰਕਾਰ ਪੀੜਤ ਧਿਰ ਦਾ ਸਭ ਤੋਂ ਮਾੜਾ ਬੁਲਾਰਾ ਚੁਣਦੇ ਹਨ ਅਤੇ ਹਾਕਮ ਧਿਰ ਦਾ ਸਭ ਤੋਂ ਯੋਗ ਸੰਚਾਰ ਮਾਹਰ ਨੂੰ ਚੁਣਿਆ ਜਾਂਦਾ ਹੈ ਅਤੇ ਕਈ ਵਾਰ ਤਾਂ ਪ੍ਰਸ਼ਨ ਵੀ ਪਹਿਲਾਂ ਹੀ ਫਿਕਸ ਹੁੰਦੇ ਹਨ। ਬਹੁਤੇ ਚੈਨਲਾਂ ਦੇ ਐਂਕਰ ਸੱਤਾਧਾਰੀਆਂ ਵੱਲੋਂ ਧਿਰ ਬਣ ਕੇ ਲੜਦੇ ਹਨ। ਹਾਕਮ ਧਿਰ ਦੇ ਗਠਜੋੜ ਦੀਆਂ ਸਾਰੀਆਂ ਧਿਰਾਂ ਦੇ ਨਾਲੋਂ ਨਾਲ ਤਥਾਕਥਿਤ ਨਿਰਪੱਖ ਬੁੱਧੀਜੀਵੀ ਦੇ ਲੁਬਾਦੇ ਹੇਠ ਹਾਕਮ ਪੱਖੀ ਬੁੱਧੀਜੀਵੀ ਵੀ ਸੱਦ ਲਿਆ ਜਾਂਦਾ ਹੈ। ਉੱਪਰੋਂ ਸਿਤਮ ਇਹ ਕੀਤਾ ਜਾਂਦਾ ਹੈ ਕਿ ਅਸਲ ਵਿਰੋਧੀਆਂ ਦੀ ਥਾਂ ‘ਤੇ ਦਰਸ਼ਕਾਂ ਦੇ ਅੱਖੀਂ ਘੱਟਾ ਪਾਉਣ ਲਈ ਨਕਲੀ ਵਿਰੋਧੀ ਖੜ੍ਹੇ ਕਰ ਲਏ ਜਾਂਦੇ ਹਨ। ਸਭ ਜਾਣਦੇ ਹਨ ਕਿ ਇਸ ਸਮੇਂ ਪੰਜਾਬ ਦੀਆਂ ਵਿਧਾਨ ਸਭਾ ਚੋਣਾਂ ਵਿੱਚ ਅਕਾਲੀ, ਕਾਂਗਰਸ ਅਤੇ ਆਮ ਆਦਮੀ ਪਾਰਟੀ ਵਿੱਚ ਤਿਕੋਣੀ ਟੱਕਰ ਹੋਈ ਹੈ। ਬਹੁਤੇ ਪੰਜਾਬੀ ਟੀ.ਵੀ. ਚੈਨਲ ਬਹਿਸ ਵਿੱਚ ਆਮ ਆਦਮੀ ਪਾਰਟੀ ਦੀ ਥਾਂ ‘ਆਮ ਆਦਮੀ ਪਾਰਟੀ’ ਤੋਂ ਟੁੱਟ ਕੇ ਬਣੀ ਛੋਟੀ ਜਿਹੀ ਪਾਰਟੀ ਨੂੰ ਉਭਾਰ ਰਹੇ ਸਨ। ਇਹ ਵਿਚਾਰਨ ਦਾ ਮੁੱਦਾ ਹੈ। ਕੀ ‘ਆਪਣਾ ਪੰਜਾਬ ਪਾਰਟੀ’ ਪੰਜਾਬ ਅੰਦਰ ਵੱਡੀ ਧਿਰ ਹੈ? ਜਾਂ ਇਹ ਸਿਰਫ਼ ਮੀਡੀਆ ਦੀ ਸਿਰਜਣਾ ਹੈ?
ਕਿਸੇ ਪਾਰਟੀ ਦਾ ਤਾਂ ਮੈਨੀਫੈਸਟੋ ਵੀ ਖ਼ਬਰ ਵਾਂਗ ਪੜ੍ਹਿਆ ਜਾਂਦਾ ਹੈ ਅਤੇ ਕਿਸੇ ਦੀ ਖ਼ਬਰ ਨੂੰ ਵੀ ਅਫ਼ਵਾਹ ਵਾਂਗ ਸੁਣਾਇਆ ਜਾਂਦਾ ਹੈ। ਕਦੇ ਅਫ਼ਵਾਹ ਨੂੰ ਖ਼ਬਰ ਬਣਾ ਕੇ ਪੇਸ਼ ਕਰ ਦਿੱਤਾ ਜਾਂਦਾ ਹੈ। ਕਿਸੇ ਦੀ ਛੋਟੀ ਜਿਹੀ ਗ਼ਲਤੀ ਨੂੰ ਵੀ ਅਪਰਾਧ ਬਣਾ ਕੇ ਮੀਡੀਆ ਟਰਾਇਲ ਚਲਾਇਆ ਜਾ ਰਿਹਾ ਹੈ ਅਤੇ ਕਿਸੇ ਘਿਨਾਉਣੇ ਅਪਰਾਧੀ ਵਿਰੁੱਧ ਵੀ ਮਾਮਲਾ ਕੋਰਟ ਅਧੀਨ ਕਹਿ ਕੇ ਪੱਲਾ ਝਾੜ ਲਿਆ ਜਾਂਦਾ ਹੈ। ਟੈਲੀਵਿਜ਼ਨ ਨੇ ਪਿਛਲੇ ਦਹਾਕੇ ਵਿੱਚ ਆਪਣੀ ਪਹੁੰਚ ਅਤੇ ਪ੍ਰਭਾਵ ਸਮਰੱਥਾ ਤਾਂ ਬਹੁਤ ਵਧਾ ਲਈ ਹੈ, ਪਰ ਆਪਣੀ ਪ੍ਰਮਾਣਿਕਤਾ ਤੇ ਭਰੋਸੇਯੋਗਤਾ ਗੁਆ ਲਈ ਹੈ। ਇਸੇ ਸਮੇਂ ਸੋਸ਼ਲ ਮੀਡੀਆ ਖਾਸ ਕਰਕੇ ਵਾਟਸਐਪ ਅਤੇ ਫੇਸਬੁੱਕ ਨੇ ਤੇਜ਼ੀ ਨਾਲ ਆਪਣੀ ਪ੍ਰਭਾਵ ਸਮਰੱਥਾ ਵਧਾਈ ਹੈ। ਸੋਸ਼ਲ ਮੀਡੀਆ ਉੱਪਰ ਪ੍ਰਾਪਤ ਸਮੱਗਰੀ ਦੀ ਪ੍ਰਮਾਣਿਕਤਾ ਭਾਵੇਂ ਸ਼ੱਕੀ ਹੋਵੇ, ਪਰ ਇਸ ਦੀ ਭਰੋਸੇਯੋਗਤਾ ਬਹੁਤ ਹੈ।