ਵੀਨੂੰ ਬਾਦਲ ਵਲੋਂ ਸ਼ਰੀਕ ਬਾਦਲਾਂ ਬਾਰੇ ਕੁਝ ਕਹਿਣੋ ਨ ਨਾਂਹ

0
274

veenu-badal
ਬਠਿੰਡਾ ਵਿੱਚ ਇੱਕ ਸਮਾਗਮ ਦੌਰਾਨ ਵੀਨੂੰ ਬਾਦਲ ਤੇ ਜੈਜੀਤ ਜੌਹਲ।
ਬਠਿੰਡਾ/ਬਿਊਰੋ ਨਿਊਜ਼:
ਰਿਸ਼ਤਿਆਂ ਦੀ ਮਰਿਆਦਾ ਨੇ ਵੀਨੂੰ ਬਾਦਲ ਦੇ ਰਾਹ ਰੋਕ ਲਏ ਹਨ। ਖ਼ਜ਼ਾਨਾ ਮੰਤਰੀ ਮਨਪ੍ਰੀਤ ਸਿੰਘ ਬਾਦਲ ਦੀ ਪਤਨੀ ਵੀਨੂੰ ਬਾਦਲ ਆਪਣੀ ਜੇਠਾਣੀ ਹਰਸਿਮਰਤ ਕੌਰ ਬਾਦਲ ਖ਼ਿਲਾਫ਼ ਮੂੰਹ ਨਹੀਂ ਖੋਲ੍ਹਣਾ ਚਾਹੁੰਦੀ ਹੈ।
ਪੰਜਾਬ ਵਿੱਚ ਕਾਂਗਰਸ ਸਰਕਾਰ ਬਣਨ ਦੇ ਇੱਕ ਵਰ੍ਹੇ ਮਗਰੋਂ ਖ਼ਜ਼ਾਨਾ ਮੰਤਰੀ ਮਨਪ੍ਰੀਤ ਸਿੰਘ ਬਾਦਲ ਨੇ ਉਦੋਂ ਮਜੀਠੀਆ ਪਰਿਵਾਰ ਦੇ ਪੋਤੜੇ ਫਰੋਲਣੇ ਸ਼ੁਰੂ ਕੀਤੇ ਜਦੋਂ ਵਿਧਾਨ ਸਭਾ ਸੈਸ਼ਨ ਦੌਰਾਨ ਅਕਾਲੀ ਵਿਧਾਇਕਾਂ ਦੇ ਗਲਾਂ ਵਿੱਚ ਜੈਜੀਤ ਜੌਹਲ ਦੇ ਨਾਮ ਵਾਲੀਆਂ ਤਖ਼ਤੀਆਂ ਦੇਖੀਆਂ। ਇਸ ਤੋਂ ਪਹਿਲਾਂ ਮਨਪ੍ਰੀਤ ਵੀ ਮਜੀਠੀਆ ਪਰਿਵਾਰ ਖ਼ਿਲਾਫ਼ ਤਿੱਖਾ ਹਮਲਾ ਕਰਨ ਤੋਂ ਗੁਰੇਜ਼ ਕਰਦੇ ਰਹੇ ਹਨ।  ਮਨਪ੍ਰੀਤ ਬਾਦਲ ਨੇ ਅਖ਼ੀਰ ਮਜੀਠੀਆ ਪਰਿਵਾਰ ਬਾਰੇ ਕਾਫ਼ੀ ਕੁਝ ਬੋਲਿਆ, ਜਿਸ ਦਾ ਹਾਲੇ ਤੱਕ ਦੂਜੇ ਘਰੋਂ ਕੋਈ ਜਵਾਬ ਨਹੀਂ ਆਇਆ ਹੈ।
ਜਦੋਂ ਮਨਪ੍ਰੀਤ ਬਾਦਲ ਦੀ ਪਤਨੀ ਵੀਨੂੰ ਬਾਦਲ ਤੋਂ ਇਸ ਪੂਰੇ ਘਟਨਾਕ੍ਰਮ ਬਾਰੇ ਟਿੱਪਣੀ ਲੈਣੀ ਚਾਹੀ ਤਾਂ ਉਨ੍ਹਾਂ ਆਖਿਆ ਕਿ ਉਹ ਅਜਿਹੀ ਸਿਆਸਤ ਵਿੱਚ ਨਹੀਂ ਪੈਣਾ ਚਾਹੁੰਦੀ ਅਤੇ ਕਿਸੇ ਖ਼ਿਲਾਫ਼ ਨਿੱਜੀ ਟਿੱਪਣੀ ਨਹੀਂ ਕਰਨਾ ਚਾਹੁੰਦੀ। ਨਾਲ ਹੀ ਉਨ੍ਹਾਂ ਕਿਹਾ ਕਿ ਮਨਪ੍ਰੀਤ ਜੋ ਬੋਲਦੇ ਹਨ, ਉਹ ਸੱਚ ਬੋਲਦੇ ਹਨ। ਉਨ੍ਹਾਂ ਨੂੰ ਉਦੋਂ ਬੋਲਣਾ ਪਿਆ ਜਦੋਂ ਉਨ੍ਹਾਂ ਦੀ ਸ਼ਰਾਫ਼ਤ ਦਾ ਲੋੜੋਂ ਵੱਧ ਫ਼ਾਇਦਾ ਉਠਾਇਆ ਜਾਣ ਲੱਗਿਆ। ਵੀਨੂੰ ਬਾਦਲ ਨੇ ਮਜੀਠੀਆ ਪਰਿਵਾਰ ਬਾਰੇ ਕੁਝ ਵੀ ਬੋਲਣ ਤੋਂ ਇਨਕਾਰ ਕਰ ਦਿੱਤਾ ਅਤੇ ਆਖਿਆ ਕਿ ਇਸ ਬਾਰੇ ਪਹਿਲਾਂ ਹੀ ਬਹੁਤ ਚਰਚਾ ਹੋ ਚੁੱਕੀ ਹੈ। ਉਨ੍ਹਾਂ ਨਾਲ ਗੱਲਬਾਤ ਕਰਨ ਤੋਂ ਜਾਪਿਆ ਕਿ ਉਹ ਆਪਣੇ ਜੇਠਾਣੀ ਖ਼ਿਲਾਫ਼ ਸਮਾਜਿਕ ਮਰਿਆਦਾ ਦਾ ਖ਼ਿਆਲ ਰੱਖਦੇ ਬੋਲਣਾ ਨਹੀਂ ਚਾਹੁੰਦੇ। ਵੀਨੂੰ ਬਾਦਲ ਨੇ ਆਪਣੇ ਭਰਾ ਜੈਜੀਤ ਜੌਹਲ ਬਾਰੇ ਆਖਿਆ ਕਿ ਸਿਰਫ਼ ਬਦਨਾਮ ਕਰਨ ਲਈ ਅਕਾਲੀ ਦਲ ਵੱਲੋਂ ਜੈਜੀਤ ਨੂੰ ਨਿਸ਼ਾਨਾ ਬਣਾਇਆ ਜਾ ਰਿਹਾ ਹੈ ਜਦੋਂਕਿ ਉਨ੍ਹਾਂ ਕੋਲ ਸਭ ਕੁਝ ਜੱਦੀ ਪੁਸ਼ਤੀ ਹੀ ਹੈ। ਉਹ ਇਸ ਮਾਮਲੇ ‘ਤੇ ਹਰ ਤਰ੍ਹਾਂ ਦੀ ਜਾਂਚ ਦਾ ਸਾਹਮਣਾ ਕਰਨ ਨੂੰ ਤਿਆਰ ਹਨ।
ਅਕਾਲੀ ਵਿਧਾਇਕਾਂ ਵੱਲੋਂ ਨਿਸ਼ਾਨਾ ਬਣਾਏ ਜਾਣ ਬਾਰੇ ਜਦੋਂ ਜੈਜੀਤ ਜੌਹਲ ਨਾਲ ਗੱਲ ਕੀਤੀ ਤਾਂ ਉਨ੍ਹਾਂ ਆਖਿਆ ਕਿ ਉਨ੍ਹਾਂ ਕੋਲ ਤਾਂ ਕੋਈ ਅਹੁਦਾ ਵੀ ਨਹੀਂ ਹੈ ਅਤੇ ਫਿਰ ਵੀ ਵਿਰੋਧੀ ਸਿਰਫ਼ ਬਦਨਾਮ ਕਰਨ ਲਈ ਨਿਸ਼ਾਨਾ ਬਣਾ ਰਹੇ ਹਨ। ਜਦੋਂ ਇਹ ਪੁੱਛਿਆ ਕਿ ਦੋਸ਼ ਲਾਉਣ ਵਾਲਿਆਂ ਖ਼ਿਲਾਫ਼ ਕੋਈ ਕਦਮ ਚੁੱਕਣਗੇ ਤਾਂ ਉਨ੍ਹਾਂ ਆਖਿਆ ਕਿ ਜੇਕਰ ਕਾਂਗਰਸ ਪਾਰਟੀ ਜਾਂ ਮਨਪ੍ਰੀਤ ਬਾਦਲ ਇਸ ਬਾਰੇ ਕੋਈ ਹਦਾਇਤ ਕਰਨਗੇ ਤਾਂ ਅਗਲਾ ਫ਼ੈਸਲਾ ਲਿਆ ਜਾਵੇਗਾ।
ਵੀਨੂੰ ਬਾਦਲ ਨੇ ਦੋ ਦਿਨਾਂ ਤੋਂ ਬਠਿੰਡਾ ਹਲਕੇ ਵਿੱਚ ਮੁੜ ਸਰਗਰਮੀ ਸ਼ੁਰੂ ਕੀਤੀ ਹੈ। ਖ਼ਜ਼ਾਨਾ ਮੰਤਰੀ ਖ਼ੁਦ ਪੰਜਾਬ ਤੋਂ ਬਾਹਰ ਹਨ ਅਤੇ ਉਨ੍ਹਾਂ ਦੀ ਗ਼ੈਰਹਾਜ਼ਰੀ ਵਿੱਚ ਵੀਨੂੰ ਬਾਦਲ ਅਤੇ ਜੈਜੀਤ ਜੌਹਲ ਹਲਕਾ ਸੰਭਾਲ ਰਹੇ ਹਨ। ਭੈਣ-ਭਰਾਵਾਂ ਨੇ ਬਠਿੰਡਾ ਵਿੱਚ ਦਿੱਤੇ ਇੱਕ ਰੋਸ ਪ੍ਰੋਗਰਾਮ ਵਿੱਚ ਸ਼ਮੂਲੀਅਤ ਕੀਤੀ ਹੈ।