ਮਨਜਿੰਦਰ ਸਿਰਸਾ ਆਰ ਐਸ ਐਸ ਦੀ ਬੋਲੀ ਬੋਲਿਆ

0
323

sirsa-sarna
ਅਖੇ ਟੀਪੂ ਸੁਲਤਾਨ ਨਾ ਤਾਂ ਦੇਸਭਗਤ ਸੀ ਤੇ ਨਾ ਹੀ ਧਰਮ ਨਿਰਪੱਖ : ਸਿਰਸਾ
ਜਲੰਧਰ/ਬਿਊਰੋ ਨਿਊਜ਼:
ਅਕਾਲੀ ਦਲ (ਬਾਦਲ) ਦੇ ਦਿੱਲੀ ਵਿਚਲੇ ਸੀਨੀਅਰ ਆਗੂ ਦਿੱਲੀ ਦੇ ਵਿਧਾਇਕ ਮਨਜਿੰਦਰ ਸਿੰਘ ਸਿਰਸਾ ਨੇ ‘ਆਪ’ ਸਰਕਾਰ ਵੱਲੋਂ ਦਿੱਲੀ ਵਿਧਾਨ ਸਭਾ ਵਿਚ ਟੀਪੂ ਸੁਲਤਾਨ ਦੀ ਤਸਵੀਰ ਲਾਏ ਜਾਣ ਦੇ ਫ਼ੈਸਲੇ ਦਾ ਜ਼ੋਰਦਾਰ ਵਿਰੋਧ ਕਰਦਿਆਂ ਕਿਹਾ ਕਿ ਟੀਪੂ ਸੁਲਤਾਨ ਨਾ ਤਾਂ ਦੇਸ ਭਗਤ ਸੀ ਤੇ ਨਾ ਹੀ ਧਰਮ ਨਿਰਪੱਖ ਸੀ, ਸਗੋਂ ਉਹ ਜਾਬਰ ਸ਼ਾਸਕ ਸੀ, ਜਿਸ ਨੇ ਲੱਖਾਂ ਲੋਕਾਂ ਨੂੰ ਜਬਰੀ ਇਸਲਾਮ ਧਾਰਨ ਕਰਵਾਇਆ। ਉਨ੍ਹਾਂ ਕਿਹਾ ਕਿ ਟੀਪੂ ਸੁਲਤਾਨ ਨੇ ਖ਼ੁਦ ਇਹ ਪ੍ਰਵਾਨ ਕੀਤਾ ਸੀ ਕਿ ਉਸ ਨੇ 4 ਲੱਖ ਹਿੰਦੂਆਂ ਤੇ ਈਸਾਈਆਂ ਨੂੰ ਮੁਸਲਿਮ ਬਣਾਇਆ ਹੈ ਤੇ ਕਈ ਇਤਿਹਾਸਕ ਸ਼ਹਿਰਾਂ ਤੇ ਪਿੰਡਾਂ ਦੇ ਨਾਂ ਤਬਦੀਲ ਕਰਵਾ ਕੇ ਮੁਸਲਿਮ ਨਾਂ ਰਖਵਾਏ।
ਉਨ੍ਹਾਂ ਨੇ ਦਿੱਲੀ ਵਿਧਾਨ ਸਭਾ ਦੇ ਸਪੀਕਰ ਨੂੰ ਅਪੀਲ ਕੀਤੀ ਕਿ ਉਹ ਦਿੱਲੀ ਵਿਧਾਨ ਸਭਾ ਵਿਚੋਂ ਟੀਪੂ ਸੁਲਤਾਨ ਦੀ ਤਸਵੀਰ ਤੁਰੰਤ ਹਟਾਏ ਜਾਣ ਦੇ ਹੁਕਮ ਜਾਰੀ ਕਰਨ ਨਹੀਂ ਤਾਂ ਉਹ ਜਬਰੀ ਇਸ ਨੂੰ ਹਟਾਉਣ ਲਈ ਮਜਬੂਰ ਹੋਣਗੇ।

ਸਿਰਸਾ ਆਰ ਐਸ ਐਸ ਦਾ ਏਜੰਟ-ਸਰਨਾ
ਅਕਾਲੀ ਦਲ ਦਿੱਲੀ ਦੇ ਪ੍ਰਧਾਨ ਪਰਮਜੀਤ ਸਿੰਘ ਸਰਨਾ ਨੇ ਦਿੱਲੀ ਦੇ ਵਿਧਾਇਕ ਮਨਜਿੰਦਰ ਸਿੰਘ ਸਿਰਸਾ ਵੱਲੋਂ ਟੀਪੂ ਸੁਲਤਾਨ ਬਾਰੇ ਦਿੱਤੇ ਬਿਆਨ ਦੀ ਸਖ਼ਤ ਸ਼ਬਦਾਂ ਵਿਚ ਨਿਖੇਧੀ ਕਰਦਿਆਂ ਇਸ ਨੂੰ ਖ਼ਤਰਨਾਕ ਸਾਜ਼ਿਸ਼ ਅਧੀਨ ਘੱਟ ਗਿਣਤੀਆਂ ਦੇ ਲੋਕਾਂ ਨੂੰ ਇੱਕ-ਦੂਜੇ ਦਾ ਦੁਸ਼ਮਣ ਬਣਾਉਣ ਦੇ ਮਕਸਦ ਅਤੇ ਆਰ. ਐੱਸ. ਐੱਸ. ਦੇ ਏਜੰਡੇ ਅਧੀਨ ਮੁਲਕ ਵਿਚ ਅਰਾਜਕਤਾ ਫੈਲਾਉਣ ਵਾਲਾ ਕਰਾਰ ਦਿੱਤਾ । ਉਨ੍ਹਾਂ ਦੋਸ਼ ਲਾਇਆ ਕਿ ਸਿਰਸਾ ਓਹੀ ਬੋਲੀ ਬੋਲਦਾ ਹੈ, ਜੋ ਨਾਗਪੁਰ ਬੈਠੇ ਉਸ ਦੇ ਆਕਾ ਉਸ ਨੂੰ ਬੋਲਣ ਲਈ ਹੁਕਮ ਦਿੰਦੇ ਹਨ।