ਡੇਰਾ ਸਿਰਸਾ ਆਗੂ ਮਹਿੰਦਰਪਾਲ ਬਿੱਟੂ ਨੂੰ ਪੰਜ ਦਿਨਾ ਪੁਲੀਸ ਰਿਮਾਂਡ ‘ਤੇ ਭੇਜਿਆ

0
225

sirsa-dera
ਮੋਗਾ/ਬਿਊਰੋ ਨਿਊਜ਼ :
ਇੱਥੇ ਥਾਣਾ ਸਿਟੀ ਪੁਲੀਸ ਨੇ 7 ਸਾਲ ਪੁਰਾਣੇ ਸਰਕਾਰੀ ਸੰਪਤੀ ਦੀ ਸਾੜ-ਫੂਕ ਕੇਸ ਵਿਚ ਡੇਰਾ ਸਿਰਸਾ ਦੀ 45 ਮੈਂਬਰੀ ਕਮੇਟੀ ਦੇ ਆਗੂ ਮਹਿੰਦਰ ਪਾਲ ਬਿੱਟੂ ਵਾਸੀ ਕੋਟਕਪੂਰਾ ਨੂੰ ਗ੍ਰਿਫ਼ਤਾਰ ਕਰਕੇ ਸਥਾਨਕ ਚੀਫ ਜੁਡੀਸ਼ਲ ਮੈਜਿਸਟਰੇਟ ਬਿਕਰਮਜੀਤ ਸਿੰਘ ਦੀ ਅਦਾਲਤ ਵਿਚ ਪੇਸ਼ ਕੀਤਾ। ਅਦਾਲਤ ਨੇ  ਬਿੱਟੂ ਦਾ ਪੰਜ ਰੋਜ਼ਾ ਪੁਲੀਸ ਰਿਮਾਂਡ ਦਿੱਤਾ ਹੈ।
ਜ਼ਿਲ੍ਹਾ ਪੁਲੀਸ ਮੁਖੀ ਰਾਜਜੀਤ ਸਿੰਘ ਹੁੰਦਲ ਨੇ ਡੇਰਾ ਸਿਰਸਾ ਦੀ 45 ਮੈਂਬਰੀ ਕਮੇਟੀ ਦੇ ਆਗੂ ਮਹਿੰਦਰ ਪਾਲ ਬਿੱਟੂ ਵਾਸੀ ਕੋਟਕਪੂਰਾ ਦੀ ਗ੍ਰਿਫ਼ਤਾਰੀ ਦੀ ਪੁਸ਼ਟੀ ਕਰਦਿਆਂ ਦੱਸਿਆ ਕਿ ਹੋਰ ਪੁੱਛ-ਪੜਤਾਲ ਲਈ ਉਸਦਾ 5 ਰੋਜ਼ਾ ਪੁਲੀਸ ਰਿਮਾਂਡ ਲਿਆ ਗਿਆ ਹੈ। ਇੱਥੇ ਥਾਣਾ ਸਿਟੀ ਵਿੱਚ 7 ਮਾਰਚ 2011 ਨੂੰ ਮੋਗਾ ਦੇ ਪਿੰਡ ਧੱਲੇਕੇ ਵਿੱਚ  ਡੇਰਾ ਸਿਰਸਾ  ਪ੍ਰੇਮੀਆਂ ਤੇ ਸਿੱਖਾਂ ਵਿੱਚ ਹੋਏ ਟਕਰਾਅ ਤੋਂ ਬਾਅਦ ਸਥਾਨਕ ਕੋਟਕਪੂਰਾ ਬਾਈਪਾਸ ਉੱਤੇ ਭੜਕੇ  ਡੇਰਾ ਪ੍ਰੇਮੀਆਂ ਨੇ ਪੀਆਰਟੀਸੀ ਬਰਨਾਲਾ ਡਿਪੂ ਦੀ ਇੱਕ ਬੱਸ ਨੂੰ ਅੱਗ ਲਾਉਣ ਤੋਂ ਇਲਾਵਾ ਹੋਰ ਵਾਹਨਾਂ ਦੀ ਭੰਨਤੋੜ ਕੀਤੀ ਸੀ।
ਇੱਥੇ ਥਾਣਾ ਸਿਟੀ ਵਿਖੇ 7 ਮਾਰਚ 2011 ਨੂੰ ਦਰਜ ਐਫਆਈਆਰ ਮੁਤਾਬਕ 200/300 ਡੇਰਾ ਪ੍ਰੇਮੀਆਂ ਨੇ ਲੁਧਿਆਣਾ ਤੋਂ ਫ਼ਿਰੋਜ਼ਪੁਰ ਜਾ ਰਹੀ ਮੁਸਾਫਰ ਗੱਡੀ ਨੂੰ ਰੋਕਣ ਦੇ ਨਾਲ-ਨਾਲ ਲੁਧਿਆਣਾ-ਫਿਰੋਜ਼ਪੁਰ ਕੌਮੀ ਸ਼ਾਹਰਾਹ ਵੀ ਜਾਮ ਕਰੀ ਰੱਖਿਆ ਸੀ। ਪ੍ਰਸ਼ਾਸਨ ਨੇ ਡੇਰਾ ਪ੍ਰੇਮੀਆਂ ਦੇ ਦਬਾਅ ਹੇਠ ਇਕ ਥਾਣੇਦਾਰ ਦੀ ਮੁਅੱਤਲੀ ਤੋਂ ਬਾਅਦ ਧਰਨਾ ਖ਼ਤਮ ਕੀਤਾ ਸੀ। ਥਾਣਾ ਸਿਟੀ ਪੁਲੀਸ ਨੇ  ਇਹ ਐਫ਼ਆਈਆਰ 2 ਸਾਲ ਬਾਅਦ 3 ਮਾਰਚ 2013 ਨੂੰ ਅਨਟਰੇਸ  ਰਿਪੋਰਟ ਕਰਕੇ ਕਾਰਵਾਈ ਠੰਢੇ ਬਸਤੇ ਵਿੱਚ ਪਾ ਦਿੱਤੀ ਸੀ। ਹੁਣ ਸਿੱਖ ਜਥੇਬੰਦੀਆਂ ਵੱਲੋਂ ਬਰਗਾੜੀ ਵਿੱਚ ਲਾਏ ਮੋਰਚੇ ਬਾਅਦ ਮੁੜ ਇਹ ਕੇਸ ਖੋਲ੍ਹ ਦਿੱਤਾ ਗਿਆ ਹੈ।