ਗੁਰੂਆਂ-ਪੀਰਾਂ ਖਿਲਾਫ ਭੱਦੀ ਸ਼ਬਦਾਵਲੀ ਵਰਤਣ ਵਾਲੇ ਅਖੌਤੀ ਕਵੀ ਦੀ ਮਾਰਕੁੱਟ

0
76

surjit_gaggਹਸਪਤਾਲ ਵਿਚ ਜ਼ੇਰੇ ਇਲਾਜ ਸੁਰਜੀਤ ਗੱਗ

ਸ੍ਰੀ ਆਨੰਦਪੁਰ ਸਾਹਿਬ/ਬਿਊਰੋ ਨਿਊਜ਼ :
ਸਿੱਖ ਗੁਰੂਆਂ ਤੇ ਦੂਜੇ ਧਰਮਾਂ ਪ੍ਰਤੀ ਘਟੀਆ ਸ਼ਬਦਾਵਲੀ ਵਰਤਣ ਵਾਲੇ ਖੱਬੇਪੱਖੀ ਵਿਵਾਦਤ ਲੇਖਕ ਸੁਰਜੀਤ ਗੱਗ ਦੀ ਦੋ ਨੌਜੁਆਨਾਂ ਵੱਲੋਂ ਕੁੱਟਮਾਰ ਕਰਨ ਦੀ ਖਬਰ ਹੈ। ਘਟਨਾ ਵੇਲੇ ਗੱਗ ਸ੍ਰੀ ਆਨੰਦਪੁਰ ਸਾਹਿਬ-ਨੰਗਲ ਮਾਰਗ ‘ਤੇ ਸਥਿਤ ਚਰਨਗੰਗਾ ਪੁਲ ਦੇ ਨਜ਼ਦੀਕ ਦੁਕਾਨ ‘ਤੇ ਖੜ੍ਹਾ ਸੀ। ਹਮਲੇ ਦੌਰਾਨ ਸੁਰਜੀਤ ਗੱਗ ਦੇ ਮੱਥੇ ‘ਤੇ ਸੱਟ ਲੱਗੀ ਹੈ ਤੇ ਉਸ ਨੂੰ ਭਾਈ ਜੈਤਾ ਜੀ ਸਿਵਲ ਹਸਪਤਾਲ ‘ਚ ਦਾਖ਼ਲ ਕਰਾਇਆ ਗਿਆ ਹੈ।
ਐੱਸਐੱਚਓ ਸਤੀਸ਼ ਕੁਮਾਰ ਤੇ ਜਾਂਚ ਅਧਿਕਾਰੀ ਏਐੱਸਆਈ ਸੋਹਣ ਸਿੰਘ ਨੇ ਦੱਸਿਆ ਕਿ ਸੁਰਜੀਤ ਗੱਗ ਵੱਲੋਂ ਦਿੱਤੇ ਬਿਆਨਾਂ ਅਨੁਸਾਰ ਉਹ ਪੁਲ ‘ਤੇ ਖੜ੍ਹਾ ਸੀ ਕਿ ਪਿੰਡ ਦੇ ਇੱਕ ਨੌਜੁਆਨ ਅਤੇ ਉਸ ਦੇ ਸਾਥੀ ਮੋਟਰਸਾਈਕਲ ‘ਤੇ ਆਏ ਤੇ ਉਸ ਨਾਲ ਕੁੱਟਮਾਰ ਸ਼ੁਰੂ ਕਰ ਦਿੱਤੀ। ਇਸ ਤੋਂ ਬਾਅਦ ਉਹ ਭੱਜ ਕੇ ਬੱਸ ਅੱਡੇ ‘ਤੇ ਪੁੱਜਿਆ ਪਰ ਉਹ ਨੌਜਵਾਨ ਉੱਥੇ ਵੀ ਆ ਗਏ। ਇਸ ਦੌਰਾਨ ਗੱਗ ਦੇ ਸਿਰ ‘ਤੇ ਸੱਟ ਲੱਗ ਗਈ। ਉਹ ਜ਼ਖ਼ਮੀ ਹਾਲਤ ਵਿਚ ਇੱਥੇ ਪੁਲੀਸ ਚੌਕੀ ‘ਚ ਪੁੱਜਿਆ। ਪੁਲੀਸ ਨੇ ਉਸ ਨੂੰ ਭਾਈ ਜੈਤਾ ਜੀ ਸਿਵਲ ਹਸਪਤਾਲ ਦਾਖ਼ਲ ਕਰਵਾਇਆ ਹੈ। ਪੁਲੀਸ ਅਧਿਕਾਰੀਆਂ ਅਨੁਸਾਰ ਗੱਗ ਦੇ ਬਿਆਨਾਂ ਦੇ ਅਤੇ ਮੈਡੀਕਲ ਦੀ ਰਿਪੋਰਟ ਅਨੁਸਾਰ ਨੌਜੁਆਨਾਂ ਖ਼ਿਲਾਫ਼ ਕੇਸ ਦਰਜ ਕਰਕੇ ਬਣਦੀ ਕਾਰਵਾਈ ਕੀਤੀ ਜਾਵੇਗੀ।
ਜ਼ਿਕਰਯੋਗ ਹੈ ਕਿ ਸੁਰਜੀਤ ਗੱਗ ਵੱਲੋਂ ਆਪਣੀ ਗੱਗਬਾਣੀ ਨਾਮ ਦੀ ਰਚਨਾ ‘ਚ ਗੁਰੂ ਨਾਨਕ ਦੇਵ ਜੀ ਬਾਰੇ ਕੀਤੀਆਂ ਟਿੱਪਣੀਆਂ ਕਰ ਕੇ ਉਸ ਖ਼ਿਲਾਫ਼ ਕੇਸ ਦਰਜ ਹੋਇਆ ਸੀ ਤੇ ਉਹ ਜੇਲ੍ਹ ਦੀ ਹਵਾ ਵੀ ਖਾ ਚੁੱਕਾ ਹੈ। ਹਾਲ ਹੀ ਵਿਚ ਵੀ ਉਸ ਦੁਆਰਾ ਆਪਣੀ ਫੇਸਬੁੱਕ ਉਤੇ ਗੁਰੂਆਂ-ਪੀਰਾਂ ਤੇ ਪੰਜਾਬ ਦੀ ਧਰਤੀ ਬਾਰੇ ਇਤਰਾਜ਼ਯੋਗ ਟਿੱਪਣੀਆਂ ਕੀਤੇ ਜਾਣ ਦੀ ਖਬਰ  ਹੈ। ਉਂਝ ਮਾਰਕੁੱਟ ਦੇ ਤਾਜ਼ਾ ਮਾਮਲੇ ਦਾ ਅਖੌਤੀ ‘ਗੱਗਬਾਣੀ’ ਨਾਲ ਕੋਈ ਸਬੰਧ ਹੈ ਜਾਂ ਨਹੀਂ, ਇਹ ਸਾਫ ਨਹੀਂ ਹੋ ਸਕਿਆ।