ਯੂਨਾਈਟਿਡ ਅਕਾਲੀ ਦਲ ਨੂੰ ਵਿਧਾਨ ਸਭਾ ਵੱਲ ਮਾਰਚ ਕਰਨ ਤੋਂ ਰੋਕਿਆ

0
247

united-akali-dal1
ਚੰਡੀਗੜ੍ਹ/ਬਿਊੂਰੋ ਨਿਊਜ਼ :
ਯੂਨਾਈਟਿਡ ਅਕਾਲੀ ਦਲ ਨੇ ਪੰਜਾਬ ਅਤੇ ਪੰਥਕ ਮਸਲਿਆਂ ਸਬੰਧੀ ਵਿਧਾਨ ਸਭਾ ਵੱਲ ਰੋਸ ਮਾਰਚ ਕੀਤਾ ਪਰ ਪੁਲੀਸ ਨੇ ਦਲ ਦੇ ਕਾਰਕੁਨਾਂ ਨੂੰ ਰਾਹ ਵਿਚ ਹੀ ਰੋਕ ਲਿਆ। ਇਸ ਮਗਰੋਂ ਯੂਨਾਈਟਿਡ ਅਕਾਲੀ ਦਲ ਦੇ ਕਾਰਕੁਨਾਂ ਨੇ ਸੜਕ ‘ਤੇ ਹੀ ਧਰਨਾ ਲਾ ਦਿੱਤਾ। ਇਹ ਧਰਨਾ ਮੁੱਖ ਮੰਤਰੀ ਦੇ ਓਐਸਡੀ ਨੂੰ ਮੰਗ ਪੱਤਰ ਦੇਣ ਮਗਰੋਂ ਚੁੱਕਿਆ ਗਿਆ। ਇਸ ਤੋਂ ਪਹਿਲਾਂ ਪੰਜਾਬ ਦੇ ਭਖ਼ਦੇ ਮਸਲਿਆਂ ਬਾਰੇ ਸੈਮੀਨਾਰ ਕਰਵਾਇਆ ਗਿਆ।
ਯੂਨਾਈਟਿਡ ਅਕਾਲੀ ਦਲ ਦੇ ਕਾਰਕੁਨ ਸੈਮੀਨਾਰ ਤੋਂ ਬਾਅਦ ਕਿਸਾਨ ਭਵਨ ਤੋਂ ਵਿਧਾਨ ਸਭਾ ਵੱਲ ਵਧਣੇ ਸ਼ੁਰੂ ਹੋਏ ਤਾਂ ਵੱਡੀ ਗਿਣਤੀ ਪੁਲੀਸ ਨੇ ਉਨ੍ਹਾਂ ਨੂੰ ਰੋਕ ਲਿਆ। ਇਸ ‘ਤੇ ਦਲ ਦੇ ਕਾਰਕੁਨਾਂ ਨੇ ਸੜਕ ‘ਤੇ ਹੀ ਧਰਨਾ ਲਾ ਦਿੱਤਾ, ਜੋ ਮੁੱਖ ਮੰਤਰੀ ਦੇ ਨੁਮਾਇੰਦਿਆਂ ਜਗਜੀਤ ਸਿੰਘ ਸਿੱਧੂ ਅਤੇ ਜੀ.ਐੱਸ. ਢੇਸੀ ਵਲੋਂ ਮੰਗ ਪੱਤਰ ਲੈਣ ਤੋਂ ਬਾਅਦ ਚੁੱਕਿਆ ਗਿਆ। ਸੈਮੀਨਾਰ ਦੌਰਾਨ ਵੱਖ ਵੱਖ ਬੁਲਾਰਿਆਂ ਨੇ ਗੁਰੂ ਗ੍ਰੰਥ ਸਾਹਿਬ ਦੀ ਬੇਹੁਰਮਤੀ ਦੀਆਂ ਘਟਨਾਵਾਂ ਦੇ ਦੋਸ਼ੀਆਂ ਨੂੰ ਗ੍ਰਿਫ਼ਤਾਰ ਨਾ ਕਰਨ ‘ਤੇ ਰੋਸ ਪ੍ਰਗਟਾਇਆ। ਬੁਲਾਰਿਆਂ ਨੇ ਮੁਤਵਾਜ਼ੀ ਜਥੇਦਾਰ ਜਗਤਾਰ ਸਿੰਘ ਹਵਾਰਾ ਸਮੇਤ ਬੰਦੀ ਸਿੰਘਾਂ ਦੀ ਰਿਹਾਈ ਅਤੇ ਨਸ਼ਿਆਂ ਵਿਰੁੱਧ ਠੋਸ ਕਾਰਵਾਈ ਦੀ ਮੰਗ ਕੀਤੀ। ਭਾਈ ਮੋਹਕਮ ਸਿੰਘ ਨੇ ਕਿਹਾ ਕਿ ਨਵੀਂ ਸਰਕਾਰ ਦੇ 100 ਦਿਨ ਪੂਰੇ ਹੋਣ ਦੇ ਬਾਵਜੂਦ ਠੋਸ ਨਤੀਜੇ ਸਾਹਮਣੇ ਨਹੀਂ ਆਏ ਹਨ।
ਭਾਈ ਗੁਰਦੀਪ ਸਿੰਘ ਬਠਿੰਡਾ ਨੇ ਕਿਹਾ ਕਿ ਗੁਰੂ ਗ੍ਰੰਥ ਸਾਹਿਬ ਦੀ ਬੇਅਦਬੀ ਦੇ ਦੋਸ਼ੀਆਂ ਨੂੰ ਗ੍ਰਿਫ਼ਤਾਰ ਨਹੀਂ ਕੀਤਾ ਗਿਆ, ਜਿਸ ਕਾਰਨ ਸਿੱਖ ਸੰਗਤ ਵਿਚ ਰੋਸ ਹੈ। ਉਨ੍ਹਾਂ ਸਰਕਾਰ ਤੋਂ ਬਗ਼ੈਰ ਦੇਰੀ ਸ਼੍ਰੋਮਣੀ ਗੁਰਦੁਆਰਾ ਪ੍ਰਬੰਧਕ ਕਮੇਟੀ ਦੀਆਂ ਚੋਣਾਂ ਕਰਾਉਣ ਦੀ ਮੰਗ ਕੀਤੀ।