‘ਆਪ’ ਵਾਲਿਆਂ ਨੇ ਰੇਤ ਖੱਡਾਂ ਦੀ ਨਿਲਾਮੀ ਦੇ ਮਾਮਲੇ

0
488
AAP leader Sukhpal Singh Khaira during the press conference in Chandigarh on Monday. Tribune photo: Manoj Mahajan
ਚੰਡੀਗੜ੍ਹ ਵਿੱਚ ਪ੍ਰੈੱਸ ਕਾਨਫਰੰਸ ਕਰਦੇ ਹੋਏ ਸੁਖਪਾਲ ਸਿੰਘ ਖਹਿਰਾ ਤੇ ਹੋਰ ਆਗੂ। 

ਚੰਡੀਗੜ੍ਹ/ਬਿਊਰੋ ਨਿਊਜ਼ :
ਆਮ ਆਦਮੀ ਪਾਰਟੀ ਦੇ ਆਗੂਆਂ ਨੇ ਸਿੰਜਾਈ ਮੰਤਰੀ ਰਾਣਾ ਗੁਰਜੀਤ ਸਿੰਘ ਉੱਪਰ ਰੇਤ ਖੱਡਾਂ ਮਾਮਲੇ ਵਿੱਚ ਲੱਗੇ ਦੋਸ਼ਾਂ ਬਾਰੇ 10 ਨੁਕਾਤੀ ਚਾਰਜਸ਼ੀਟ ਜਾਰੀ ਕੀਤੀ। ਉਨ੍ਹਾਂ ਮੁੱਖ ਮੰਤਰੀ ਕੈਪਟਨ ਅਮਰਿੰਦਰ ਸਿੰਘ ਤੋਂ ਮੰਗ ਕੀਤੀ ਹੈ ਕਿ ਇਸ ਮਾਮਲੇ ਦੀ ਪੜਤਾਲ ਸੀਬੀਆਈ ਕੋਲੋਂ ਕਰਵਾਈ ਜਾਵੇ। ‘ਆਪ’ ਆਗੂਆਂ ਨੇ ਚਿਤਾਵਨੀ ਦਿੱਤੀ ਕਿ ਜੇ 15 ਦਿਨਾਂ ਵਿੱਚ ਕੈਪਟਨ ਨੇ ਰਾਣਾ ਨਾਲ ਜੁੜੇ ਘੁਟਾਲਿਆਂ ਦੀ ਪੜਤਾਲ ਸੀਬੀਆਈ ਤੋਂ ਕਰਵਾਉਣ ਦੇ ਹੁਕਮ ਜਾਰੀ ਨਾ ਕੀਤੇ ਤਾਂ ਪੰਜਾਬ ਤੇ ਹਰਿਆਣਾ ਹਾਈ ਕੋਰਟ ਅਤੇ ਰਾਸ਼ਟਰਪਤੀ  ਕੋਲ ਪਹੁੰਚ ਕੀਤੀ ਜਾਵੇਗੀ। ‘ਆਪ’ ਆਗੂਆਂ ਨੇ ਚਾਰਜਸ਼ੀਟ ਦੀ ਕਾਪੀ ਕੈਪਟਨ ਅਮਰਿੰਦਰ ਸਿੰਘ ਸਮੇਤ ਕਾਂਗਰਸ ਦੇ ਕੌਮੀ ਪ੍ਰਧਾਨ ਰਾਹੁਲ ਗਾਂਧੀ ਨੂੰ ਭੇਜ ਕੇ ਰਾਣਾ ਗੁਰਜੀਤ ਨੂੰ ਮੰਤਰੀ ਮੰਡਲ ਵਿੱਚੋਂ ਬਰਖ਼ਾਸਤ ਕਰਨ ਦੀ ਮੰਗ ਕੀਤੀ ਹੈ।
ਪੰਜਾਬ ਵਿਧਾਨ ਸਭਾ ਵਿੱਚ ਵਿਰੋਧੀ ਧਿਰ ਦੇ ਆਗੂ ਸੁਖਪਾਲ ਸਿੰਘ ਖਹਿਰਾ ਤੇ ਉਪ ਆਗੂ ਸਰਬਜੀਤ ਕੌਰ ਮਾਣੂੰਕੇ, ਪੰਜਾਬ ਦੇ ਸਹਿ-ਪ੍ਰਧਾਨ ਤੇ ਵਿਧਾਇਕ ਅਮਨ ਅਰੋੜਾ, ਵਿਧਾਇਕ ਕੰਵਰ ਸੰਧੂ ਤੇ ਕੁਲਤਾਰ ਸਿੰਘ ਸੰਧਵਾਂ, ਗੁਰਦਾਸਪੁਰ ਦੇ ਆਗੂ ਗੁਰਪ੍ਰਤਾਪ ਸਿੰਘ ਖੁਸ਼ਹਾਲਪੁਰਾ, ਲੁਧਿਆਣਾ ਦੇ ਅਹਿਬਾਬ ਸਿੰਘ ਗਰੇਵਾਲ,  ਦਲਜੀਤ ਸਿੰਘ ਗਰੇਵਾਲ ਤੇ ਲੋਕ ਇਨਸਾਫ਼ ਪਾਰਟੀ ਦੇ ਵਿਧਾਇਕ ਬਲਵਿੰਦਰ ਸਿੰਘ ਬੈਂਸ ਤੇ ਸਿਮਰਜੀਤ ਸਿੰਘ ਬੈਂਸ ਨੇ ਅੱਜ ਰਾਣਾ ਵਿਰੁੱਧ ਚਾਰਜਸ਼ੀਟ ਜਾਰੀ ਕਰਦਿਆਂ ਦੋਸ਼ ਲਾਇਆ ਕਿ ਮੁੱਖ ਮੰਤਰੀ ਕੈਪਟਨ ਅਮਰਿੰਦਰ ਸਿੰਘ ਵੀ ਇਸ ਕਥਿਤ ਘਪਲੇ ਵਿੱਚ ਸ਼ਾਮਲ ਹੋਣ ਕਾਰਨ ਮੂੰਹ ਬੰਦ ਕਰੀ ਬੈਠੇ ਹਨ। ਆਗੂਆਂ ਨੇ ਜਸਟਿਸ ਨਾਰੰਗ ਕਮਿਸ਼ਨ ‘ਤੇ ਵੀ ਗੰਭੀਰ ਦੋਸ਼ ਲਾਉਂਦਿਆਂ ਕਿਹਾ ਕਿ ਸਮਾਂ ਆਉਣ ‘ਤੇ ਜਸਟਿਸ ਨਾਰੰਗ ਤੋਂ ਪੜਤਾਲ ਕਰਨ ਲਈ ਕੀਤੇ ਖ਼ਰਚਿਆਂ ਨੂੰ ਵਸੂਲਿਆ ਜਾਵੇਗਾ।
ਆਗੂਆਂ ਨੇ ਦੋਸ਼ ਲਾਇਆ ਕਿ ਕੈਪਟਨ ਨੇ 10 ਅਗਸਤ 2017 ਨੂੰ ਮੁੱਖ ਸਕੱਤਰ ਕਰਨ ਅਵਤਾਰ ਸਿੰਘ ਨੂੰ ਨਾਰੰਗ ਕਮਿਸ਼ਨ ਦੀ ਰਿਪੋਰਟ ਸੌਂਪ ਕੇ 15 ਦਿਨਾਂ ਵਿੱਚ ਕਾਰਵਾਈ ਕਰਨ ਦੇ ਹੁਕਮ ਦਿੱਤੇ ਸਨ, ਪਰ ਭੇਤਭਰੇ ਢੰਗ ਨਾਲ ਮੁੱਖ ਸਕੱਤਰ ਪਿਛਲੇ ਪੰਜ ਮਹੀਨਿਆਂ ਤੋਂ ਰਿਪੋਰਟ ਦੱਬੀ ਬੈਠੇ ਹਨ। ਉਨ੍ਹਾਂ ਕਿਹਾ ਕਿ ਹੁਣ ਸਰਕਾਰ ਕਥਿਤ ਤੌਰ ‘ਤੇ ਰਾਣਾ ਗੁਰਜੀਤ ਵੱਲੋਂ ਆਪਣੇ ਹੋਰ ਬੰਦਿਆਂ ਰਾਹੀਂ ਰੇਤੇ ਦੀਆਂ ਸੈਦਪੁਰ ਖੁਰਦ ਤੇ ਮਹਿਦੀਪੁਰ ਦੀਆਂ ਖ਼ਰੀਦੀਆਂ ਦੋ ਖੱਡਾਂ ਲਈ ਜਮ੍ਹਾਂ ਕਰਵਾਈ ਕਰੋੜਾਂ ਰੁਪਏ ਦੀ ਰਾਸ਼ੀ ਵੀ ਵਾਪਸ ਕਰਨ ਦਾ ਰਾਹ ਲੱਭ ਰਹੀ ਹੈ।
ਇਸ ਮੌਕੇ ਸ੍ਰੀ ਖਹਿਰਾ ਨੇ ਰਾਣਾ ਗੁਰਜੀਤ ਵਿਰੁੱਧ ਤਿਆਰ ਚਾਰਜਸ਼ੀਟ ਦਾ ਜ਼ਿਕਰ ਕਰਦਿਆਂ ਦੋਸ਼ ਲਾਇਆ ਕਿ ਖੱਡਾਂ ਦੀ ਕਰੋੜਾਂ ਰੁਪਏ ਦੀ ਬੋਲੀ ਦੇਣ ਵਾਲੇ ਅਮਿਤ ਬਹਾਦਰ, ਕੁਲਵਿੰਦਰਪਾਲ ਸਿੰਘ ਤੇ ਬਲਰਾਜ ਸਿੰਘ ਅੱਜ ਵੀ ਸ੍ਰੀ ਰਾਣਾ ਦੇ ਪਰਿਵਾਰ ਦੀ ਮਾਲਕੀ ਵਾਲੀਆਂ ਕੰਪਨੀਆਂ ਵਿੱਚ ਮੁਲਾਜ਼ਮ ਹਨ। ਉਨ੍ਹਾਂ ਦੋਸ਼ ਲਾਇਆ ਕਿ ਰਾਣਾ ਦੇ ਪਰਿਵਾਰ ਦੀ ਮਾਲਕੀ ਵਾਲੀਆਂ  ਕੰਪਨੀਆਂ ਨੇ ਖੱਡਾਂ ਦੀ ਬੋਲੀ ਲਈ ਰਾਜਬੀਰ ਐਂਟਰਪ੍ਰਾਈਜ਼ਜ਼ ਨੂੰ 4.52 ਕਰੋੜ ਤੇ 36 ਲੱਖ ਰੁਪਏ ਦਿੱਤੇ ਸਨ।
ਉਨ੍ਹਾਂ ਦੋਸ਼ ਲਾਇਆ ਕਿ ਨਹਿਰੀ ਵਿਭਾਗ ਵਿੱਚ ਘਪਲੇ ਦੇ ਦੋਸ਼ ਹੇਠ ਫੜੇ ਠੇਕੇਦਾਰ ਗੁਰਿੰਦਰ ਸਿੰਘ ਨੇ ਵੀ ਅਸਿੱਧੇ ਢੰਗ ਨਾਲ ਖੱਡਾਂ ਦੀ ਬੋਲੀ ਲਈ 5 ਕਰੋੜ ਰੁਪਏ ਲਾਏ ਹਨ। ਉਨ੍ਹਾਂ ਖ਼ਦਸ਼ਾ ਜ਼ਾਹਿਰ ਕੀਤਾ ਕਿ ਰਾਣਾ ਦੇ ਬੰਦਿਆਂ ਵੱਲੋਂ ਉਕਤ ਦੋਵੇਂ ਖੱਡਾਂ ਤੋਂ ਇਲਾਵਾ ਹੋਰ ਖੱਡਾਂ ਵੀ ਖ਼ਰੀਦੀਆਂ ਗਈਆਂ ਹਨ। ਸ੍ਰੀ ਖਹਿਰਾ ਨੇ ਕਿਹਾ ਕਿ ਨਾਰੰਗ ਕਮਿਸ਼ਨ ਦੀ ਰਿਪੋਰਟ ਵਿੱਚ  ਬਾਕਾਇਦਾ ਜ਼ਿਕਰ ਕੀਤਾ ਗਿਆ ਹੈ ਕਿ ਰਾਣਾ ਨੇ ਖੱਡਾਂ ਦੀ ਬੋਲੀ ਬਾਰੇ ਡਾਇਰੈਕਟਰ ਮਾਈਨਿੰਗ ਅਮਿਤ ਢਾਕਾ ਨਾਲ ਫੋਨ ‘ਤੇ ਸੰਪਰਕ ਕੀਤਾ ਸੀ ਤੇ ਕਮਿਸ਼ਨ ਨੇ ਆਪਣੀ ਰਿਪੋਰਟ ਵਿੱਚ ਮੰਨਿਆ ਹੈ ਕਿ ਅਮਿਤ ਬਹਾਦਰ ਤੇ ਕੁਲਵਿੰਦਰਪਾਲ ਸਿੰਘ ਨੂੰ ਖੱਡਾਂ ਗ਼ੈਰਕਾਨੂੰਨੀ ਢੰਗ ਨਾਲ ਅਲਾਟ ਕੀਤੀਆਂ ਗਈਆਂ ਹਨ।

ਦੋਸ਼ ਲਾਉਣਾ ਖਹਿਰਾ ਦਾ ਧੰਦਾ: ਰਾਣਾ
ਸਿੰਜਾਈ ਮੰਤਰੀ ਰਾਣਾ ਗੁਰਜੀਤ ਸਿੰਘ ਨੇ ਕਿਹਾ ਕਿ ਸੁਖਪਾਲ ਸਿੰਘ ਖਹਿਰਾ ਦਾ ਕੰਮ ਹੀ ਦੋਸ਼ ਲਾਉਣਾ ਹੈ, ਇਸ ਲਈ ਉਹ ਉਨ੍ਹਾਂ ਦੇ ਦੋਸ਼ਾਂ ਦਾ ਜਵਾਬ ਦੇਣ ਦੀ ਲੋੜ ਨਹੀਂ ਸਮਝਦੇ।