ਪੁਰਖਿਆਂ ਦੀ ਧਰਤੀ ਨੂੰ ਨਤਮਸਤਕ ਹੋਣ ਆਵੇਗੀ ਬਰਤਾਨਵੀ ਪੰਜਾਬੀਆਂ ਦੀ ਨਵੀਂ ਪੀੜ੍ਹੀ

0
174

southaal_punjabi_england
ਚੰਡੀਗੜ੍ਹ/ਬਿਊਰੋ ਨਿਊਜ਼ :
ਪੰਜਾਬ ਸਰਕਾਰ ਵੱਲੋਂ ਵਿਦੇਸ਼ਾਂ ਵਿਚ ਵਸਦੇ ਨੌਜਵਾਨਾਂ ਨੂੰ ਆਪਣੇ ਪੁਰਖਿਆਂ ਦੀ ਮਾਤ-ਭੂਮੀ ਨਾਲ ਜੋੜਨ ਲਈ ਸ਼ੁਰੂ ਕੀਤੀ ‘ਆਪਣੀਆਂ ਜੜ੍ਹਾਂ ਨਾਲ ਜੁੜੋ’ ਸਕੀਮ ਤਹਿਤ ਬਰਤਾਨੀਆ ਤੋਂ ਐੱਨਆਰਆਈ ਨੌਜਵਾਨਾਂ ਦਾ ਪਹਿਲਾ ਬੈਚ 6 ਤੋਂ 17 ਅਗਸਤ 2018 ਤੱਕ ਪੰਜਾਬ ਦੀ ਫੇਰੀ ‘ਤੇ ਆਵੇਗਾ।
ਐੱਨਆਰਆਈ ਮਾਮਲਿਆਂ ਦੇ ਪ੍ਰਮੁੱਖ ਸਕੱਤਰ ਐੱਸਆਰ ਲੱਧੜ ਨੇ ਦੱਸਿਆ ਕਿ ਇਹ ਬੈਚ 16 ਤੋਂ 22 ਸਾਲ ਦੀ ਉਮਰ ਵਾਲੇ 10 ਲੜਕੇ-ਲੜਕੀਆਂ ‘ਤੇ ਆਧਾਰਤ ਹੋਵੇਗਾ ਤੇ ਨੌਜਵਾਨਾਂ ਦੇ ਆਉਣ-ਜਾਣ ਤੇ ਰਹਿਣ-ਸਹਿਣ ਦਾ ਸਾਰਾ ਖਰਚਾ ਸੂਬਾ ਸਰਕਾਰ ਸਹਿਣ ਕਰੇਗੀ। ਸਰਕਾਰ ਨੇ ‘ਆਪਣੀਆਂ ਜੜ੍ਹਾਂ ਨਾਲ ਜੁੜੋ’ ਪ੍ਰੋਗਰਾਮ ਤਹਿਤ ਬਰਤਾਨੀਆ ਆਧਾਰਤ ਐੱਨਆਰਆਈ ਵਰਿੰਦਰ ਸਿੰਘ ਖੇੜਾ ਨੂੰ ਸਥਾਨਕ ਕੋਆਰਡੀਨੇਟਰ ਨਿਯੁਕਤ ਕੀਤਾ ਹੈ ਜੋ ਪੰਜਾਬ ਆਉਣ ਵਾਲੇ ਨੌਜਵਾਨਾਂ ਦੇ ਗਰੁੱਪ ਅਤੇ ਸੂਬੇ ਦੇ ਐੱਨਆਰਆਈ ਮਾਮਲਿਆਂ ਬਾਰੇ ਵਿਭਾਗ ਦਰਮਿਆਨ ਤਾਲਮੇਲ ਬਿਠਾਉਣਗੇ।
ਸ੍ਰੀ ਖੇੜਾ ਨੂੰ ਪੰਜਾਬ ਆਉਣ ਵਾਲੇ ਨੌਜਵਾਨਾਂ ਬਾਰੇ ਸਮੁੱਚੀ ਜਾਣਕਾਰੀ 30 ਜੂਨ ਤਕ ਮੁਹੱਈਆ ਕਰਵਾਉਣ ਲਈ ਕਿਹਾ ਗਿਆ ਹੈ। ਪੰਜਾਬ ਆਉਣ ਵਾਲੇ ਐੱਨਆਰਆਈ ਨੌਜਵਾਨ ਅੰਮ੍ਰਿਤਸਰ ‘ਚ ਸ੍ਰੀ ਹਰਿਮੰਦਰ ਸਾਹਿਬ ਨਤਮਸਤਕ ਹੋਣਗੇ। ਇਸ ਤੋਂ ਇਲਾਵਾ ਜਲ੍ਹਿਆਂਵਾਲਾ ਬਾਗ, ਵਾਹਗਾ ਬਾਰਡਰ, ਜੰਗੀ ਯਾਦਗਾਰ, ਜੰਗ-ਏ-ਆਜ਼ਾਦੀ ਕਰਤਾਰਪੁਰ (ਜਲੰਧਰ), ਸ਼ਹੀਦ-ਏ-ਆਜ਼ਮ ਭਗਤ ਸਿੰਘ ਯਾਦਗਾਰ ਬੰਗਾ, ਖਾਲਸਾ ਵਿਰਾਸਤ ਕੰਪਲੈਕਸ ਸ੍ਰੀ ਅਨੰਦਪੁਰ ਸਾਹਿਬ, ਪੰਜਾਬ ਸਿਵਲ ਸਕੱਤਰੇਤ, ਪੰਜਾਬ ਤੇ ਹਰਿਆਣਾ ਹਾਈ ਕੋਰਟ ਆਦਿ ਵੀ ਜਾਣਗੇ।
ਇਹ ਨੌਜਵਾਨ ਇਕ ਜਾਂ ਦੋ ਦਿਨ ਆਪਣੇ ਪੁਰਖਿਆਂ ਦੇ ਪਿੰਡ ਵਿਚ ਬਿਤਾਉਣਗੇ ਅਤੇ 15 ਅਗਸਤ ਨੂੰ ਸਬੰਧਤ ਜ਼ਿਲ੍ਹਾ ਹੈੱਡਕੁਆਰਟਰਾਂ ‘ਤੇ ਆਜ਼ਾਦੀ ਦਿਹਾੜੇ ‘ਤੇ ਹੋਣ ਵਾਲੇ ਸਮਾਗਮਾਂ ਵਿਚ ਵੀ ਸ਼ਿਰਕਤ ਕਰਨਗੇ। ਇਹ ਨੌਜਵਾਨ ਪੰਜਾਬ ਦੇ ਰਵਾਇਤੀ ਤੇ ਲਜ਼ੀਜ਼ ਖਾਣੇ ਦਾ ਆਨੰਦ ਲੈਣਗੇ। ਇਨ੍ਹਾਂ ਨੂੰ ਪੰਜਾਬ ਖੇਤੀਬਾੜੀ ਯੂਨੀਵਰਸਿਟੀ ਲੁਧਿਆਣਾ, ਭਾਖੜਾ ਡੈਮ ਨੰਗਲ ਅਤੇ ਸੂਬੇ ਦੀਆਂ ਇਕ ਜਾਂ ਦੋ ਸਨਅਤੀ ਯੂਨਿਟਾਂ ਵਿਚ ਵੀ ਲਿਜਾਣ ਦੇ ਯਤਨ ਕੀਤੇ ਜਾਣਗੇ।
ਜ਼ਿਕਰਯੋਗ ਹੈ ਕਿ ਮੁੱਖ ਮੰਤਰੀ ਕੈਪਟਨ ਅਮਰਿੰਦਰ ਸਿੰਘ ਨੇ ਸਤੰਬਰ 2017 ਨੂੰ ਲੰਡਨ (ਇੰਗਲੈਂਡ) ਤੋਂ ‘ਆਪਣੀਆਂ ਜੜ੍ਹਾਂ ਨਾਲ ਜੁੜੋ’ ਨਾਂ ਹੇਠ ਨਿਵੇਕਲੇ ਪ੍ਰੋਗਰਾਮ ਦੀ ਸ਼ੁਰੂਆਤ ਕੀਤੀ ਸੀ ਜਿਥੇ ਉਨ੍ਹਾਂ ਨੌਜਵਾਨ ਲੜਕੇ-ਲੜਕੀਆਂ ਖਾਸ ਕਰਕੇ ਕਦੇ ਵੀ ਭਾਰਤ ਨਾ ਆਉਣ ਵਾਲੇ ਨੌਜਵਾਨਾਂ ਨੂੰ ਦੋ ਹਫ਼ਤਿਆਂ ਦੇ ਪ੍ਰੋਗਰਾਮ ਤਹਿਤ ਪੰਜਾਬ ਆਉਣ ਦਾ ਸੱਦਾ ਦਿੱਤਾ ਸੀ।