ਅਕਾਲੀਆਂ ਦੇ ਵਿਹੜੇ ‘ਬਾਅਦਬ’ ਕੁੰਡੀਆਂ ਨਾਲ ਰੌਸ਼ਨ

0
1036

bijli-chori
ਪਾਵਰਕਾਮ ਨੇ ਪੁੱਟੇ ਹੋਏ ਹਨ ਇਨ੍ਹਾਂ ਆਗੂਆਂ ਦੇ ਬਿਜਲੀ ਮੀਟਰ
ਮੰਡੀ ਕਿੱਲਿਆਂਵਾਲੀ/ਬਿਊਰੋ ਨਿਊਜ਼ :
ਪਾਵਰਕਾਮ ਦੇ ਡਿਫਾਲਟਰਾਂ ਵਿਚ ਸ਼ੁਮਾਰ ਅਕਾਲੀ ਆਗੂਆਂ ਦੇ ਵਿਹੜਿਆਂ ਵਿਚ ਪਾਵਰਕਾਮ ਦੀ ਬੱਤੀ ‘ਬਾਅਦਬ’ ਕੁੰਡੀ ਨਾਲ ਰੌਸ਼ਨ ਹੈ। ਬਿਜਲੀ ਬਿੱਲ ਨਾ ਭਰੇ ਜਾਣ ਕਰਕੇ ਪਾਵਰਕਾਮ ਨੇ ਲੰਬੀ ਸਬ-ਡਿਵੀਜ਼ਨ ਵਿਚ ਕਈ ਸੱਤਾਪੱਖੀ ਆਗੂਆਂ ਦੇ ਘਰਾਂ ਵਿਚ ਮੀਟਰ ਪੁੱਟੇ ਹੋਏ ਹਨ। ਮੀਟਰ ਪੁੱਟਣ ਮਗਰੋਂ ਪਾਵਰਕਾਮ ਅਮਲਾ ਅੱਜ ਤੱਕ ਉਨ੍ਹਾਂ ‘ਤੇ ਕਾਰਵਾਈ ਕਰਨ ਦਾ ਹੌਸਲਾ ਨਹੀਂ ਕਰ ਸਕਿਆ। ਅੱਜ-ਕੱਲ੍ਹ ਪਾਵਰਕਾਮ ਨੇ 50-50 ਹਜ਼ਾਰ ਰੁਪਏ ਤੋਂ ਵੱਧ ਦੇ ਬਿੱਲ ਡਿਫਾਲਟਰਾਂ ਦੇ ਮੀਟਰ ਪੁੱਟਣ ਦੀ ਮੁਹਿੰਮ ਵਿੱਢੀ ਹੋਈ ਹੈ, ਜਿਸ ਤਹਿਤ ਹਲਕੇ ਵਿਚ ਪਾਵਰਕਾਮ ਦੀਆਂ ਤਿੰਨੇ ਸਬ-ਡਿਵੀਜ਼ਨਾਂ ਵਿਚ ਬਾਦਲ, ਲੰਬੀ ਤੇ ਡੱਬਵਾਲੀ ਵਿਚ ਵੱਡੇ ਡਿਫਾਲਟਰਾਂ ਦੇ ਕੁਨੈਕਸ਼ਨ ਝਟਕਾਏ ਜਾ ਰਹੇ ਹਨ। ਪਾਵਰਕਾਮ ਸੂਤਰਾਂ ਅਨੁਸਾਰ ਮੀਟਰ ਰਹਿਤ ਆਗੂਆਂ ਦੇ ਘਰਾਂ ਵਿਚ ਮੀਟਰ ਪੁੱਟਣ ਮਗਰੋਂ ਬੱਤੀ ਕੁੰਡੀ ਸਹਾਰੇ ਲਗਾਤਾਰ ਜਗ ਰਹੀ ਹੈ, ਪਰ ਵਿਭਾਗ ਨੇ ਕਦੇ ਕਾਰਵਾਈ ਦੀ ਜ਼ਰੂਰਤ ਨਹੀਂ ਸਮਝੀ। ਸਿਆਸੀ ਦਬਾਅ ਤਹਿਤ ਬਿਜਲੀ ਮੀਟਰ ਪੁੱਟੇ ਘਰਾਂ ਵਿਚ ਕੁੰਡੀ ਨਾਲ ਰੌਸ਼ਨ ਹੁੰਦੀ ਬਿਜਲੀ ਬਾਰੇ ਪਾਵਰਕਾਮ ਅਮਲੇ ਨੇ ਚੁੱਪੀ ਵੱਟੀ ਹੋਈ ਹੈ। ਕਈ ਮੀਟਰਾਂ ਨੂੰ ਪੁੱਟੇ ਤਾਂ ਤਿੰਨ-ਤਿੰਨ ਸਾਲ ਹੋ ਚੁੱਕੇ ਹਨ। ਨਿਯਮਾਂ ਅਨੁਸਾਰ ਬਿਜਲੀ ਬਿੱਲ ਨਾ ਭਰਨ ਵਾਲੇ ਖਪਤਕਾਰ ‘ਤੇ ਮੀਟਰ ਪੁੱਟਣ ਉਪਰੰਤ ਅਦਾਇਗੀ ਲਈ ਅਦਾਲਤੀ ਕੇਸ ਪਾਇਆ ਜਾਂਦਾ ਹੈ। ਸੂਤਰਾਂ ਦਾ ਕਹਿਣਾ ਹੈ ਕਿ ਪਾਵਰਕਾਮ ਦੀ ਚੁੱਪੀ ਕਰਕੇ ਬਿਜਲੀ ਮੀਟਰ ਰਹਿਤ ਘਰਾਂ ਵਿਚ ਕੁੰਡੀ ਨਾਲ ਹਰ ਮਹੀਨੇ ਲੱਖਾਂ ਰੁਪਏ ਦੀ ਬਿਜਲੀ ਚੋਰੀ ਹੋ ਰਹੀ ਹੈ। ਪਾਵਰਕਾਮ ਦੇ ਲੰਬੀ ਸਬ-ਡਿਵੀਜਨ ਵਿਚ ਕਈ ਅਕਾਲੀ ਆਗੂ ਅਜਿਹੇ ਵੀ ਹਨ, ਜਿਨ੍ਹਾਂ ਸਿਰ ਬਿਜਲੀ ਬਿੱਲਾਂ ਦਾ ਬਕਾਇਆ ਲੱਖਾਂ ਵਿਚ ਹੈ। ਪਿੰਡ ਮਹਿਣਾ ਦੇ ਨੌਜਵਾਨ ਅਕਾਲੀ ਆਗੂ ਜਿੰਮੀ ਮਹਿਣਾ ਦਾ ਮੀਟਰ ਬਿੱਲ 1,30,988 ਰੁਪਏ ਨਾ ਭਰੇ ਹੋਣ ਕਾਰਨ ਤਿੰਨ ਸਾਲਾਂ ਤੋਂ ਪੁੱਟਿਆ ਹੋਇਆ ਹੈ। ਉਸ ਦੇ ਮੀਟਰ ਦਾ ਲੋਡ 8 ਕਿਲੋਵਾਟ ਹੈ।
ਇਸੇ ਤਰ੍ਹਾਂ ਅਕਾਲੀ ਆਗੂ ਤੇ ਸਰਪੰਚ ਸਤਵਿੰਦਰ ਸਿੰਘ ਭਾਗੂ ਦੇ ਘਰ ਦਾ ਬਿੱਲ 89,410 ਰੁਪਏ ਨਾ ਭਰਨ ਕਰਕੇ ਤਿੰਨ ਸਾਲਾਂ ਤੋਂ ਮੀਟਰ ਪਾਵਰਕਾਮ ਦੇ ਕਬਜ਼ੇ ਵਿਚ ਹੈ। ਪਿੰਡ ਮਹਿਣਾ ਦੇ ਇਕ ਹੋਰ ਨੌਜਵਾਨ ਅਕਾਲੀ ਆਗੂ ਅਮਨ ਕੁਲਾਰ ਦਾ ਬਿਜਲੀ ਮੀਟਰ ਵੀ ਤਿੰਨ ਸਾਲ ਤੋਂ ਡੇਢ ਲੱਖ ਰੁਪਏ ਨਾ ਭਰੇ ਹੋਣ ਕਰਕੇ ਪੁੱਟਿਆ ਹੋਇਆ ਹੈ। ਕੰਦੂਖੇੜਾ ਵਿਚ ਬਲਿਹਾਰ ਸਿੰਘ ਸੈਕਟਰੀ ਦੇ 3 ਕਿਲੋਵਾਟ ਲੋਡ ਵਾਲੇ ਬਿਜਲੀ ਮੀਟਰ ਦੇ 1,87,059 ਬਕਾਏ ਹੋਣ ਕਰਕੇ ਮੀਟਰ ਪੁੱਟਿਆ ਹੋਇਆ ਹੈ। ਅਕਾਲੀ ਆਗੂ ਹਰਮੰਦਰ ਸਿੰਘ ਬੀਦੋਵਾਲੀ ਵੱਲ 1,94,581 ਰੁਪਏ ਬਕਾਇਆ ਹੋਣ ਕਰਕੇ 3 ਸਾਲ ਤੋਂ ਮੀਟਰ ਪੁੱਟਿਆ ਹੋਇਆ ਹੈ। ਇਸ ਦੇ ਇਲਾਵਾ ਪਾਵਰਕਾਮ ਬਿੱਲਾਂ ਦੇ ਡਿਫਾਲਟਰਾਂ ਵਿਚ ਅਕਾਲੀ ਦਲ ਹਲਕਾ ਲੰਬੀ ਦੇ ਮਰਹੂਮ ਪ੍ਰਧਾਨ ਇਕਬਾਲ ਸਿੰਘ ਤਰਮਾਲਾ ਦਾ ਪਰਿਵਾਰ ਵੀ ਸ਼ਾਮਲ ਹੈ, ਜਿਨ੍ਹਾਂ ਵੱਲ 4.67 ਲੱਖ ਰੁਪਏ ਬਕਾਇਆ ਹੈ। ਉਨ੍ਹਾਂ ਦੇ ਪਿਤਾ ਬਲਵੀਰ ਸਿੰਘ ਪੁੱਤਰ ਜੈਮਲ ਸਿੰਘ ਦੇ ਨਾਂਅ ਵਾਲੇ ਬਿਜਲੀ ਮੀਟਰ ਨੂੰ ਪੁੱਟਣ ਲਈ ਪਾਵਰਕਾਮ ਅਮਲੇ ਨੇ ਕਈ ਵਾਰ ਦਸਤਕ ਦਿੱਤੀ, ਪਰ ਹਰ ਵਾਪਸ ਸਿਆਸੀ ਦਬੱਕੇ ਕਰਕੇ ਟੀਮ ਬੈਰੰਗ ਪਰਤਣ ਲਈ ਮਜਬੂਰ ਹੋਈ। ਭੀਟੀਵਾਲਾ ਦੇ ਅਕਾਲੀ ਆਗੂ ਜਗਤਾਰ ਸਿੰਘ ਤੇ ਉਸ ਦੇ ਭਰਾ ਜਗਸੀਰ ਸਿੰਘ ਦੇ 24,423 ਤੇ 36,004 ਰੁਪਏ ਪਾਵਰਕਾਮ ਵੱਲ ਬਕਾਇਆ ਹਨ। ਪਿੰਡ ਖੁੱਡੀਆਂ ਦੇ ਸਾਬਕਾ ਸਰਪੰਚ ਪੁੱਤਰ ਤੇ ਸੀਨੀਅਰ ਅਕਾਲੀ ਆਗੂ ਜਗਮੀਤ ਸਿੰਘ ਖੁੱਡੀਆਂ ਵੱਲ 60749 ਰੁਪਏ ਬਕਾਇਆ ਹਨ। ਪਿੰਡ ਸ਼ਾਮਖੇੜਾ ਵਿਚ ਮਹਿਮਾ ਸਿੰਘ ਵੱਲ 2,56,270 ਬਕਾਇਆ ਹੋਣ ਕਰਕੇ ਕੁਨੈਕਸ਼ਨ ਕੱਟ ਦਿੱਤਾ ਗਿਆ। ਪੰਜਾਬ ਮੰਡੀ ਬੋਰਡ ਦੇ ਮੀਤ ਚੇਅਰਮੈਨ ਪੱਪੀ ਤਰਮਾਲਾ ਵੱਲ 1.02 ਲੱਖ ਰੁਪਏ ਬਕਾਇਆ ਸੀ, ਪਰ ਉਹ ਸਖ਼ਤੀ ਦੇ ਮੱਦੇਨਜ਼ਰ 55 ਹਜ਼ਾਰ ਰੁਪਏ ਦੀ ਕਿਸ਼ਤ ਜਮ੍ਹਾ ਕਰਵਾ ਗਏ। ਢਾਣੀ ਤੇਲਿਆਂਵਾਲੀ ਦੇ ਸਾਬਕਾ ਅਕਾਲੀ ਸਰਪੰਚ ਪਿੱਪਲ ਸਿੰਘ ਪੁੱਤਰ ਬਲਕਾਰ ਸਿੰਘ ‘ਤੇ 77 ਹਜ਼ਾਰ ਰੁਪਏ ਬਿਜਲੀ ਬਿੱਲ ਬਕਾਇਆ ਹੈ। ਸੱਤਾ ਤਬਦੀਲੀ ਦੇ ਆਸਾਰ ਹੋਣ ਕਰਕੇ ਬਿਜਲੀ ਮੀਟਰਾਂ ਤੋਂ ਬਿਨਾਂ ਬਿਜਲੀ ਸੁੱਖ ਲੈ ਰਹੇ ਅਕਾਲੀ ਆਗੂਆਂ ਨੂੰ ਵਿਭਾਗੀ ਸਖ਼ਤੀ ਕਰਕੇ ਭਾਜੜ ਪਈ ਹੋਈ ਹੈ। ਇਸ ਸਬੰਧੀ ਪਾਵਰਕਾਮ ਡਿਵੀਜ਼ਨ ਬਾਦਲ ਦੇ ਸੀਨੀਅਰ ਕਾਰਜਕਾਰੀ ਇੰਜਨੀਅਰ ਹਰੀਸ਼ ਗੋਠਵਾਲ ਨੇ ਕਿਹਾ ਕਿ ਬਿਜਲੀ ਬਿੱਲ ਨਾ ਭਰੇ ਜਾਣ ਕਰਕੇ ਕਈ ਅਕਾਲੀ ਲੀਡਰਾਂ ਦੇ ਮੀਟਰ ਪੁੱਟ ਹੋਏ ਹਨ। ਲੰਬੇ ਸਮੇਂ ਬਿਜਲੀ ਮੀਟਰ ਵਾਲੇ ਪੁੱਟੇ ਘਰਾਂ ਵਿਚ ਕੁੰਡੀ ਨਾਲ ਬਿਜਲੀ ਰੌਸ਼ਨ ਹੋਣ ਬਾਰੇ ਪੁੱਛਣ ‘ਤੇ ਆਖਿਆ ਕਿ ਹੁਣ ਅਸੀਂ ਰਿਕਵਰੀ ਲਈ ਕੇਸ ਵੀ ਕਰਾਂਗੇ ਤੇ ਕੁੰਡੀਆਂ ਸਬੰਧੀ ਛਾਪੇਮਾਰੀ ਕਰਕੇ ਨਵੇਂ ਸਿਰਿਓਂ ਬਿਜਲੀ ਚੋਰੀ ਦੇ ਕੇਸ ਵੀ ਬਣਾਵਾਂਗੇ।

ਮਹਿਣਾ ਨੇ ਧਾਰੀ ਚੁੱਪ :
ਅਕਾਲੀ ਆਗੂ ਜਿੰਮੀ ਮਹਿਣਾ ਨੇ ਕਿਹਾ ਕਿ ਪਾਵਰਕਾਮ ਨੇ ਕਿਹਾ ਕਿ ਪਾਵਰਕਾਮ ਨੇ ਗ਼ਲਤ ਬਿੱਲ ਭੇਜਿਆ ਸੀ ਤੇ ਬਿੱਲ ਨਾ ਭਰਨ ਕਰਕੇ ਮੀਟਰ ਪੁੱਟ ਲਿਆ ਸੀ। ਗ਼ਲਤ ਬਿੱਲ ਬਾਰੇ ਉਨ੍ਹਾਂ ਸ਼ਿਕਾਇਤ ਕੀਤੀ ਹੋਈ ਹੈ। ਜਦੋਂ ਉਸ ਨੂੰ ਘਰ ਵਿਚ ਬਿਜਲੀ ਦੇ ਬਦਲਵੇਂ ਪ੍ਰਬੰਧਾਂ ਬਾਰੇ ਪੁੱਛਿਆ ਤਾਂ ਉਨ੍ਹਾਂ ਕੋਈ ਜਵਾਬ ਨਹੀਂ ਦਿੱਤਾ।

ਬਾਦਲ ਦੇ ਨੇੜਲੇ ਜਥੇਦਾਰ ਦਿਆਲ ਸਿੰਘ ਕੋਲਿਆਂਵਾਲੀ ਦੀ ਬਿਜਲੀ ਕੱਟੀ
ਕੋਲਿਆਂਵਾਲੀ ਸਿਰ 23 ਲੱਖ ਰੁਪਏ ਦੀ ਦੇਣਦਾਰੀ
ਮਲੋਟ/ਬਿਊਰੋ ਨਿਊਜ਼ :
ਬਦਲੇ ਸਿਆਸੀ ਸਮੀਕਰਨਾਂ ਕਾਰਨ ਪ੍ਰਸ਼ਾਸਨ ‘ਤੇ ਪਕੜ ਢਿੱਲੀ ਹੋਣ ਤੋਂ ਬਾਅਦ ਪੰਜਾਬ ਸਟੇਟ ਪਾਵਰਕਾਮ ਕਾਰਪੋਰੇਸ਼ਨ ਵੱਲੋਂ ਡਿਫਾਲਟਰ ਖਪਤਕਾਰਾਂ ਤੋਂ ਬਿਜਲੀ ਦੇ ਬਿੱਲ ਉਗਰਾਹੁਣ ਲਈ ਚਲਾਈ ਗਈ ਮੁਹਿੰਮ ਤਹਿਤ ਖਪਤਕਾਰਾਂ ‘ਤੇ ਕੱਸੇ ਗਏ ਸ਼ਿਕੰਜੇ ਕਾਰਨ ਕਈਆਂ ਦੀ ਬੱਤੀ ਗੁੱਲ ਹੋ ਰਹੀ ਹੈ। ਹਲਕੇ ਵਿਚ ਚਰਚਿਤ ਆਗੂਆਂ ਦੇ ਘਰਾਂ ਦੀਆਂ ਬੱਤੀਆਂ ਗੁੱਲ ਹੋ ਰਹੀਆਂ ਹਨ, ਜਿਨ੍ਹਾਂ ਵਿਚ ਪੰਜਾਬ ਐਗਰੋ ਫੂਡ ਗਰੇਨ ਕਾਰਪੋਰੇਸ਼ਨ ਦੇ ਚੇਅਰਮੈਨ, ਸ਼੍ਰੋਮਣੀ ਅਕਾਲੀ ਦਲ ਦੇ ਜ਼ਿਲ੍ਹਾ ਪ੍ਰਧਾਨ ਤੇ ਸ਼੍ਰੋਮਣੀ ਕਮੇਟੀ ਮੈਂਬਰ ਜਥੇਦਾਰ ਦਿਆਲ ਸਿੰਘ ਕੋਲਿਆਂਵਾਲੀ ਦੇ ਲੜਕੇ ਪਰਮਿੰਦਰ ਸਿੰਘ ਕੋਲਿਆਂਵਾਲੀ, ਜੋ ਯੂਥ ਅਕਾਲੀ ਦਲ ਦੇ ਸੀਨੀਅਰ ਆਗੂ ਹਨ, ਵੀ ਅਜਿਹੇ ਲੋਕਾਂ ਵਿਚ ਸ਼ਾਮਿਲ ਸਨ ਜਿਹੜੇ ਪਾਵਰਕਾਮ ਦੇ ਡਿਫਾਲਟਰ ਸਨ। ਪਾਵਰਕਾਮ ਦੀ ਸਬ-ਡਿਵੀਜ਼ਨ ਅਬੁੱਲ ਖੁਰਾਣਾ ਦੇ ਐਸ.ਡੀ.ਓ ਅਮਨਦੀਪ ਸਿੰਘ ਨੇ ਜਾਣਕਾਰੀ ਦਿੰਦਿਆਂ ਦੱਸਿਆ ਕਿ ਉਨ੍ਹਾਂ ਅਧੀਨ ਜ਼ੋਨ ਅਬੁੱਲ ਖੁਰਾਣਾ ਵਿਚ ਡਿਫਾਲਟਰ ਖਪਤਕਾਰਾਂ ਵੱਲ ਪਾਵਰਕਾਮ ਦਾ ਕਰੀਬ 5 ਕਰੋੜ ਰੁਪਏ ਬਕਾਇਆ ਹੈ, ਜਿਸ ਵਿਚ ਆਮ ਖਪਤਕਾਰ, ਵਾਟਰ ਸਪਲਾਈ ਤੇ ਡਰੇਨਜ਼ ਵਿਭਾਗ ਸ਼ਾਮਲ ਹਨ। ਇਕੱਲੇ ਡਰੇਨਜ਼ ਵਿਭਾਗ ਵੱਲ ਕਰੀਬ 2 ਕਰੋੜ ਰੁਪਏ ਦੀ ਰਕਮ ਬਕਾਇਆ ਹੈ। ਉਨ੍ਹਾਂ ਦੱਸਿਆ ਕਿ ਬਿੱਲਾਂ ਦੇ ਭੁਗਤਾਨ 31 ਮਾਰਚ ਤੋਂ ਪਹਿਲਾਂ ਪਹਿਲਾਂ ਕਰਨ ਲਈ ਡਿਫਾਲਟਰ ਖਪਤਕਾਰਾਂ ਖਿਲਾਫ਼ ਮੁਹਿੰਮ ਚਲਾਈ ਗਈ ਹੈ। ਉਨ੍ਹਾਂ ਦੱਸਿਆ ਕਿ ਜਥੇਦਾਰ ਦਿਆਲ ਸਿੰਘ ਕੋਲਿਆਂਵਾਲੀ ਤੇ ਉਨ੍ਹਾਂ ਦੇ ਲੜਕੇ ਪਰਮਿੰਦਰ ਸਿੰਘ ਕੋਲਿਆਂਵਾਲੀ ਦੇ ਨਾਂਅ ‘ਤੇ ਦੋ ਅਲੱਗ-ਅਲੱਗ ਕੁਨੈਕਸ਼ਨ ਚੱਲ ਰਹੇ ਹਨ। ਪਰਮਿੰਦਰ ਸਿੰਘ ਕੋਲਿਆਂਵਾਲੀ ਦੇ ਨਾਂਅ ‘ਤੇ ਚੱਲ ਰਹੇ ਕੁਨੈਕਸ਼ਨ ਦਾ ਬਕਾਇਆ ਬਿੱਲ 23 ਲੱਖ ਦੇ ਕਰੀਬ ਸੀ, ਜਿਸ ਕਾਰਨ ਉਨ੍ਹਾਂ ਦੀ ਪਾਵਰ ਸਪਲਾਈ ਕੱਟ ਦਿੱਤੀ ਗਈ ਹੈ ਜਦਕਿ ਜਥੇਦਾਰ ਦਿਆਲ ਸਿੰਘ ਕੋਲਿਆਂਵਾਲੀ ਦੇ ਨਾਂਅ ‘ਤੇ ਚੱਲਦੇ ਮੀਟਰ ਦਾ ਬਕਾਇਆ ਬਿੱਲ ਕਰੀਬ 11 ਹਜ਼ਾਰ ਰੁਪਏ ਸੀ ਜਦਕਿ ਜਥੇਦਾਰ ਕੋਲਿਆਂਵਾਲੀ ਦੇ ਮਰਹੂਮ ਭਰਾ ਕਰਨੈਲ ਸਿੰਘ ਨਾਂਅ ‘ਤੇ ਚੱਲ ਰਹੇ ਕੁਨੈਕਸ਼ਨ ਦਾ ਬਕਾਇਆ ਬਿੱਲ 16 ਹਜ਼ਾਰ ਰੁਪਏ ਸੀ। ਇਨ੍ਹਾਂ ਦੋਵਾਂ ਕੁਨੈਕਸ਼ਨਾਂ ਦੇ ਬਿੱਲਾਂ ਦਾ 27 ਹਜ਼ਾਰ ਰੁਪਏ ਭੁਗਤਾਨ ਕਰ ਦਿੱਤਾ ਗਿਆ ਹੈ ਜਦਕਿ ਪਰਮਿੰਦਰ ਸਿੰਘ ਵੱਲੋਂ ਰਕਮ ਜ਼ਿਆਦਾ ਹੋਣ ਕਾਰਨ ਬਿੱਲ ਭੁਗਤਾਨ ਨਹੀਂ ਹੋ ਸਕਿਆ, ਜਿਸ ਕਾਰਨ ਉਨ੍ਹਾਂ ਦੇ ਨਾਂਅ ‘ਤੇ ਚੱਲ ਰਿਹਾ ਕੁਨੈਕਸ਼ਨ ਕੱਟ ਦਿੱਤਾ ਗਿਆ ਹੈ। ਇਹ ਕੁਨੈਕਸ਼ਨ ਪੂਰਾ ਭੁਗਤਾਨ ਕਰਨ ਉਪਰੰਤ ਹੀ ਜੋੜਿਆ ਜਾਵੇਗਾ। ਉਨ੍ਹਾਂ ਅੱਗੇ ਦੱਸਿਆ ਕਿ ਪਿੰਡਾਂ ਦੀਆਂ ਪੰਚਾਇਤਾਂ ਅਧੀਨ ਅਜਿਹੇ ਵਾਟਰ ਵਰਕਰਾਂ ਦੀ ਸਪਲਾਈ ਕੱਟ ਦਿੱਤੀ ਗਈ ਹੈ, ਜਿਨ੍ਹਾਂ ਦੇ ਬਿੱਲਾਂ ਦੇ ਭੁਗਤਾਨ ਪੰਚਾਇਤਾਂ ਵੱਲੋਂ ਨਹੀਂ ਕੀਤੇ ਗਏ।