ਮੁਸਲਿਮ ਤੋਂ ਸਿੱਖ ਬਣੀ ਸੋਨੀਆ ਸਿੰਘ ‘ਧੋਖੇਬਾਜ਼’ ਪਤੀ ਨੂੰ ਲੱਭਣ ਲਈ ਨਿਊਯਾਰਕ ਤੋਂ ਜਲੰਧਰ ਆਈ

0
267

sonia-singh
ਜਲੰਧਰ/ਬਿਊਰੋ ਨਿਊਜ਼ :
ਮੁਸਲਿਮ ਧਰਮ ਛੱਡ ਕੇ ਸਿੱਖੀ ਧਾਰਨ ਕਰਨ ਵਾਲੀ ਸੋਨੀਆ ਕਬੀਰ ਨੇ ਕਪੂਰਥਲਾ ਦੇ ਰਹਿਣ ਵਾਲੇ ਸਤਿਨਾਮ ਸਿੰਘ ‘ਤੇ ਦੋਸ਼ ਲਾਇਆ ਹੈ ਕਿ ਉਹ ਅਮਰੀਕਾ ਤੋਂ ਆਪਣੇ ਪਤੀ ਨੂੰ ਲੱਭਣ ਲਈ ਆਈ ਹੈ, ਜਿਹੜਾ ਇਥੇ ਦੂਜਾ ਵਿਆਹ ਕਰਵਾਉਣ ਦੀ ਤਿਆਰੀ ਵਿੱਚ ਹੈ। ਇਥੇ ਮੀਡੀਆ ਨਾਲ ਗੱਲਬਾਤ ਕਰਦਿਆਂ ਉਨ੍ਹਾਂ ਕਿਹਾ ਕਿ ਨਿਊਯਾਰਕ ਵਿਚ ਉਸ ਦੀ ਮੁਲਾਕਾਤ ਕਪੂਰਥਲਾ ਦੇ ਸਤਿਨਾਮ ਸਿੰਘ ਨਾਲ ਹੋਈ ਸੀ। ਉਹ ਉਥੇ ਕੱਚਾ ਸੀ ਤੇ 6 ਸਤੰਬਰ 2012 ਨੂੰ ਦੋਵਾਂ ਨੇ ਕਾਨੂੰਨੀ ਤੌਰ ‘ਤੇ ਵਿਆਹ ਕਰਵਾ ਲਿਆ ਸੀ।
ਮੂਲ ਰੂਪ ਵਿਚ ਬੰਗਲਾਦੇਸ਼ ਦੀ ਰਹਿਣ ਵਾਲੀ ਸੋਨੀਆ ਕਬੀਰ ਨੇ ਕਿਹਾ ਕਿ ਉਹ ਸਿੱਖ ਧਰਮ ਅਪਣਾ ਕੇ ਸੋਨੀਆ ਸਿੰਘ ਬਣ ਗਈ ਸੀ ਤੇ ਵਿਆਹ ਦੇ ਚਾਰ ਸਾਲ ਬਾਅਦ ਗਰੀਨ ਕਾਰਡ ਮਿਲਣ ਬਾਅਦ ਉਸ ਦਾ ਪਤੀ ਉਸ ਨੂੰ ਧੋਖਾ ਦੇ ਕੇ ਫ਼ਰਾਰ ਹੋ ਗਿਆ। ਆਪਣੇ ਪਤੀ ਨੂੰ ਲੱਭਣ ਲਈ ਪੰਜਾਬ ਆਈ ਸੋਨੀਆ ਨੇ ਮੁੱਖ ਮੰਤਰੀ ਕੈਪਟਨ ਅਮਰਿੰਦਰ ਸਿੰਘ ਨੂੰ ਫਰਿਆਦ ਕਰਦਿਆਂ ਕਿਹਾ ਕਿ ਉਸ ਨੂੰ ਇਨਸਾਫ਼ ਦੁਆਇਆ ਜਾਵੇ। ਸੋਨੀਆ ਸਿੰਘ ਨੇ ਦੱਸਿਆ ਕਿ ਉਸ ਨੂੰ ਇਸ ਗੱਲ ਦੀ ਭਿਣਕ ਪਈ ਸੀ ਕਿ ਉਸ ਦਾ ਪਤੀ ਪੰਜਾਬ ਚਲਾ ਗਿਆ ਹੈ ਤੇ ਇਥੇ ਉਹ ਦੂਜਾ ਵਿਆਹ ਕਰਵਾਉਣ ਦੀਆਂ ਤਿਆਰੀਆਂ ਕਰ ਰਿਹਾ ਹੈ। ਉਸ ਨੇ ਇਹ ਦੋਸ਼ ਵੀ ਲਾਇਆ ਕਿ ਇਸ ਬਾਰੇ ਉਸ ਨੇ ਐਨਆਰਆਈ ਥਾਣੇ ਵਿਚ ਸ਼ਿਕਾਇਤ ਵੀ ਕੀਤੀ ਸੀ ਪਰ ਅਜੇ ਤੱਕ ਉਸ ‘ਤੇ ਕੋਈ ਕਾਰਵਾਈ ਨਹੀਂ ਹੋਈ। ਉਸ ਦਾ ਕਹਿਣਾ ਸੀ ਕਿ ਪੰਜਾਬ ਦੇ ਡੀਜੀਪੀ ਨੂੰ ਵੀ ਸ਼ਿਕਾਇਤ ਕੀਤੀ ਗਈ ਹੈ।