ਬਾਦਲਾਂ ਦਾ ਸਾਬਕਾ ਮੰਤਰੀ ਸੁੱਚਾ ਸਿਹੁੰ ਸਾਬਤ ਨਹੀਂ ਹੋਇਆ ਬਲਾਤਕਾਰੀ

0
75

sucha-s-langah
ਅਦਾਲਤ ਵੱਲੋਂ ਬਰੀ ਕੀਤੇ ਜਾਣ ਤੋਂ ਬਾਅਦ ਸੁੱਚਾ ਸਿੰਘ ਲੰਗਾਹ ਆਪਣੇ ਹਮਾਇਤੀਆਂ ਨਾਲ।

ਗੁਰਦਾਸਪੁਰ/ਬਿਊਰੋ ਨਿਊਜ਼ :

ਸੋਸ਼ਲ ਮੀਡੀਆ ‘ਤੇ ਵਾਇਰਲ ਹੋਈ ਇਕ ਵੀਡੀਓ ਵਿਚ ਇਕ ਔਰਤ ਨਾਲ ਇਤਰਾਜ਼ਯੋਗ ਹਾਲਤ ਵਿਚ ਦਿਖੇ ਜਾਣ ਤੋਂ ਬਾਅਦ ਬਲਾਤਕਾਰ ਦੇ ਦੋਸ਼ਾਂ ਦਾ ਸਾਹਮਣਾ ਕਰ ਰਹੇ ਬਾਦਲਾਂ ਦੇ ਚਹੇਤੇ ਸਾਬਕਾ ਅਕਾਲੀ ਮੰਤਰੀ ਸੁੱਚਾ ਸਿੰਘ ਲੰਗਾਹ ਆਖਰ ਕਾਨੂੰਨੀ ਲੜਾਈ ਜਿੱਤ ਕੇ ਸਰਕਾਰੀ ਅਦਾਲਤ ਵਿਚੋਂ ਬਰੀ ਹੋ ਗਏ ਹਨ। ਉਨ੍ਹਾਂ ਨੂੰ ਭਾਰੀ ਰਾਹਤ ਦਿੰਦਿਆਂ ਵਧੀਕ ਸੈਸ਼ਨ ਜੱਜ (ਗੁਰਦਾਸਪੁਰ) ਪ੍ਰੇਮ ਕੁਮਾਰ ਦੀ ਅਦਾਲਤ ਨੇ ਬਲਾਤਕਾਰ ਅਤੇ ਧਾਰਮਿਕ ਭਾਵਨਾਵਾਂ ਨੂੰ ਠੇਸ ਪਹੁੰਚਾਉਣ ਦੇ ਕੇਸ ਵਿਚੋਂ ਬਰੀ ਕਰ ਦਿੱਤਾ ਹੈ। ਸ੍ਰੀ ਲੰਗਾਹ ਖ਼ਿਲਾਫ਼ ਵਿਜੀਲੈਂਸ ਵਿਭਾਗ ਪਠਾਨਕੋਟ ਵਿਖੇ ਤਾਇਨਾਤ ਇੱਕ ਮਹਿਲਾ ਕਾਂਸਟੇਬਲ ਦੀ ਸ਼ਿਕਾਇਤ ਉੱਤੇ ਸਿਟੀ ਪੁਲੀਸ (ਗੁਰਦਾਸਪੁਰ)  ਵਿਖੇ 28 ਸਤੰਬਰ, 2017 ਨੂੰ ਧਾਰਾ 376 (ਬਲਾਤਕਾਰ) ਤੇ ਹੋਰ ਧਾਰਾਵਾਂ ਤਹਿਤ ਕੇਸ ਦਰਜ ਕੀਤਾ ਗਿਆ ਸੀ।
ਸੁਣਵਾਈ ਦੌਰਾਨ ਸਬੰਧਤ ਔਰਤ ਆਪਣੇ ਪਹਿਲੇ ਬਿਆਨਾਂ ਤੋਂ ਮੁੱਕਰ ਗਈ। ਉਸ ਨੇ ਅਦਾਲਤ ਵਿੱਚ ਕਿਹਾ ਕਿ ਪੁਲੀਸ ਨੇ ਦਬਾਅ ਪਾ ਕੇ ਸ੍ਰੀ ਲੰਗਾਹ ਖਿਲਾਫ਼ ਸ਼ਿਕਾਇਤ ਕਰਵਾਈ ਸੀ। ਉਸ ਨੇ ਵੀਡੀਓ ਵਿਚ ਵੀ ਆਪਣੇ ਹੋਣ ਤੋਂ ਇਨਕਾਰ ਕੀਤਾ। ਇਸ ਕਾਰਨ ਸ੍ਰੀ ਲੰਗਾਹ ਅਦਾਲਤ ਵਿੱਚੋਂ ਜ਼ਮਾਨਤ ਲੈਣ ਵਿਚ ਵੀ ਸਫਲ ਹੋ ਗਏ। ਇਸੇ ਰੌਸ਼ਨੀ ਵਿਚ ਅਦਾਲਤ ਨੇ ਸ੍ਰੀ ਲੰਗਾਹ ਨੂੰ ਧਾਰਾ 376 (ਬਲਾਤਕਾਰ) ਅਤੇ 295ਏ (ਧਾਰਮਿਕ ਭਾਵਨਾਵਾਂ ਨੂੰ ਠੇਸ ਪਹੁੰਚਾਉਣ) ਤਹਿਤ ਦੋਸ਼ਾਂ ਤੋਂ ਬਰੀ ਕਰ ਦਿੱਤਾ।
ਪਹਿਲਾਂ ਇਸੇ ਮਹਿਲਾ ਨੇ ਦੋਸ਼ ਲਗਾਇਆ ਸੀ ਕਿ ਸ੍ਰੀ ਲੰਗਾਹ ਸਾਲ 2009 ਤੋਂ ਉਸ ਦਾ ਜਿਨਸੀ ਸ਼ੋਸ਼ਣ ਕਰ ਰਹੇ ਸਨ। ਇਸ ਸਬੰਧੀ ਇੱਕ ਅਸ਼ਲੀਲ ਵੀਡੀਓ ਵੀ ਵਾਇਰਲ ਹੋਈ ਸੀ, ਜਿਸ ਕਾਰਨ ਪੰਜਾਬ ਦੀ ਸਿਆਸਤ ਵਿੱਚ ਭੂਚਾਲ ਆ ਗਿਆ ਸੀ। ਉਦੋਂ ਲੋਕ ਸਭਾ ਜ਼ਿਮਨੀ ਚੋਣ ਹੋਣ ਕਾਰਨ ਕਾਂਗਰਸ ਨੂੰ ਫਾਇਦਾ ਵੀ ਮਿਲਿਆ ਸੀ।
ਘਟਨਾ ਬਾਅਦ ਸ੍ਰੀ ਲੰਗਾਹ ਨੂੰ ਸ਼੍ਰੋਮਣੀ ਅਕਾਲੀ ਦਲ ਵਿੱਚੋਂ ਕੱਢ ਦਿੱਤਾ ਗਿਆ ਅਤੇ ਸ੍ਰੀ ਅਕਾਲ ਤਖ਼ਤ ਨੇ ਵੀ ਪੰਥ ਵਿੱਚੋਂ ਛੇਕ ਦਿੱਤਾ ਸੀ। ਕੇਸ ਦਰਜ ਹੋਣ ਪਿੱਛੋਂ ਸ੍ਰੀ ਲੰਗਾਹ ਰੂਪੋਸ਼ ਹੋ ਗਏ ਸਨ ਪਰ ਪੇਸ਼ਗੀ ਜ਼ਮਾਨਤ ਰੱਦ ਹੋਣ ਬਾਅਦ ਗੁਰਦਾਸਪੁਰ ਅਦਾਲਤ ਵਿਚ ਆਤਮ-ਸਮਰਪਣ ਕੀਤਾ ਸੀ। ਵੀਡੀਓ ਵਾਇਰਲ ਹੋਣ ਉਪਰੰਤ ਸਿੱਖ ਸੰਗਠਨਾਂ ਦੀ ਮੰਗ ਉੱਤੇ ਧਾਰਮਿਕ ਭਾਵਨਾਵਾਂ ਨੂੰ ਠੇਸ ਪਹੁੰਚਾਉਣ ਦੀ ਧਾਰਾ 295ਏ ਵੀ ਕੇਸ ਵਿਚ ਜੋੜੀ ਗਈ ਸੀ।