ਲੰਗਾਹ ਦੇ ਰਾਜਦਾਰ ਸਿਪਾਹੀਆ ਗੁੱਜਰ ਖ਼ਿਲਾਫ਼ ਕਾਰਵਾਈ ਦੀ ਮੰਗ

0
350

sipahya-gujar-langah
ਅਗਵਾ ਕਰਕੇ ਮਾਰੇ ਬੱਚੇ ਦੇ ਮਾਪਿਆਂ ਨੇ ਕਿਹਾ, ਅਕਾਲੀ-ਭਾਜਪਾ ਸਰਕਾਰ ਸਮੇਂ ਨਹੀਂ ਸੀ ਹੋਈ ਬਹੁਤੀ ਸੁਣਵਾਈ
ਜਲੰਧਰ/ਬਿਊਰੋ ਨਿਊਜ਼ :
ਸੁੱਚਾ ਸਿੰਘ ਲੰਗਾਹ ਦੇ ਰਾਜਦਾਰ ਧਾਰੀਵਾਲ ਸ਼ਹਿਰ ਦੇ ਨਹਿਰ ਕਿਨਾਰੇ ਰਹਿੰਦੇ ਮੁਹੰਮਦ ਰਫੀ ਉਰਫ ਸਿਪਾਹੀਆ ਗੁੱਜਰ ਦੀਆਂ ਮੁਸ਼ਕਲਾਂ ਵਧਦੀਆਂ ਜਾ ਰਹੀਆਂ ਹਨ। ਸਾਲ 2008 ਵਿਚ ਇਕ ਬੱਚੇ ਦੇ ਅਗਵਾ ਹੋਣ ਤੇ ਫਿਰ ਮਾਰੇ ਜਾਣ ਦੇ ਮਾਮਲੇ ਸਬੰਧੀ ਧਾਰੀਵਾਲ ਵਾਸੀ ਵਿਜੇ ਕੁਮਾਰ ਨੇ ਐਸ.ਐਸ.ਪੀ. ਗੁਰਦਾਸਪੁਰ ਨੂੰ ਲਿਖਤੀ ਤੌਰ ‘ਤੇ ਸ਼ਿਕਾਇਤ ਕਰਕੇ ਇਨਸਾਫ਼ ਦੀ ਗੁਹਾਰ ਲਾਈ ਹੈ। ਵਿਜੇ ਕੁਮਾਰ ਨੇ ਦੱਸਿਆ ਕਿ ਉਸ ਦੇ ਬੱਚੇ ਮੁਨੀਸ਼ ਵਰਮਾ ਨੂੰ 2008 ਵਿਚ ਮੁਹੰਮਦ ਰਫੀ ਉਰਫ ਸਿਪਾਹੀਆ ਗੁੱਜਰ ਨੇ ਅਗਵਾ ਕਰਕੇ ਉਸ ਦੀ ਬਲੀ ਦਿੱਤੀ ਸੀ। ਉਨ੍ਹਾਂ ਦੱਸਿਆ ਕਿ ਸਿਪਾਹੀਆ ਗੁੱਜਰ ਨੇ ਉੁਸ ਦੇ ਪੁੱਤਰ ਮੁਨੀਸ਼ ਵਰਮਾ ਦੀ ਬਲੀ ਦੇ ਕੇ ਉਸ ਦੀ ਲਾਸ਼ ਨੂੰ ਧਾਰੀਵਾਲ ਨਹਿਰ ਵਿਚ ਸੁੱਟ ਦਿੱਤਾ ਸੀ। ਉਸ ਸਮੇਂ ਅਕਾਲੀ-ਭਾਜਪਾ ਸਰਕਾਰ ਵਿਚ ਸਿਪਾਹੀਆ ਗੁੱਜਰ ਦੀ ਸਰਕਾਰੇ ਦਰਬਾਰੇ ਪਹੁੰਚ ਹੋਣ ਕਰਕੇ ਉਨ੍ਹਾਂ ਦੀ ਸੁਣਵਾਈ ਨਹੀਂ ਹੋਈ ਸੀ, ਜਿਸ ਕਰਕੇ ਹੁਣ ਉਨ੍ਹਾਂ ਮਾਮਲੇ ਦੀ ਮੁੜ ਜਾਂਚ ਕਰਨ ਦੀ ਮੰਗ ਕੀਤੀ ਹੈ। ਜ਼ਿਕਰਯੋਗ ਹੈ ਕਿ ਮੁਨੀਸ਼ ਘਰ ਦੇ ਬਾਹਰ ਪਾਰਕ ‘ਚ ਸਾਈਕਲ ਚਲਾਉਂਦਿਆਂ ਗੁੰਮ ਹੋ ਗਿਆ ਸੀ। 2 ਦਿਨ ਬਾਅਦ ਬੱਚੇ ਦੀ ਲਾਸ਼ ਜਦੋਂ ਨਹਿਰ ‘ਚੋਂ ਮਿਲੀ ਤਾਂ ਉਸ ਦੇ ਸਾਰੇ ਕੱਪੜੇ ਗਿੱਲੇ ਨਹੀਂ ਸਨ ਅਤੇ ਉਸ ਦਾ ਸਰੀਰ ਵੀ ਗਰਮ ਸੀ। ਭਾਵੇਂ ਕਿ ਪੋਸਟਮਾਰਟਮ ਵਿਚ ਉਸ ਦੀ ਮੌਤ 72 ਘੰਟੇ ਪਹਿਲਾਂ ਹੋਣ ਬਾਰੇ ਕਿਹਾ ਗਿਆ ਸੀ ਪਰ ਮਾਪਿਆਂ ਅਨੁਸਾਰ ਬੱਚੇ ਦਾ ਸਰੀਰ ਉਦੋਂ ਗਰਮ ਸੀ ਅਤੇ ਉਸ ਦੇ ਸਰੀਰ ਉੱਪਰ ਕਰੰਟ ਵਗੈਰਾ ਲਾਏ ਜਾਣ ਦੇ ਨਿਸ਼ਾਨ ਸਨ। ਬੱਚੇ ਦੀ ਮਾਂ ਦਾ ਕਹਿਣਾ ਹੈ ਕਿ ਨਹਿਰ ਕਿਨਾਰੇ ਗੁੱਜਰ ਭਾਈਚਾਰੇ ਦੇ ਲੋਕਾਂ ਦੇ ਡੇਰੇ ਸਨ ਅਤੇ ਉਸ ਵਿਚ ਸਿਪਾਹੀਆ ਗੁੱਜਰ ਆਪਣੇ ਪਰਿਵਾਰ ਸਮੇਤ ਰਹਿੰਦਾ ਸੀ, ਜਿਸ ਨੂੰ ਰਾਜਨੀਤਕ ਸਰਪ੍ਰਸਤੀ ਪ੍ਰਾਪਤ ਸੀ। ਬੱਚੇ ਦੇ ਪਿਤਾ ਵਿਜੇ ਵਰਮਾ ਨੇ ਕਿਹਾ ਕਿ ਜਦੋਂ ਲੜਕੇ ਨੂੰ ਨਹਿਰ ‘ਚੋਂ ਕੱਢਿਆ ਗਿਆ ਤਾਂ ਬੱਚੇ ਦੇ ਸਰੀਰ ਦੇ ਸਾਰੇ ਅੰਗਾਂ ‘ਤੇ ਉਸ ਨੂੰ ਕੋਹ-ਕੋਹ ਕੇ ਮਾਰਨ ਦੇ ਨਿਸ਼ਾਨ ਸਨ। ਉਨ੍ਹਾਂ ਇਹ ਵੀ ਕਿਹਾ ਕਿ ਗੁੱਜਰ ਸਿਪਾਹੀਆ ਵਿਗੜਿਆ ਹੋਇਆ ਰਾਜਨੀਤਕ ਸ਼ਹਿ ਪ੍ਰਾਪਤ ਤਾਂਤਰਿਕ ਵਿਅਕਤੀ ਹੈ, ਜੋ ਸ਼ਾਹੀ ਠਾਠ ਨਾਲ ਰਹਿੰਦਾ ਹੈ ਅਤੇ ਪੂਰੇ ਧਾਰੀਵਾਲ ਵਿਚ ਉਸ ਦੀ ਦਹਿਸ਼ਤ ਹੈ। ਇਹ ਵੀ ਦੱਸਣਯੋਗ ਹੈ ਕਿ ਉਸ ਸਮੇਂ ਗੁਰਦਾਸਪੁਰ ਦੇ ਐਸ. ਐਸ. ਪੀ. ਲੋਕ ਨਾਥ ਆਂਗਰਾ ਸਨ ਅਤੇ ਉਨ੍ਹਾਂ ਵਲੋਂ ਕਰੀਬ ਡੇਢ ਮਹੀਨਾ ਬਾਅਦ ਗੁੱਜਰ ਮੁਹੰਮਦ ਰਫੀ ਉਰਫ ਸਿਪਾਹੀਆ ਤੇ ਉਸ ਦੇ ਪਰਿਵਾਰਕ ਮੈਂਬਰਾਂ ਦੇ ਬਿਆਨ ਕਲਮਬੱਧ ਕੀਤੇ ਗਏ ਅਤੇ ਪਰਿਵਾਰਕ ਮੈਂਬਰਾਂ ਮੁਤਾਬਕ ਹੌਲੀ-ਹੌਲੀ ਇਹ ਕੇਸ ਠੰਢੇ ਬਸਤੇ ਵਿਚ ਪੈ ਗਿਆ। ਭਰੋਸੇਯੋਗ ਸੂਤਰਾਂ ਅਨੁਸਾਰ ਜਦੋਂ ਦਾ ਸੁੱਚਾ ਸਿੰਘ ਲੰਗਾਹ ਮਾਮਲਾ ਸ਼ੁਰੂ ਹੋਇਆ ਹੈ ਉਸ ਦਿਨ ਤੋਂ ਹੀ ਗੁੱਜਰ ਸਿਪਾਹੀਆ ਰੂਪੋਸ਼ ਹੈ। ਇਸ ਸਬੰਧੀ ਡੀ.ਐੱਸ.ਪੀ. ਆਰ 1 ਮਨਜੀਤ ਸਿੰਘ ਨੇ ਕਿਹਾ ਕਿ ਉਹ ਲੋਕ ਸਭਾ ਜ਼ਿਮਨੀ ਚੋਣ ਵਿਚ ਰੁੱਝੇ ਹੋਏ ਸੀ ਪਰ ਹੁਣ ਮਾਮਲੇ ਦੀ ਬਰੀਕੀ ਨਾਲ ਜਾਂਚ ਕੀਤੀ ਜਾਵੇਗੀ।
ਕੌਣ ਹੈ ਮੁਹੰਮਦ ਰਫੀ ਉਰਫ਼ ਗੁੱਜਰ ਸਿਪਾਹੀਆ :
ਧਾਰੀਵਾਲ ਨਹਿਰ ਕਿਨਾਰੇ ਰਹਿਣ ਵਾਲਾ ਮੁਹੰਮਦ ਰਫੀ ਉਰਫ ਗੁੱਜਰ ਸਿਪਾਹੀਆ ਆਮ ਗੁੱਜਰਾਂ ਵਾਂਗ ਹੀ ਕਰੀਬ ਡੇਢ ਦਹਾਕਾ ਪਹਿਲਾਂ ਇੱਥੇ ਆ ਕੇ ਰਹਿਣ ਲੱਗਾ ਸੀ ਅਤੇ ਹੌਲੀ-ਹੌਲੀ ਇਹ ਸੁੱਚਾ ਸਿੰਘ ਲੰਗਾਹ ਦੇ ਸੰਪਰਕ ਵਿਚ ਆ ਗਿਆ ਅਤੇ ਕਿਹਾ ਜਾ ਰਿਹਾ ਹੈ ਕਿ ਸੁੱਚਾ ਸਿੰਘ ਲੰਗਾਹ ਦੀ ਬਹੁਤ ਸਾਰੀ ਜਾਇਦਾਦ ਗੁੱਜਰ ਸਿਪਾਹੀਆ ਅਤੇ ਉਸ ਦੇ ਪਰਿਵਾਰ ਦੇ ਨਾਂਅ ‘ਤੇ ਹੈ। ਇਹ ਵੀ ਕਿਹਾ ਜਾਂਦਾ ਹੈ ਕਿ ਲੰਗਾਹ ਦੇ ਢੇਰ ਸਾਰੇ ਰਾਜ ਸਿਪਾਹੀਆ ਦੇ ਢਿੱਡ ਵਿਚ ਹਨ। ਪਿਛਲੇ ਦਿਨੀਂ ਹੋਏ ਲੰਗਾਹ ਕਾਂਡ ਵਿਚ ਲੱਗੇ ਦੋਸ਼ਾਂ ਵਿਚ ਗੁੱਜਰ ਸਿਪਾਹੀਆ ਦਾ ਨਾਂਅ ਵੀ ਸ਼ਾਮਲ ਸੀ ਪ੍ਰੰਤੂ ਉਸ ਵਲੋਂ ਅਦਾਲਤ ਵਿਚ ਅਰਜ਼ੀ ਦਾਇਰ ਕੀਤੀ ਗਈ ਸੀ, ਜਿਸ ‘ਤੇ ਅਦਾਲਤ ਵਲੋਂ ਪਹਿਲਾਂ 10 ਅਕਤੂਬਰ ਤੇ ਹੁਣ 23 ਅਕਤੂਬਰ ਤੱਕ ਉਸ ਦੀ ਗ੍ਰਿਫ਼ਤਾਰੀ ‘ਤੇ ਰੋਕ ਲਾਈ ਗਈ ਹੈ।