ਕੈਪਟਨ ਪੰਜਾਬ ਦਾ ਸਭ ਤੋਂ ਮਾੜਾ ਮੁੰਤਰੀ: ਸੁਖਬੀਰ ਬਾਦਲ

0
354

sukhbir-badal-pol-khol-rally

‘ਪੋਲ ਖੋਲ੍ਹ’ ਰੈਲੀ ਦੌਰਾਨ ਮੰਚ ‘ਤੇ ਬੈਠੇ ਅਕਾਲੀ ਦਲ ਦੇ ਪ੍ਰਧਾਨ ਸੁਖਬੀਰ ਸਿੰਘ ਬਾਦਲ, ਬਿਕਰਮ ਸਿੰਘ ਮਜੀਠੀਆ, ਸ਼ਰਨਜੀਤ ਸਿੰਘ ਢਿੱਲੋਂ ਤੇ ਹੋਰ ਆਗੂ।

ਮਾਛੀਵਾੜਾ/ਨਿਊਜ਼ ਬਿਊਰੋ:
ਸ਼੍ਰੋਮਣੀ ਅਕਾਲੀ ਦਲ (ਬਾਦਲ) ਦੀ ਹਲਕਾ ਸਾਹਨੇਵਾਲ ਦੀ ਕੂੰਮ ਕਲਾਂ ਅਨਾਜ ਮੰਡੀ ਵਿੱਚ ਵਿਧਾਇਕ ਸ਼ਰਨਜੀਤ ਸਿੰਘ ਢਿੱਲੋਂ ਦੀ ਅਗਵਾਈ ਹੇਠ ‘ਪੋਲ ਖੋਲ੍ਹ’ ਰੈਲੀ ਹੋਈ, ਜਿਸ ਵਿੱਚ ਪਾਰਟੀ ਪ੍ਰਧਾਨ ਸੁਖਬੀਰ ਸਿੰਘ ਬਾਦਲ ਵਿਸ਼ੇਸ਼ ਤੌਰ ‘ਤੇ ਪੁੱਜੇ।
ਰੈਲੀ ਨੂੰ ਸੰਬੋਧਨ ਕਰਦਿਆਂ ਸੁਖਬੀਰ ਸਿੰਘ ਬਾਦਲ ਨੇ ਕਿਹਾ ਕਿ ਗਾਂਧੀ ਪਰਿਵਾਰ ਵੱਲੋਂ ਸਿੱਖ ਕੌਮ ‘ਤੇ ਕੀਤੇ ਜ਼ੁਲਮਾਂ ਨੂੰ ਭੁਲਾਇਆ ਨਹੀਂ ਜਾ ਸਕਦਾ। ਉਨ੍ਹਾਂ ਕਿਹਾ ਕਿ ਕੈਪਟਨ ਅਮਰਿੰਦਰ ਸਿੰਘ ਨੇ ਕੂੜ ਪ੍ਰਚਾਰ ਕੀਤਾ ਕਿ ਪਿਛਲੇ ਸਮੇਂ ਦੌਰਾਨ ਗੁਰੂ ਗ੍ਰੰਥ ਸਾਹਿਬ ਦੀ ਬੇਅਦਬੀ ਦੀਆਂ ਘਟਨਾਵਾਂ ਲਈ ਅਕਾਲੀ ਸਰਕਾਰ ਜ਼ਿੰਮੇਵਾਰ ਹੈ। ਉਨ੍ਹਾਂ ਕਿਹਾ ਕਿ ਕੈਪਟਨ, ਪੰਜਾਬ ਦੇ ਸਭ ਤੋਂ ਮਾੜੇ ਮੁੱਖ ਮੰਤਰੀ ਸਾਬਿਤ ਹੋਏ ਹਨ ਤੇ ਉਨ੍ਹਾਂ ਸੂਬੇ ਦੇ 70 ਫ਼ੀਸਦੀ ਨੌਜਵਾਨਾਂ ਨੂੰ ਨਸ਼ੇੜੀ ਆਖ ਕੇ ਸਾਰੀ ਦੁਨੀਆਂ ਵਿੱਚ ਪੰਜਾਬੀ ਨੌਜਵਾਨਾਂ ਨੂੰ ਬਦਨਾਮ ਕਰ ਦਿੱਤਾ। ਉਨ੍ਹਾਂ ਕਿਹਾ ਕਿ ਕੈਪਟਨ ਅਮਰਿੰਦਰ ਸਿੰਘ ਨੇ ਗੁਟਕੇ ਦੀ ਝੂਠੀ ਸਹੁੰ ਖਾਧੀ ਤੇ ਅੱਜ ਤੱਕ ਇੱਕ ਵੀ ਵੱਡਾ ਨਸ਼ਾ ਤਸਕਰ ਨਹੀਂ ਫੜਿਆ। ਸ੍ਰੀ ਬਾਦਲ ਨੇ ਕਿਹਾ ਕਿ ਕੈਪਟਨ ਤੇ ਉਸ ਦੇ ਮੰਤਰੀ ਸਰਕਾਰ ਦਾ ਖ਼ਜ਼ਾਨਾ ਖਾਲੀ ਦੱਸ ਕੇ ਆਪਣੀ ਜ਼ਿੰਮੇਵਾਰੀ ਤੋਂ ਭੱਜ ਰਹੇ ਹਨ। ਸ੍ਰੀ ਬਾਦਲ ਨੇ ਕਿਹਾ ਕਿ ਕਾਂਗਰਸ ਸਰਕਾਰ ਵੱਲੋਂ ਰੱਖੇ ਬਜਟ ਸੈਸ਼ਨ ਦੌਰਾਨ ਲੋਕਾਂ ਦੇ ਹੱਕਾਂ ‘ਤੇ ਡਾਕਾ ਮਾਰਨ ਵਾਲੀ ਇਸ ਸਰਕਾਰ ਖ਼ਿਲਾਫ਼ 20 ਮਾਰਚ ਨੂੰ ਸ਼੍ਰੋਮਣੀ ਅਕਾਲੀ ਦਲ ਸਦਨ ਦਾ ਘਿਰਾਓ ਕਰੇਗਾ।
ਸਾਬਕਾ ਮੰਤਰੀ ਬਿਕਰਮ ਸਿੰਘ ਮਜੀਠੀਆ ਨੇ ਕਾਂਗਰਸ ਸਰਕਾਰ ‘ਤੇ ਵਰ੍ਹਦਿਆਂ ਕਿਹਾ ਕਿ ਕਾਂਗਰਸ ਸਰਕਾਰ ਤੋਂ ਸਾਰੇ ਵਰਗ ਦੁਖੀ ਹਨ। ਉਨ੍ਹਾਂ ਕਿਹਾ ਕਿ ਕੈਪਟਨ ਅਮਰਿੰਦਰ ਸਿੰਘ ਅਤੇ ਉਸ ਦੀ ਟੀਮ ਵਿੱਚ ਸ਼ਾਮਲ ਬੰਟੀ (ਮਨਪ੍ਰੀਤ ਬਾਦਲ) ਅਤੇ ਬਬਲੀ (ਨਵਜੋਤ ਸਿੰਘ ਸਿੱਧੂ) ਸਾਰੀਆਂ ਭਲਾਈ ਸਕੀਮਾਂ ਬੰਦ ਕਰਨ ‘ਤੇ ਉਤਾਰੂ ਹੋਏ ਪਏ ਹਨ। ਉਨ੍ਹਾਂ ਕਿਹਾ ਕਿ ਕੈਪਟਨ ਦੀ ਸਰਕਾਰ ਨੇ 7 ਦਿਨ ਦਾ ਬਜਟ ਸੈਸ਼ਨ ਰੱਖ ਕੇ ਇਹ ਦਰਸਾ ਦਿੱਤਾ ਕਿ ਉਹ ਸਭ ਤੋਂ ਨਿਕੰਮੀ ਸਰਕਾਰ ਹੈ, ਕਿਉਂਕਿ ਉਹ ਵਿਧਾਇਕਾਂ ਨੂੰ ਲੋਕਾਂ ਦੀ ਆਵਾਜ਼ ਉਠਾਉਣ ਦਾ ਮੌਕਾ ਨਹੀਂ ਦੇਣਾ ਚਾਹੁੰਦੀ। ਯੂਥ ਆਗੂ ਸਿਮਰਨਜੀਤ ਸਿੰਘ ਢਿੱਲੋਂ ਨੇ ‘ਪੋਲ ਖੋਲ੍ਹ’ ਰੈਲੀ ਨੂੰ ਸਫ਼ਲ ਬਣਾਉਣ ਲਈ ਹਲਕਾ ਸਾਹਨੇਵਾਲ ਦੇ ਲੋਕਾਂ ਦਾ ਧੰਨਵਾਦ ਕੀਤਾ। ਇਸ ਮੌਕੇ ਸਾਬਕਾ ਸਪੀਕਰ ਚਰਨਜੀਤ ਸਿੰਘ ਅਟਵਾਲ, ਸਾਬਕਾ ਮੰਤਰੀ ਸਿਕੰਦਰ ਸਿੰਘ ਮਲੂਕਾ ਆਦਿ ਹਾਜ਼ਰ ਸਨ। ਰੈਲੀ ਮਗਰੋਂ ਸੁਖਬੀਰ ਸਿੰਘ ਬਾਦਲ ਆਪਣੇ ਸਾਥੀਆਂ ਨਾਲ ਨਾਮਧਾਰੀ ਸੰਪਰਦਾ ਦੇ ਪ੍ਰਮੁੱਖ ਕੇਂਦਰ ਭੈਣੀ ਸਾਹਿਬ ਵਿਖੇ ਪੁੱਜੇ ਤੇ ਮਾਤਾ ਦਲੀਪ ਕੌਰ ਦੇ ਦੇਹਾਂਤ ‘ਤੇ ਨਾਮਧਾਰੀ ਮੁਖੀ ਸਤਿਗੁਰੂ ਉਦੈ ਸਿੰਘ ਨਾਲ ਦੁੱਖ ਸਾਂਝਾ ਕੀਤਾ।
ਗਰੇਵਾਲ ਵੱਲੋਂ ਮੀਡੀਆ ਨੂੰ ਵਿਕਾਊ ਕਹਿਣ ‘ਤੇ ਪੱਤਰਕਾਰ ਭੜਕੇ: ਪੋਲ ਖੋਲ੍ਹ ਰੈਲੀ ਦੌਰਾਨ ਮਾਹੌਲ ਉਦੋਂ ਤਣਾਅਪੂਰਨ ਬਣ ਗਿਆ ਜਦੋਂ ਸਾਬਕਾ ਮੁੱਖ ਮੰਤਰੀ ਪ੍ਰਕਾਸ਼ ਸਿੰਘ ਬਾਦਲ ਦੇ ਸਲਾਹਕਾਰ ਰਹੇ ਮਹੇਸ਼ਇੰਦਰ ਸਿੰਘ ਗਰੇਵਾਲ ਨੇ ਮੀਡੀਆ ਨੂੰ ਵਿਕਾਊ ਕਹਿਣਾ ਸ਼ੁਰੂ ਕਰ ਦਿੱਤਾ। ਉਨ੍ਹਾਂ ਕਿਹਾ, ”ਮੀਡੀਆ ਵਿਕੋ-ਵਿਕੋ ਪਰ ਐਨਾ ਨਾ ਵਿਕੋ ਕੀ ਲੋਕਾਂ ਨੂੰ ਸੱਚ ਨਾ ਦਿਖਾਇਆ ਜਾ ਸਕੇ।” ਐਨਾ ਕਹਿਣ ਦੀ ਦੇਰ ਸੀ ਕਿ ਪੰਡਾਲ ਵਿੱਚ ਬੈਠੇ ਮੀਡੀਆ ਕਰਮੀ ਭੜਕ ਉਠੇ ਤੇ ਰੈਲੀ ਦੇ ਬਾਈਕਾਟ ਦਾ ਵਿਚਾਰ ਕਰਨ ਲੱਗੇ, ਪਰ ਹਲਕਾ ਸਾਹਨੇਵਾਲ ਦੇ ਵਿਧਾਇਕ ਸ਼ਰਨਜੀਤ ਸਿੰਘ ਢਿੱਲੋਂ ਅਤੇ ਉਨ੍ਹਾਂ ਦੇ ਪੁੱਤਰ ਸਿਮਰਨਜੀਤ ਸਿੰਘ ਢਿੱਲੋਂ ਦੀ ਨਿਮਰ ਰਵੱਈਏ ਮਗਰੋਂ ਸ਼ਾਂਤ ਹੋ ਗਏ। ਰੈਲੀ ਦੌਰਾਨ ਬਿਕਰਮ ਮਜੀਠੀਆ ਨੇ ਸ਼ਰਨਜੀਤ ਸਿੰਘ ਢਿੱਲੋਂ ਨੂੰ ਜਿੱਥੇ ਆਪਣਾ ਸਿਆਸੀ ਗੁਰੂ ਦੱਸਿਆ, ਉਥੇ ਹਲਕੇ ਤੋਂ ਕਾਂਗਰਸ ਪਾਰਟੀ ਦੀ ਨੁਮਾਇੰਦਗੀ ਕਰ ਰਹੀ ਸਤਵਿੰਦਰ ਕੌਰ ਬਿੱਟੀ ਨੂੰ ਰਗੜੇ ਲਾਏ।
‘ਕਾਂਗਰਸ ਸਰਕਾਰ ਲੰਗਰ ‘ਤੇ ਆਪਣੇ ਹਿੱਸੇ ਦਾ ਜੀਐਸਟੀ ਮੁਆਫ਼ ਕਰੇ’
ਪੱਤਰਕਾਰਾਂ ਵੱਲੋਂ ਗੁਰਦੁਆਰਿਆਂ ਵਿੱਚ ਲੰਗਰ ਦੀ ਰਸਦ ‘ਤੇ ਲੱਗਦੇ 5 ਫ਼ੀਸਦੀ ਜੀਐਸਟੀ ਬਾਰੇ ਸਵਾਲ ਪੁੱਛੇ ਜਾਣ ‘ਤੇ ਸੁਖਬੀਰ ਸਿੰਘ ਬਾਦਲ ਨੇ ਕਿਹਾ ਕਿ ਇਹ ਸਿੱਖ ਸ਼ਰਧਾਲੂਆਂ ਦੀ ਸ਼ਰਧਾ ਨਾਲ ਜੁੜਿਆ ਮਾਮਲਾ ਹੈ। ਉਨ੍ਹਾਂ ਕੈਪਟਨ ਸਰਕਾਰ ਵੱਲ ਗੋਲਾ ਦਾਗਦਿਆਂ ਕਿਹਾ ਕਿ ਸੂਬੇ ਦੀ ਕਾਂਗਰਸ ਸਰਕਾਰ ਲੰਗਰ ਦੇ ਰਸਦ ‘ਤੇ ਜੋ ਜੀਐਸਟੀ ਵਸੂਲਦੀ ਹੈ, ਉਹ ਮੁਆਫ਼ ਕਰ ਦੇਵੇ ਤੇ ਅਕਾਲੀ ਦਲ, ਕੇਂਦਰ ਸਰਕਾਰ ਤੋਂ ਬਾਕੀ ਦਾ ਢਾਈ ਫ਼ੀਸਦੀ ਟੈਕਸ ਮੁਆਫ਼ ਕਰਵਾ ਦੇਵੇਗਾ।