ਮੱਕੜ ਨੂੰ ਜਿਤਾ ਦਿਓ, ਮੈਂ ਤੁਹਾਨੂੰ ਨਵੇਂ ਨੋਟਾਂ ਵਾਲੇ ਦੋ ਚਾਰ ਟਰੱਕ ਭੇਜਾਂਗਾ : ਸੁਖਬੀਰ ਬਾਦਲ

0
932

sukhbir-bada-1
ਖਾਲੀ ਕੁਰਸੀਆਂ ਭਰਨ ਲਈ ਮੌਕੇ ‘ਤੇ ਸਕੂਲ ਦੇ ਬੱਚਿਆਂ ਨੂੰ ਸੱਦਿਆ, ਹਾਲ ਫੇਰ ਵੀ ਖ਼ਾਲੀ
ਜਲੰਧਰ/ਬਿਊਰੋ ਨਿਊਜ਼ :
ਉਪ ਮੁੱਖ ਮੰਤਰੀ ਸੁਖਬੀਰ ਬਾਦਲ ਨੇ ਜਲੰਧਰ ਛਾਉਣੀ ਤੋਂ ਪਾਰਟੀ ਦੇ ਉਮੀਦਵਾਰ ਸਰਬਜੀਤ ਮੱਕੜ ਲਈ ਵੋਟਾਂ ਮੰਗਦਿਆਂ ਆਖਿਆ, ‘ਤੁਸੀਂ ਇੱਕ ਵਾਰ ਸਰਬਜੀਤ ਮੱਕੜ ਨੂੰ ਜਿਤਾ ਦਿਓ ਮੈਂ ਤੁਹਾਨੂੰ ਦੋ-ਚਾਰ ਟਰੱਕ ਨੋਟਾਂ ਦੇ ਭਰ ਕੇ ਵਿਕਾਸ ਕੰਮਾਂ ਲਈ ਭੇਜਾਂਗਾ। ਨੋਟ ਵੀ ਨਵੇਂ ਦੋ-ਦੋ ਹਜ਼ਾਰ ਵਾਲੇ ਹੋਣਗੇ, ਪੁਰਾਣੇ ਨੋਟ ਨਹੀਂ ਭੇਜਾਂਗੇ।’ ਉਹ ਇਥੇ ਸੋਫੀ  ਪਿੰਡ ਵਿਚ ਆਈ.ਟੀ.ਆਈ. ਦਾ ਨੀਂਹ ਪੱਥਰ ਰੱਖਣ ਤੋਂ ਬਾਅਦ ਇਕੱਠ ਨੂੰ ਸੰਬੋਧਨ ਕਰ ਰਹੇ ਸਨ। ਇਹ ਪੰਜਾਬ ਭਾਜਪਾ ਦੇ ਪ੍ਰਧਾਨ ਵਿਜੈ ਸਾਂਪਲਾ ਦਾ ਜੱਦੀ ਪਿੰਡ ਹੈ। ਸਮਾਗਮ ਵਾਲੀ ਥਾਂ ਕੁਰਸੀਆਂ ਭਰਨ ਲਈ ਨੇੜਲੇ ਸੀਨੀਅਰ ਸੈਕੰਡਰੀ ਸਕੂਲ ਦੇ ਸੱਤਵੀਂ ਜਮਾਤ ਤੋਂ ਲੈ ਕੇ ਬਾਰ੍ਹਵੀਂ ਜਮਾਤ ਤੱਕ ਦੇ ਵਿਦਿਆਰਥੀਆਂ ਨੂੰ ਸੱਦਿਆ ਗਿਆ ਸੀ, ਇਸ ਦੇ ਬਾਵਜੂਦ ਪੰਡਾਲ ਨਹੀਂ ਭਰ ਸਕਿਆ। ਉਧਰ ਜਲੰਧਰ ਛਾਉਣੀ ਹਲਕੇ ਤੋਂ ਅਕਾਲੀ ਦਲ ਦੀ ਲੀਡਰਸ਼ਿਪ ਨੇ ਸਮਾਗਮ ਦਾ ਬਾਈਕਾਟ ਕੀਤਾ ਹੋਇਆ ਸੀ। ਜ਼ਿਲ੍ਹਾ ਪ੍ਰਧਾਨ ਗੁਰਚਰਨ ਸਿੰਘ ਚੰਨੀ, ਸ਼੍ਰੋਮਣੀ ਕਮੇਟੀ ਮੈਂਬਰ ਪਰਮਜੀਤ ਸਿੰਘ ਰਾਏਪੁਰ ਤੇ ਜ਼ਿਲ੍ਹਾ ਪ੍ਰੀਸ਼ਦ ਮੈਂਬਰਾਂ ਸਮੇਤ ਬਹੁਤ ਸਾਰੇ ਆਗੂ ਹਾਜ਼ਰ ਨਹੀਂ ਹੋਏ ਤੇ ਨਾ ਹੀ ਹਲਕੇ ਦੇ ਲੋਕਾਂ ਨੇ ਹਾਜ਼ਰੀ ਭਰੀ। ਇਹ ਸਮਾਗਮ ਸ਼੍ਰੋਮਣੀ ਅਕਾਲੀ ਦਲ ਵੱਲੋਂ 69 ਉਮੀਦਵਾਰਾਂ ਦੀ ਸੂਚੀ ਜਾਰੀ ਕਰਨ ਤੋਂ ਬਾਅਦ ਪਾਰਟੀ ਦੇ ਉਮੀਦਵਾਰ ਸਰਬਜੀਤ ਮੱਕੜ ਵੱਲੋਂ ਪਹਿਲੀ ਵਾਰ ਕੀਤਾ ਗਿਆ ਸੀ। ਸਮਾਗਮ ਲਈ ਲੋਕਾਂ ਨੂੰ ਆਦਮਪੁਰ, ਭੋਗਪੁਰ ਅਤੇ ਜਲੰਧਰ ਸ਼ਹਿਰ ਦੇ ਲਾਜਪਤ ਨਗਰ ਤੋਂ ਸੱਦਿਆ ਗਿਆ ਸੀ। ਇਸ ਤੋਂ ਇਲਾਵਾ ਆਈ.ਟੀ.ਆਈ. ਦੇ ਵਿਦਿਆਰਥੀਆਂ ਨੂੰ ਵੀ ਬੁਲਾਇਆ ਗਿਆ ਸੀ।
ਵਿਧਾਇਕ ਪਰਗਟ ਸਿੰਘ ਅਤੇ ਡਾ. ਨਵਜੋਤ ਕੌਰ ਸਿੱਧੂ ਵੱਲੋਂ ਕਾਂਗਰਸ ਵਿਚ ਜਾਣ ਦਾ ਫ਼ੈਸਲਾ ਲੈਣ ਬਾਰੇ ਉਨ੍ਹਾਂ ਕਿਹਾ ਕਿ ਇਨ੍ਹਾਂ ਆਗੂਆਂ ਦੇ ਪੱਲੇ ਹੁਣ ਕੁਝ ਨਹੀਂ ਰਹਿ ਗਿਆ ਤੇ ਇਹ ਤਰਲੇ ਕਰ ਕੇ ਕਾਂਗਰਸ ਵਿੱਚ ਗਏ ਹਨ। ਸਰਵਣ ਸਿੰਘ ਫਿਲੌਰ ਤੇ ਅਵਿਨਾਸ਼ ਚੰਦਰ ਦੀ ਟਿਕਟ ਕੱਟੇ ਜਾਣ ਬਾਰੇ ਸ੍ਰੀ ਬਾਦਲ ਨੇ ਕਿਹਾ ਕਿ ਕਾਰਗੁਜ਼ਾਰੀ ਦੇਖ ਕੇ ਹੀ ਟਿਕਟਾਂ ਕੱਟੀਆਂ ਗਈਆਂ ਹਨ। ਜਦੋਂ ਮੀਡੀਆ ਵੱਲੋਂ ਉਨ੍ਹਾਂ ਇਹ ਪੁੱਛਿਆ ਗਿਆ ਕਿ ਕੀ ਈਡੀ ਵੱਲੋਂ ਤਲਬ ਕੀਤੇ ਜਾਣ ਕਾਰਨ ਇਨ੍ਹਾਂ ਆਗੂਆਂ ਨੂੰ ਟਿਕਟਾਂ ਨਹੀਂ ਦਿੱਤੀਆਂ ਗਈਆਂ? ਤਾਂ ਸ੍ਰੀ ਬਾਦਲ ਨੇ ਕਿਹਾ ਕਿ ਇਹ ਮਾਮਲਾ ਜਾਂਚ ਅਧੀਨ ਹੈ। ਇਸ ਲਈ ਉਹ ਕੋਈ ਟਿੱਪਣੀ ਨਹੀਂ ਕਰਨਗੇ। ਉਨ੍ਹਾਂ ਕਿਹਾ ਕਿ ਕਾਂਗਰਸ ਦਾ ਇੰਨਾ ਮਾੜਾ ਹਾਲ ਹੈ ਕਿ ਜਿਹੜੇ ਆਗੂ ਸ਼੍ਰੋਮਣੀ ਅਕਾਲੀ ਦਲ ਨੇ ਰੱਦ ਕਰ ਦਿੱਤੇ, ਕਾਂਗਰਸ ਉਨ੍ਹਾਂ ਨੂੰ ਅਪਣਾ ਰਹੀ ਹੈ।
ਜਲਾਲਾਬਾਦ ਤੋਂ ਆਮ ਆਦਮੀ ਪਾਰਟੀ ਵੱਲੋਂ ਸੰਸਦ ਮੈਂਬਰ ਭਗਵੰਤ ਮਾਨ ਨੂੰ ਉਮੀਦਵਾਰ ਬਣਾਏ ਜਾਣ ‘ਤੇ ਟਿੱਪਣੀ ਕਰਦਿਆਂ ਸ੍ਰੀ ਬਾਦਲ ਨੇ ਕਿਹਾ ਕਿ ਉਹ ਚੋਣ ਲੜਨ ਲਈ ਸ੍ਰੀ ਮਾਨ ਦਾ ਸਵਾਗਤ ਕਰਦੇ ਹਨ। ਉਨ੍ਹਾਂ ਕਿਹਾ ਕਿ ਸ੍ਰੀ ਮਾਨ ਨੂੰ ਤਾਂ ਹਲਕੇ ਦੇ ਪਿੰਡਾਂ ਦੇ ਨਾਮ ਤੱਕ ਨਹੀਂ ਪਤਾ। ਸ੍ਰੀ ਬਾਦਲ ਨੇ ਆਖਿਆ ਕਿ ਉਨ੍ਹਾਂ ਨੂੰ ਆਪਣੇ ਹਲਕੇ ਵਿੱਚ ਜਾਣ ਦੀ ਲੋੜ ਵੀ ਨਹੀਂ ਪਵੇਗੀ, ਉਹ ਸਿਰਫ਼ ਇਕ ਜਾਂ ਦੋ ਦਿਨ ਲਈ ਹੀ ਜਾਣਗੇ ਤੇ ਬਾਕੀ ਸਮਾਂ ਦੂਜੇ ਹਲਕਿਆਂ ਨੂੰ ਦੇਣਗੇ।

ਖਾਲੀ ਕੁਰਸੀਆਂ ਦੇਖ ਸੁਖਬੀਰ ਹੋਏ ਪ੍ਰੇਸ਼ਾਨ
ਪੰਜਾਬ ਵਿਧਾਨ ਸਭਾ 2017 ਦੀਆਂ ਚੋਣਾਂ ਲਈ ਸ਼੍ਰੋਮਣੀ ਅਕਾਲੀ ਦਲ ਦੇ ਉਮੀਦਵਾਰ ਸਰਬਜੀਤ ਮੱਕੜ ਦੇ ਹੋ ਰਹੇ ਤਿੱਖੇ ਵਿਰੋਧ ਕਾਰਨ ਸਮਾਗਮ ਦੌਰਾਨ ਖਾਲੀ ਪਈਆਂ ਕੁਰਸੀਆਂ ਦੇਖ ਕੇ ਸੁਖਬੀਰ ਬਾਦਲ ਹੈਰਾਨ-ਪ੍ਰੇਸ਼ਾਨ ਹੋ ਗਏ। ਪੰਡਾਲ ਵਿੱਚ ਲੱਗੀਆਂ 2500 ਦੇ ਕਰੀਬ ਕੁਰਸੀਆਂ ਭਰਨ ਲਈ ਪਾਰਟੀ ਨੂੰ ਬੜੀ ਮੁਸ਼ੱਕਤ ਕਰਨੀ ਪਈ। ਸਮਾਗਮ ਦੇ ਫਿੱਕੇ ਰਹਿਣ ਦਾ ਅਸਰ ਪੰਜਾਬ ਭਾਜਪਾ ਦੇ ਸੂਬਾ ਪ੍ਰਧਾਨ ਵਿਜੈ ਸਾਂਪਲਾ ‘ਤੇ ਵੀ ਪਿਆ ਕਿਉਂਕਿ ਇਹ ਉਨ੍ਹਾਂ ਦਾ ਜੱਦੀ ਪਿੰਡ ਹੋਣ ਦੇ ਬਾਵਜੂਦ ਪੰਡਾਲ ਦੀਆਂ ਕੁਰਸੀਆਂ ਖਾਲੀ ਰਹਿ ਗਈਆਂ।