ਮਨੁੱਖੀ ਅਧਿਕਾਰ ਕਮਿਸ਼ਨ ਹੁਣ ਵਟਸਐਪ ਰਾਹੀਂ ਭੇਜੀਆਂ ਸ਼ਿਕਾਇਤਾਂ ਉੱਤੇ ਵੀ ਕਰਿਆ ਕਰੇਗਾ ਗੌਰ

0
563

download
ਚੰਡੀਗੜ੍ਹ/ਬਿਊਰੋ ਨਿਊਜ਼:
ਪੰਜਾਬ ਰਾਜ ਮਨੁੱਖੀ ਅਧਿਕਾਰ ਕਮਿਸ਼ਨ ਨੇ ਲੋਕਾਂ ਦੀ ਸਹੂਲਤ ਲਈ ਵਟਸਐਪ ‘ਤੇ ਅਰਜ਼ੀਆਂ ਲੈਣੀਆਂ ਸ਼ੁਰੂ ਕਰ ਦਿੱਤੀਆਂ ਹਨ। ਨਵੀਆਂ ਸ਼ਿਕਾਇਤਾਂ ਵਟਸਐਪ ਨੰਬਰ 9855475547 ‘ਤੇ ਭੇਜੀਆਂ ਜਾ ਸਕਦੀਆਂ ਹਨ। ਕਮਿਸ਼ਨ ਵੱਲੋਂ ਵਟਸਐਪ ‘ਤੇ ਦਰਖ਼ਾਸਤਾਂ ਲੈਣ ਦਾ ਮਕਸਦ ਕੇਸਾਂ ਦੇ ਨਿਪਟਾਰੇ ਵਿੱਚ ਤੇਜ਼ੀ ਲਿਆਉਣਾ ਹੈ। ਪੰਜਾਬ ਰਾਜ ਮਨੁੱਖੀ ਅਧਿਕਾਰ ਕਮਿਸ਼ਨ ਦੇਸ਼ ਦਾ ਪਹਿਲਾ ਕਮਿਸ਼ਨ ਹੈ, ਜਿਸ ਨੇ ਵਟਸਐਪ ‘ਤੇ ਸ਼ਿਕਾਇਤਾਂ ਲੈਣੀਆਂ ਸ਼ੁਰੂ   ਕੀਤੀਆਂ ਹਨ।
ਮਨੁੱਖੀ ਅਧਿਕਾਰ ਕਮਿਸ਼ਨ 1997 ਵਿੱਚ ਹੋਂਦ ‘ਚ ਆਇਆ ਸੀ ਤੇ ਹੁਣ ਤੱਕ ਸੁਣਵਾਈ ਲਈ 2 ਲੱਖ 57 ਹਜ਼ਾਰ ਸ਼ਿਕਾਇਤਾਂ ਮਿਲ ਚੁੱਕੀਆਂ ਹਨ। ਕਮਿਸ਼ਨ ਦੇ ਹੋਂਦ ਵਿੱਚ ਆਉਣ ਦੇ ਦੋ ਸਾਲ ਬਾਅਦ ਹੀ ਪ੍ਰਾਪਤ ਦਰਖ਼ਾਸਤਾਂ ਦੀ ਗਿਣਤੀ ਕਈ  ਗੁਣਾ ਵਧ ਗਈ ਸੀ। 2012 ਤੋਂ 2016 ਤੱਕ ਕਮਿਸ਼ਨ ਨੂੰ ਸਤਾਰਾਂ ਹਜ਼ਾਰ ਦੇ ਕਰੀਬ ਸਾਲਾਨਾ ਦਰਖ਼ਾਸਤਾਂ ਮਿਲਦੀਆਂ ਰਹੀਆਂ ਹਨ। ਪਿਛਲੇ ਸਾਲ ਇਹ ਗਿਣਤੀ ਘਟ ਕੇ ਦਸ ਹਜ਼ਾਰ ਤੋਂ ਵੀ ਹੇਠਾਂ ਰਹਿ ਗਈ ਸੀ। ਇਸ ਦਾ ਕਾਰਨ ਕਮਿਸ਼ਨ ਵਿੱਚ ਚੇਅਰਪਰਸਨ ਸਮੇਤ ਦੂਜੇ ਮੈਂਬਰਾਂ ਦੀਆਂ ਖਾਲੀ ਅਸਾਮੀਆਂ ਦੱਸਿਆ ਜਾ ਰਿਹਾ ਹੈ।    ਕਮਿਸ਼ਨ ਨੇ 14 ਸਾਲ ਪਹਿਲਾਂ ਆਨਲਾਈਨ ਦਰਖ਼ਾਸਤਾਂ  ਲੈਣੀਆਂ ਸ਼ੁਰੂ ਕਰ ਦਿੱਤੀਆਂ ਸਨ ਤੇ ਹੁਣ ਵਟਸਐਪ ਰਾਹੀਂ ਸ਼ਿਕਾਇਤਾਂ ਪ੍ਰਾਪਤ ਕੀਤੀਆਂ ਜਾਣ ਲੱਗੀਆਂ ਹਨ।  ਕਮਿਸ਼ਨ ਨੇ ਆਮ ਲੋਕਾਂ ਨੂੰ ਪੰਜਾਬੀ ਵਿੱਚ ਸ਼ਿਕਾਇਤਾਂ ਦੇਣ ਦੀ ਸਹੂਲਤ ਵੀ ਰੱਖੀ ਹੈ, ਪਰ ਕਮਿਸ਼ਨ ਆਪਣਾ ਕੰਮ ਅਜੇ ਵੀ ਅੰਗਰੇਜ਼ੀ ਵਿੱਚ ਕਰ ਰਿਹਾ ਹੈ।
ਕਮਿਸ਼ਨ ਨੂੰ ਹਰ ਰੋਜ਼ ਦੋ ਸੌ ਤੋਂ ਢਾਈ ਸੌ ਤੱਕ ਦਰਖ਼ਾਸਤਾਂ ਮਿਲਦੀਆਂ ਹਨ। ਇਨ੍ਹਾਂ ਵਿੱਚੋਂ ਅੱਸੀ ਫ਼ੀਸਦ ਤੋਂ ਵੱਧ  ਅਜੇ ਵੀ ਡਾਕ ਰਾਹੀਂ ਮਿਲ ਰਹੀਆਂ ਹਨ ਤੇ ਬਾਕੀ ਆਨਲਾਈਨ ਮਿਲਦੀਆਂ ਹਨ। ਡਾਕ ਰਾਹੀਂ ਮਿਲਣ ਵਾਲੀਆਂ ਦਰਖ਼ਾਸਤਾਂ ਨੂੰ ਲਿਫ਼ਾਫਿਆਂ ‘ਚੋਂ ਕੱਢਣ ਵਾਸਤੇ ਤਿੰਨ ਤੋਂ ਚਾਰ ਦਿਨਾਂ ਦਾ ਸਮਾਂ ਰੱਖਿਆ ਗਿਆ ਹੈ ਅਤੇ ਕਮਿਸ਼ਨ ਅੱਗੇ ਕਾਰਵਾਈ ਵਾਸਤੇ ਪੇਸ਼ ਕਰਨ ਲਈ ਇਸ ਨੂੰ ਹਫ਼ਤੇ ਦਾ ਸਮਾਂ ਲੱਗ ਜਾਂਦਾ ਹੈ। ਆਨਲਾਈਨ ਸ਼ਿਕਾਇਤਾਂ ‘ਤੇ ਸੁਣਵਾਈ ਲਈ ਵੀ ਤਿੰਨ ਤੋਂ ਚਾਰ ਦਿਨ ਦਾ ਸਮਾਂ ਲੱਗ ਰਿਹਾ ਹੈ।
ਕਮਿਸ਼ਨ ਦੇ ਚੇਅਰਮੈਨ ਜਸਟਿਸ ਇਕਬਾਲ ਅਹਿਮਦ ਅੰਸਾਰੀ ਅਤੇ ਮੈਂਬਰ ਜਸਟਿਸ ਆਸ਼ੂਤੋਸ਼ ਮੋਹੰਤਾ ਦਾ ਕਹਿਣਾ ਹੈ ਕਿ ਕੇਂਦਰ ਅਤੇ ਰਾਜ ਸਰਕਾਰ ਸਾਰੇ ਕੰਮਾਂ ਵਿੱਚ ਪਾਰਦਰਸ਼ਤਾ ਤੇ ਤੇਜ਼ੀ ਲਿਆ ਰਹੀ ਹੈ। ਕਮਿਸ਼ਨ ਵੀ ਇਸ ਦਿਸ਼ਾ ਵਿੱਚ ਕੰਮ ਕਰ ਰਿਹਾ ਹੈ। ਕਮਿਸ਼ਨ ਮੈਂਬਰ ਅਵਿਨਾਸ਼ ਕੌਰ ਨੇ ਕਿਹਾ ਕਿ ਲੋਕਾਂ ਦਾ ਮਨੁੱਖੀ ਅਧਿਕਾਰ ਕਮਿਸ਼ਨ ਵਿੱਚ ਭਰੋਸਾ ਵਧਿਆ ਹੈ।