ਗੁਰੂ ਸਾਹਿਬਾਨ ਪ੍ਰਤੀ ਇਤਰਾਜ਼ਯੋਗ ਟਿੱਪਣੀ ਕਰਨ ਵਾਲੇ ਕਵੀ ਸੁਰਜੀਤ ਗੱਗ ਨੂੰ 24 ਤੱਕ ਭੇਜਿਆ ਜੇਲ੍ਹ

0
334

pic-surjit-gag
ਸ੍ਰੀ ਅਨੰਦਪੁਰ ਸਾਹਿਬ/ਬਿਊਰੋ ਨਿਊਜ਼:
ਸ੍ਰੀ ਗੁਰੂ ਨਾਨਕ ਦੇਵ ਜੀ ਖ਼ਿਲਾਫ਼ ਇਤਰਾਜ਼ਯੋਗ ਸ਼ਬਦਾਬਲੀ ਵਰਤਣ ਵਾਲੇ ਮੁਲਜ਼ਮ ਕਵੀ ਸੁਰਜੀਤ ਗੱਗ ਨੂੰ ਸ੍ਰੀ ਅਨੰਦਪੁਰ ਸਾਹਿਬ ਪੁਲੀਸ ਨੇ ਸੀਨੀਅਰ ਡਿਵੀਜ਼ਨ ਸਿਵਲ ਜੱਜ ਅਸ਼ੋਕ ਕੁਮਾਰ ਚੌਹਾਨ ਦੀ ਅਦਾਲਤ ‘ਚ ਪੇਸ਼ ਕੀਤਾ, ਜਿਥੇ ਅਦਾਲਤ ਨੇ ਉਸ ਨੂੰ 24 ਜੁਲਾਈ ਤੱਕ ਜੂਡੀਸ਼ੀਅਲ ਰਿਮਾਂਡ ‘ਤੇ ਜੇਲ ਭੇਜ ਦਿੱਤਾ ਹੈ।
ਇਹ ਗ੍ਰਿਫ਼ਤਾਰੀ ਤਖ਼ਤ ਸ੍ਰੀ ਕੇਸਗੜ੍ਹ ਸਾਹਿਬ ਦੇ ਮੈਨੇਜਰ ਰਣਜੀਤ ਸਿੰਘ ਦੀ ਸ਼ਿਕਾਇਤ ਦੇ ਆਧਾਰ ‘ਤੇ ਹੋਈ ਹੈ। ਤਖ਼ਤ ਸ੍ਰੀ ਕੇਸਗੜ੍ਹ ਸਾਹਿਬ ਦੇ ਮੈਨੇਜਰ ਰਣਜੀਤ ਸਿੰਘ ਨੇ ਦੱਸਿਆ ਕਿ ਸ੍ਰੀ ਆਨੰਦਪੁਰ ਸਾਹਿਬ ਦੇ ਪਿੰਡ ਗੱਗ ਦੇ ਸੁਰਜੀਤ ਸਿੰਘ ਗੱਗ ਵੱਲੋਂ ‘ਗੱਗਬਾਣੀ’ ਸਿਰਲੇਖ ਹੇਠ ਆਏ ਦਿਨ ਉਲਟਾ-ਸਿੱਧਾ ਲਿਖਿਆ ਜਾਂਦਾ ਹੈ। ਉਸ ਨੇ ਪਹਿਲੀ ਪਾਤਸ਼ਾਹੀ ਗੁਰੂ ਨਾਨਕ ਦੇਵ ਜੀ ਦੀ ਜਿੱਥੇ ਆਪਣੇ ਆਪ ਨਾਲ ਤੁਲਨਾ ਕੀਤੀ, ਉੱਥੇ ਉਨ੍ਹਾਂ ਬਾਰੇ ਅਪਸ਼ਬਦ ਵੀ ਆਪਣੇ ਫੇਸਬੁੱਕ ਪੇਜ ‘ਤੇ ਲਿਖੇ।
ਉਨ੍ਹਾਂ ਕਿਹਾ ਕਿ ਇਹ ਮਾਮਲਾ ਸ਼੍ਰੋਮਣੀ ਕਮੇਟੀ ਪ੍ਰਧਾਨ ਪ੍ਰੋ. ਕਿਰਪਾਲ ਸਿੰਘ ਬਡੂੰਗਰ ਅਤੇ ਸ਼੍ਰੋਮਣੀ ਕਮੇਟੀ ਦੇ ਜਨਰਲ ਸਕੱਤਰ ਭਾਈ ਅਮਰਜੀਤ ਸਿੰਘ ਚਾਵਲਾ ਦੇ ਧਿਆਨ ਵਿੱਚ ਲਿਆਂਦਾ ਅਤੇ ਉਨ੍ਹਾਂ ਨੇ ਪੁਲੀਸ ਨੂੰ ਸੂਚਨਾ ਦਿੱਤੀ, ਜਿਸ ਤੋਂ ਬਾਅਦ ਪੁਲੀਸ ਨੇ ਗੱਗ ਖ਼ਿਲਾਫ਼ ਧਾਰਾ 295 ਏ ਤਹਿਤ ਕੇਸ ਦਰਜ ਕਰਕੇ ਉਸ ਨੂੰ ਗ੍ਰਿਫ਼ਤਾਰ ਕਰ ਲਿਆ।
ਇਸ ਦੌਰਾਨ ਤਖ਼ਤ ਕੇਸਗੜ੍ਹ ਸਾਹਿਬ ਵਿਖੇ ਇਲਾਕੇ ਦੀਆਂ ਸਿੱਖ ਜਥੇਬੰਦੀਆਂ ਦੀ ਮੀਟਿੰਗ ਹੋਈ। ਹਲਕੇ ਦੇ ਸ਼੍ਰੋਮਣੀ ਕਮੇਟੀ ਮੈਂਬਰ ਪ੍ਰਿੰਸੀਪਲ ਸੁਰਿੰਦਰ ਸਿੰਘ ਨੇ ਕਿਹਾ ਕਿ ਮਾਮਲੇ ਦੀ ਬਾਰੀਕੀ ਨਾਲ ਜਾਂਚ ਹੋਣੀ ਚਾਹੀਦੀ ਹੈ ਤਾਂ ਜੋ ਪਤਾ ਲੱਗ ਸਕੇ ਕਿ ਫੇਸਬੁੱਕ ‘ਤੇ ਅਪਸ਼ਬਦ ਬੋਲਣ ਪਿੱਛੇ ਕੀ ਸਾਜ਼ਿਸ਼ ਹੈ? ਉਨ੍ਹਾਂ ਕਿਹਾ ਕਿ ਇਸ ਇਲਾਕੇ ਦੇ ਸ਼ਾਂਤਮਈ ਵਾਤਾਵਰਣ ਨੂੰ ਗੰਧਲਾ ਕਰਨ ਦੀ ਕੋਸ਼ਿਸ਼ ਕੀਤੀ ਜਾ ਰਹੀ ਹੈ ਜੋ ਬਰਦਾਸ਼ਤ ਨਹੀਂ ਕੀਤੀ ਜਾਵੇਗੀ। ਸਿੱਖ ਵਿਦਵਾਨ ਭਾਈ ਹਰਸਿਮਰਨ ਸਿੰਘ ਨੇ ਕਿਹਾ ਕਿ ਉਨ੍ਹਾਂ ਨੂੰ ਨਿਆਂਪਾਲਿਕਾ ‘ਤੇ ਭਰੋਸਾ ਹੈ ਕਿ ਧਰਮ ਦੇ ਨਾਂ ‘ਤੇ ਹਾਲਾਤ ਖ਼ਰਾਬ ਕਰਨ ਵਾਲੇ ਨੂੰ ਸਖ਼ਤ ਸਜ਼ਾ ਦਿੱਤੀ ਜਾਵੇਗੀ। ਇਸ ਮੌਕੇ ਹੈੱਡ ਗ੍ਰੰਥੀ ਗਿਆਨੀ ਫੂਲਾ ਸਿੰਘ, ਮੈਨੇਜਰ ਰਣਜੀਤ ਸਿੰਘ, ਕੌਂਸਲ ਪ੍ਰਧਾਨ ਮਹਿੰਦਰ ਸਿੰਘ ਵਾਲੀਆ, ਮੋਹਣ ਸਿੰਘ ਡੂਮੇਵਾਲ, ਹਰਜੀਤ ਸਿੰਘ ਅਚਿੰਤ, ਸੰਦੀਪ ਸਿੰਘ ਕਲੌਤਾ, ਪ੍ਰਿੰਸੀਪਲ ਗੁਰਮਿੰਦਰ ਸਿੰਘ ਭੁੱਲਰ, ਦਲਬੀਰ ਸਿੰਘ ਧੂੜੀਆ ਤੇ ਪ੍ਰਿੰਸੀਪਲ ਨਰਿੰਜਣ ਸਿੰਘ ਰਾਣਾ ਹਾਜ਼ਰ ਸਨ।

ਪੀਐਸਯੂ ਵੱਲੋਂ ਸੰਘਰਸ਼ ਵਿੱਢਣ ਦੀ ਚਿਤਾਵਨੀ :
ਜਨਤਕ ਜਥੇਬੰਦੀਆਂ ਵੱਲੋਂ ਸੁਰਜੀਤ ਗੱਗ ਦੀ ਗ੍ਰਿਫ਼ਤਾਰੀ ਦੀ ਨਿਖੇਧੀ ਕੀਤੀ ਜਾ ਰਹੀ ਹੈ। ਪੰਜਾਬ ਸਟੂਡੈਂਟਸ ਯੂਨੀਅਨ ਦੇ ਸੂਬਾ ਆਗੂ ਰਣਬੀਰ ਰੰਧਾਵਾ ਨੇ ਦੋਸ਼ ਲਾਇਆ ਕਿ ਪੰਜਾਬ ਵਿੱਚ ਸਿਆਸੀ ਦਬਾਅ ਹੇਠ ਬੋਲਣ ਦੀ ਆਜ਼ਾਦੀ ਦਾ ਘਾਣ ਕਰਕੇ ਕਵੀਆਂ ਅਤੇ ਲੇਖਕਾਂ ਖ਼ਿਲਾਫ਼ ਸੰਗੀਨ ਧਰਾਵਾਂ ਤਹਿਤ ਕੇਸ ਦਰਜ ਕੀਤੇ ਜਾ ਰਹੇ ਹਨ। ਉਨ੍ਹਾਂ ਮੰਗ ਕੀਤੀ ਕਿ ਸੁਰਜੀਤ ਗੱਗ ਨੂੰ ਤੁਰੰਤ ਰਿਹਾਅ ਕੀਤਾ ਜਾਵੇ। ਉਨ੍ਹਾਂ ਪੰਜਾਬ ਸਰਕਾਰ  ਤੇ ਪੁਲੀਸ-ਪ੍ਰਸ਼ਾਸਨ ਨੂੰ ਚਿਤਾਵਨੀ ਦਿੰਦੇ ਹੋਏ ਕਿਹਾ ਕਿ ਜੇਕਰ ਸੁਰਜੀਤ ਗੱਗ ਨੂੰ ਰਿਹਾਅ ਨਾ ਕੀਤਾ ਤਾਂ ਤਿੱਖਾ ਸੰਘਰਸ਼ ਕੀਤਾ ਜਾਵੇਗਾ।

ਕੇਂਦਰੀ ਪੰਜਾਬੀ ਲੇਖਕ ਸਭਾ ਨੇ ਕਵਿਤਾ ‘ਚ ਵਰਤੀ ਭਾਸ਼ਾ ਨਾਲ ਅਸਹਿਮਤੀ ਜਤਾਈ
ਚੰਡੀਗੜ੍ਹ : ਕੇਂਦਰੀ ਪੰਜਾਬੀ ਲੇਖਕ ਸਭਾ (ਰਜਿ) ਨੇ ਪੰਜਾਬੀ ਕਵੀ ਸੁਰਜੀਤ ਗੱਗ ਦੀ ਗ੍ਰਿਫ਼ਤਾਰੀ ਦੀ ਨਿੰਦਾ ਕਰਦਿਆਂ ਜਿੱਥੇ ਉਸ ਦੀ ਤੁਰੰਤ ਰਿਹਾਈ ਦੀ ਮੰਗ ਕੀਤੀ ਹੈ, ਉੱਥੇ ਨਾਲ ਹੀ ਜਿਸ ਕਵਿਤਾ ਨੂੰ ਆਧਾਰ ਬਣਾ ਕੇ ਕੇਸ ਦਰਜ ਕੀਤਾ ਗਿਆ ਹੈ, ਉਸ ਵਿਚ ਵਰਤੀ ਗਈ ਭਾਸ਼ਾ ਨਾਲ ਵੀ ਅਸਹਿਮਤੀ ਜਤਾਈ ਹੈ। ਇੱਥੋਂ ਜਾਰੀ ਇਕ ਸਾਂਝੇ ਪ੍ਰੈਸ ਬਿਆਨ ਵਿਚ ਕੇਂਦਰੀ ਪੰਜਾਬੀ ਲੇਖਕ ਸਭਾ (ਰਜਿ) ਦੇ ਪ੍ਰਧਾਨ ਡਾ. ਸਰਬਜੀਤ ਸਿੰਘ, ਜਨਰਲ ਸੱਕਤਰ ਸੁਸ਼ੀਲ ਦੁਸਾਂਝ ਅਤੇ ਸੀਨੀਅਰ ਮੀਤ ਪ੍ਰਧਾਨ ਡਾ. ਜੋਗਾ ਸਿੰਘ ਨੇ ਕਿਹਾ ਹੈ ਕਿ ਕੇਂਦਰੀ ਲੇਖਕ ਸਭਾ ਲਿਖਣ-ਬੋਲਣ ਦੀ ਆਜ਼ਾਦੀ ਦੀ ਮੁੱਦਈ ਹੈ ਅਤੇ ਵਿਚਾਰਾਂ ਦੇ ਪ੍ਰਗਟਾਵੇ ‘ਤੇ ਕਿਸੇ ਵੀ ਤਰ੍ਹਾਂ ਦਾ ਹਮਲਾ ਬਰਦਾਸ਼ਤਯੋਗ ਨਹੀਂ ਹੈ ਪਰ ਇਸ ਆਜ਼ਾਦੀ ਦਾ ਭਾਵ ਇਹ ਵੀ ਨਹੀਂ ਹੈ ਕਿ ਕੋਈ ਜ਼ਾਬਤਾ ਹੀ ਨਾ ਰੱਖਿਆ ਜਾਵੇ। ਉਨ੍ਹਾਂ ਕਿਹਾ ਕਿ ਭਾਰਤ ਵਰਗੇ ਬਹੁ-ਧਰਮੀ, ਬਹੁ-ਸਭਿਆਚਾਰਕ ਮੁਲਕ ਵਿਚ ਸਹਿਮਤੀ/ਅਸਹਿਮਤੀ ਵਾਲੇ ਵਿਚਾਰਾਂ ਲਈ ਸੰਵਾਦ ਜ਼ਰੂਰੀ ਹੈ ਨਾ ਕਿ ਭਾਸ਼ਾਈ ਮਰਿਆਦਾ ਦੀਆਂ ਧੱਜੀਆਂ ਉਡਾ ਕੇ ਇਕ-ਦੂਸਰੇ ‘ਤੇ ਹਮਲੇ ਕਰਨਾ। ਸੁਰਜੀਤ ਗੱਗ ਦੇ ਮਾਮਲੇ ਵਿਚ ਵੀ ਦੋਵਾਂ ਧਿਰਾਂ ਨੂੰ ਸੰਵਾਦ ਵੱਲ ਵਧਣਾ ਚਾਹੀਦਾ ਹੈ।
ਡਾ. ਸਰਬਜੀਤ ਸਿੰਘ, ਸੁਸ਼ੀਲ ਦੁਸਾਂਝ ਅਤੇ ਡਾ. ਜੋਗਾ ਸਿੰਘ ਨੇ ਜ਼ੋਰ ਦੇ ਕੇ ਕਿਹਾ ਕਿ ਲੇਖਕ ਦਾ ਹੱਕ ਹੈ ਕਿ ਉਹ ਆਪਣੀ ਰਚਨਾ ਵਿਚ ਖੁਲ੍ਹ ਕੇ ਆਪਣੇ ਵਿਚਾਰ ਰੱਖੇ ਪਰ ਨਾਲ ਹੀ ਉਸ ਨੂੰ ਸਾਹਿਤ-ਸੌਂਦਰਯ ਅਤੇ ਭਾਸ਼ਾ ਦੀ ਮਰਿਆਦਾ ਦਾ ਵੀ ਗਿਆਨ ਹੋਣਾ ਚਾਹੀਦਾ ਹੈ। ਸਹਿਜ ਅਤੇ ਸੁਹਜ ਹੀ ਕਿਸੇ ਵੀ ਸਾਹਿਤਕ ਕਿਰਤ ਦੀ ਅਸਲੀ ਤਾਕਤ ਹੁੰਦੇ ਹਨ। ਲੇਖਕ ਆਗੂਆਂ ਨੇ ਪਿਛਲੇ ਦਿਨੀਂ ਸੁਰਜੀਤ ਗੱਗ ਦੀ ਪਤਨੀ ਅਤੇ ਬੇਟੀ ਦੇ ਬਲਾਤਕਾਰ ਦੀਆਂ ਧਮਕੀਆਂ ਦੇਣ ਵਾਲਿਆਂ ਵਿਰੁੱਧ ਵੀ ਸਖ਼ਤ ਕਾਰਵਾਈ ਦੀ ਮੰਗ ਕੀਤੀ ਹੈ। ਯਾਦ ਰਹੇ ਕਿ ਕੁੱਝ ਦਿਨ ਪਹਿਲਾਂ ਸੁਰਜੀਤ ਗੱਗ ਦੇ ਮੋਬਾਈਲ ਫੋਨ ‘ਤੇ ਦੋ ਵਿਅਕਤੀਆਂ ਵਲੋਂ ਬੇਹੱਦ ਭੱਦੀ ਸ਼ਬਦਾਵਲੀ ਵਿਚ ਗੱਗ ਦੀ ਪਤਨੀ ਅਤੇ ਬੇਟੀ ਨਾਲ ਬਲਾਤਕਾਰ ਕਰਨ ਦੀ ਧਮਕੀ ਦਿੱਤੀ ਗਈ ਸੀ, ਜਿਸ ਦੀ ਲਿਖਤੀ ਸ਼ਿਕਾਇਤ ਸੁਰਜੀਤ ਗੱਗ ਨੇ ਤੁਰੰਤ ਐਸ.ਐਸ.ਐਸ.ਪੀ. ਸ਼੍ਰੀ ਆਨੰਦਪੁਰ ਸਾਹਿਬ ਨੂੰ ਕਰ ਦਿੱਤੀ ਸੀ ਪਰ ਹਾਲੇ ਤੱਕ ਪੁਲੀਸ ਵਲੋਂ ਦੋਸ਼ੀਆਂ ਵਿਰੁੱਧ ਕੋਈ ਕਾਰਵਾਈ ਨਹੀਂ ਕੀਤੀ ਗਈ।