ਕੈਪਟਨ ਸਰਕਾਰ ਸੂਬੇ ਦੇ ਟਰੱਕ ਕਾਰੋਬਾਰ ਨੂੰ ਤਬਾਹ ਕਰ ਰਹੀ ਹੈ : ਸੁਖਬੀਰ ਬਾਦਲ

0
83

sukhbir-singh-badal
ਚੰਡੀਗੜ੍ਹ, ਬਿਊਰੋ ਨਿਊਜ਼।
ਸ਼੍ਰੋਮਣੀ ਅਕਾਲੀ ਦਲ ਦੇ ਪ੍ਰਧਾਨ ਸੁਖਬੀਰ ਸਿੰਘ ਬਾਦਲ ਨੇ ਕਾਂਗਰਸ ਸਰਕਾਰ ‘ਤੇ ਟਰੱਕਾਂ ਦੇ ਕਾਰੋਬਾਰ ਨੂੰ ਤਬਾਹ ਕਰਨ ਦੇ ਦੋਸ਼ ਲਾਏ ਹਨ।
ਅਕਾਲੀ ਦਲ ਦੇ ਪ੍ਰਧਾਨ ਨੇ ਇਕ ਬਿਆਨ ਰਾਹੀਂ ਕਿਹਾ ਕਿ ਕਣਕ ਦੀ ਢੋਆ-ਢੁਆਈ ਲਈ ਟਰੱਕ ਯੂਨੀਅਨਾਂ ਤੋਂ ਜਬਰਦਸਤੀ ਟੈਂਡਰਾਂ ਦੇ ਰੇਟਾਂ ਵਿੱਚ ਭਾਰੀ ਕਮੀ ਕਰਵਾਉਣਾ ਟਰੱਕਾਂ ਦੇ ਕਾਰੋਬਾਰ ਨੂੰ ਤਬਾਹੀ ਵੱਲ ਧੱਕਣ ਦੀ ਨਿਸ਼ਾਨੀ ਹੈ। ਉਨ੍ਹਾਂ ਇਹ ਵੀ ਦੋਸ਼ ਲਾਇਆ ਕਿ ਕਾਂਗਰਸੀ ਆਗੂ ਪੱਲੇਦਾਰ ਯੂਨੀਅਨਾਂ ਨੂੰ ਲੇਬਰ ਦੇ ਠੇਕੇ ਦੇਣ ਬਦਲੇ ਭਾਰੀ ਰਿਆਇਤਾਂ ਦੀ ਮੰਗ ਕਰਕੇ ਉਨ੍ਹਾਂ ਨੂੰ ਲੁੱਟ ਰਹੇ ਹਨ। ਅਕਾਲੀ ਦਲ ਦੇ ਪ੍ਰਧਾਨ ਨੇ ਕਿਹਾ ਕਿ ਪਹਿਲੀ ਅਪਰੈਲ ਤੋਂ ਕਣਕ ਦੀ ਖ਼ਰੀਦ ਸ਼ੁਰੂ ਹੋਣ ਦੇ ਬਾਵਜੂਦ ਸਰਕਾਰ ਨੇ ਅਜੇ ਤੱਕ ਖ਼ਰੀਦੀ ਕਣਕ ਨੂੰ ਗ਼ੁਦਾਮਾਂ ਵਿੱਚ ਪਹੁੰਚਾਉਣ ਲਈ ਟੈਂਡਰ ਦੇਣ ਦੀ ਪ੍ਰਕਿਰਿਆ ਵੀ ਮੁਕੰਮਲ ਨਹੀਂ ਕੀਤੀ ਹੈ। ਉਨ੍ਹਾਂ ਕਿਹਾ ਕਿ ਇਸ ਨਾਲ ਹਜ਼ਾਰਾਂ ਟਰੱਕਾਂ ਵਾਲਿਆਂ ਦੀ ਰੋਜ਼ੀ-ਰੋਟੀ ‘ਤੇ ਅਸਰ ਪੈ ਰਿਹਾ ਹੈ, ਕਿਉਂਕਿ ਇਸ ਉਦੇਸ਼ ਲਈ 70 ਹਜ਼ਾਰ ਤੋਂ ਵੱਧ ਟਰੱਕ ਵਰਤੇ ਜਾ ਰਹੇ ਹਨ। ਇਸ ਦਾ ਅਸਰ ਕਿਸਾਨਾਂ ‘ਤੇ ਵੀ ਪਵੇਗਾ, ਕਿਉਂਕਿ ਮੰਡੀਆਂ ਵਿੱਚੋਂ ਕਣਕ ਦੀ ਚੁਕਾਈ ਨਾ ਹੋਣ ਕਰਕੇ ਉੱਥੇ ਫ਼ਸਲ ਦੇ ਅੰਬਾਰ ਲੱਗ ਜਾਣਗੇ ਤੇ ਕਣਕ ਦੀ ਖ਼ਰੀਦ ਵਿੱਚ ਦੇਰੀ ਹੋਵੇਗੀ।
ਸ੍ਰੀ ਬਾਦਲ ਨੇ ਦੋਸ਼ ਲਾਇਆ ਕਿ ਸਰਕਾਰ ਟਰੱਕਾਂ ਵਾਲਿਆਂ ਨੂੰ ਡਰਾ-ਧਮਕਾ ਕੇ ਆਪਣੀਆਂ ਸ਼ਰਤਾਂ ਮੰਨਣ ਲਈ ਮਜਬੂਰ ਕਰ ਰਹੀ ਹੈ। ਉਨ੍ਹਾਂ ਕਿਹਾ ਕਿ ਕਾਂਗਰਸੀ ਆਗੂ ਲੇਬਰ ਦੇ ਠੇਕਿਆਂ ਵਿੱਚੋਂ ਕਮਾਈ ਕਰਨ ‘ਚ ਲੱਗੇ ਹੋਏ ਹਨ ਅਤੇ ਸਰਕਾਰ ਅੱਖਾਂ ਬੰਦ ਕਰੀ ਬੈਠੀ ਹੈ।