ਦਮਦਮਾ ਸਾਹਿਬ ਵਿਖੇ ਸ਼ਰਧਾਲੂਆਂ ਦੀ ਆਮਦ ਰਹੀ ਘੱਟ, ਸਿਆਸੀ ਕਾਨਫ਼ਰੰਸਾਂ ਦੀ ਰੰਗ ਵੀ ਰਿਹਾ ਫਿੱਕਾ

0
751

takht-damdama-sahib-visakhi
ਕੈਪਸ਼ਨ-ਵਿਸਾਖੀ ਮੌਕੇ ਵੀਰਵਾਰ ਨੂੰ ਤਲਵੰਡੀ ਸਾਬੋ ਵਿਚ ਤਖ਼ਤ ਦਮਦਮਾ ਸਾਹਿਬ ਵਿਖੇ ਪੁੱਜੇ ਹੋਏ ਸ਼ਰਧਾਲੂ।
ਤਲਵੰਡੀ ਸਾਬੋ/ਬਿਊਰੋ ਨਿਊਜ਼ :
ਤਖ਼ਤ ਦਮਦਮਾ ਸਾਹਿਬ ਤਲਵੰਡੀ ਸਾਬੋ ਵਿਖੇ ਵਿਸਾਖੀ ਮੌਕੇ ਕਣਕ ਦੀ ਵਾਢੀ ਦੇ ਸੀਜ਼ਨ ਅਤੇ ਲੰਘ ਗਈਆਂ ਵਿਧਾਨ ਸਭਾ ਚੋਣਾਂ ਦਾ ਅਸਰ ਭਾਰੀ ਪੈਂਦਾ ਦਿਖਾਈ ਦਿੱਤਾ। ਸ਼ਰਧਾਲੂਆਂ ਦੀ ਹਾਜ਼ਰੀ ਲੰਘੇ ਵਰ੍ਹਿਆਂ ਦੇ ਮੁਕਾਬਲੇ ਘੱਟ ਰਹੀ ਅਤੇ ਪਿਛਲੇ ਸਾਲ ਦੀਆਂ ਕਾਨਫਰੰਸਾਂ ਵਿੱਚ ਬੱਸਾਂ ਭਰ-ਭਰ ਕੇ ਇੱਕ ਦੂਸਰੇ ਤੋਂ ਵੱਡੀ ਕਾਨਫਰੰਸ ਕਰਨ ਦਾ ਸਿਆਸੀ ਪਾਰਟੀਆਂ ਦਾ ਜਜ਼ਬਾ ਇਸ ਵਾਰ ਦਿਖਾਈ ਨਹੀਂ ਦਿੱਤਾ। ਪੰਜਾਬ ਦੇ ਮੁੱਖ ਮੰਤਰੀ ਕੈਪਟਨ ਅਮਰਿੰਦਰ ਸਿੰੰਘ, ਸਾਬਕਾ ਮੁੱਖ ਮੰਤਰੀ ਪ੍ਰਕਾਸ਼ ਸਿੰਘ ਬਾਦਲ ਅਤੇ ‘ਆਪ’ ਦੇ ਦਿੱਲੀ ਦੇ ਆਗੂਆਂ ਦੀ ਗੈਰਹਾਜ਼ਰੀ ਨੇ ਵੀ ਸਿਆਸੀ ਕਾਨਫਰੰਸਾਂ ਦਾ ਰੰਗ ਫਿੱਕਾ ਪਾਉਣ ਵਿੱਚ ਯੋਗਦਾਨ ਦਿੱਤਾ।
ਕੈਪਟਨ ਅਮਰਿੰਦਰ ਸਿੰਘ ਦੇ ਨਾ ਆਉਣ ਦੀਆਂ ਸੰਭਾਵਨਾਵਾਂ ਦੇ ਮੱਦੇਨਜ਼ਰ ਭਾਵੇਂ ਕਾਂਗਰਸੀ ਵਰਕਰਾਂ ਵਿੱਚ ਪਹਿਲਾਂ ਵਰਗਾ ਉਤਸ਼ਾਹ ਨਹੀਂ ਸੀ, ਪਰ ਫਿਰ ਵੀ ਕਾਂਗਰਸ ਦੀ ਰੈਲੀ ਅਕਾਲੀ ਦਲ ਅਤੇ  ‘ਆਪ’ ਦੀਆਂ ਕਾਨਫਰੰਸਾਂ ਦੇ ਮੁਕਾਬਲੇ ਪ੍ਰਭਾਵਸ਼ਾਲੀ ਸੀ। ਅਕਾਲੀ ਦਲ ਦੇ ਕਾਰਕੁਨ ਇਸ ਵਾਰ ਬੱਸਾਂ ਭਰ ਕੇ ਨਹੀਂ ਲਿਆਏ। ਵਿਧਾਨ ਸਭਾ ਚੋਣਾਂ ਵਿੱਚ ਮੁੱਖ ਵਿਰੋਧੀ ਧਿਰ ਵਜੋਂ ਉੱਭਰ ਕੇ ਸਾਹਮਣੇ ਆਈ ‘ਆਪ’ ਅਜੇ ਹਾਰ ਦੀ ਨਮੋਸ਼ੀ ਵਿਚੋਂ ਉੱਭਰ ਨਹੀਂ ਪਾਈ। ਦਿੱਲੀ ਤੋਂ ਤਾਂ ‘ਆਪ’ ਦਾ ਕੋਈ ਆਗੂ ਨਹੀਂ ਆਇਆ, ਪਰ ਪਾਰਟੀ ਦੇ ਚੀਫ ਵ੍ਹਿਪ ਸੁਖਪਾਲ ਸਿੰਘ ਖਹਿਰਾ ਨੇ ਪਾਰਟੀ ਦੀ ਪੰਜਾਬ ਯੂਨਿਟ ਨੂੰ ਖੁਦਮੁਖ਼ਤਿਆਰੀ ਦੇਣ ਦਾ ਮੁੱਦਾ ਉਠਾਇਆ। ਇਸ ਮੌਕੇ ਪਾਰਟੀ ਦੇ ਪੰਜਾਬ ਦੇ ਕਨਵੀਨਰ ਗੁਰਪ੍ਰੀਤ ਸਿੰਘ ਵੜੈਚ, ਪਾਰਟੀ ਵਿਧਾਇਕ ਦਲ ਦੇ ਆਗੂ ਐਚ.ਐਸ. ਫੂਲਕਾ ਵੀ ਮੌਜੂਦ ਸਨ। ਰੈਲੀ ਦੌਰਾਨ ਬਹੁਤੀ ਸੁਰ ਵਿਰੋਧੀ ਪਾਰਟੀਆਂ ਉੱਤੇ ਹਮਲੇ ਕਰਨ ਦੇ ਬਜਾਇ ਆਪਣਿਆਂ ਵੱਲ ਹੀ ਸੇਧਤ ਰਹੀ। ‘ਆਪ’ ਦੇ ਨੌਜਵਾਨ ਕਾਡਰ ਵਿੱਚ ਪਹਿਲਾਂ ਵਾਲਾ ਜਲੌਅ ਪੂਰੀ ਤਰ੍ਹਾਂ ਗਾਇਬ ਸੀ। ਇਸ ਮੌਕੇ ਸ਼੍ਰੋਮਣੀ ਅਕਾਲੀ ਦਲ (ਅੰਮ੍ਰਿਤਸਰ) ਸਮੇਤ ਹੋਰਨਾਂ ਪਾਰਟੀਆਂ ਨੇ ਵੀ ਕਾਨਫਰੰਸਾਂ ਰਾਹੀਂ ਹਾਜ਼ਰੀ ਲਵਾਈ।