ਸਿੱਖ ਸਟੂਡੈਂਟਸ ਫ਼ੈਡਰੇਸ਼ਨ ਵੱਲੋਂ ਸਿੱਖ ਨਸਲਕੁਸ਼ੀ ਵਿਰੁੱਧ ਪੰਜਾਬ ਬੰਦ ਦਾ ਸੱਦਾ ਵਾਪਸ

0
83

sikh_fadreshan
ਅੰਮ੍ਰਿਤਸਰ/ਬਿਊਰੋ ਨਿਊਜ਼ :
ਤਿਹਾੜ ਜੇਲ੍ਹ ਵਿਚ ਬੰਦ ਸਰਬੱਤ ਖ਼ਾਲਸਾ ਵੱਲੋਂ ਨਿਯੁਕਤ ਕੀਤੇ ਜਥੇਦਾਰ ਭਾਈ ਜਗਤਾਰ ਸਿੰਘ ਹਵਾਰਾ ਦੀ ਅਪੀਲ ‘ਤੇ 1 ਨਵੰਬਰ ਦਾ ਪੰਜਾਬ ਬੰਦ ਦਾ ਸੱਦਾ ਵਾਪਸ ਲੈ ਲਿਆ ਗਿਆ ਹੈ। ਕਰਨੈਲ ਸਿੰਘ ਪੀਰ ਮੁਹੰਮਦ ਦੀ ਅਗਵਾਈ ਵਿਚ ਆਲ ਇੰਡੀਆ ਸਿੱਖ ਸਟੂਡੈਂਟਸ ਫ਼ੈਡਰੇਸ਼ਨ ਵੱਲੋਂ ਨਵੰਬਰ 1984 ਸਿੱਖ ਨਸਲਕੁਸ਼ੀ ਵਿਰੁੱਧ ਇਹ ਬੰਦ ਦਾ ਸੱਦਾ ਦਿੱਤਾ ਗਿਆ ਸੀ। ਪੱਤਰਕਾਰਾਂ ਨਾਲ ਗੱਲਬਾਤ ਕਰਦੇ ਹੋਏ ਫ਼ੈਡਰੇਸ਼ਨ ਆਗੂ ਸ. ਕਰਨੈਲ ਸਿੰਘ ਪੀਰ ਮੁਹੰਮਦ, ਡਾ. ਮਨਜੀਤ ਸਿੰਘ ਭੋਮਾ ਤੇ ਸਿੱਖ ਨਸਲਕੁਸ਼ੀ ਦੀ ਚਸ਼ਮਦੀਦ ਗਵਾਹ ਬੀਬੀ ਜਗਦੀਸ਼ ਕੌਰ ਨੇ ਕਿਹਾ ਕਿ ਐਡਵੋਕੇਟ ਸ. ਅਮਰ ਸਿੰਘ ਚਾਹਲ ਰਾਹੀਂ ਭਾਈ ਜਗਤਾਰ ਸਿੰਘ ਹਵਾਰਾ ਦਾ ਸਨੇਹਾ ਮਿਲਣ ‘ਤੇ ਲੰਬੀ ਵਿਚਾਰ ਚਰਚਾ ਕਰਨ ਤੋਂ ਬਾਅਦ ਇਸ ਬੰਦ ਦੇ ਸੱਦੇ ਨੂੰ ਵਾਪਸ ਲੈਣ ਦਾ ਫ਼ੈਸਲਾ ਕੀਤਾ ਹੈ। ਫ਼ੈਡਰੇਸ਼ਨ ਆਗੂਆਂ ਨੇ ਕਿਹਾ ਕਿ ਉਹ ਕੋਈ ਵੀ ਅਜਿਹਾ ਕਾਰਜ ਨਹੀਂ ਕਰਨਾ ਚਾਹੁੰਦੇ, ਜਿਸ ਨਾਲ ਪੰਥ ‘ਚ ਵਖ਼ਰੇਵਾ ਪੈਦਾ ਹੋਵੇ। ਉਨ੍ਹਾਂ ਨੇ ਬਰਗਾੜੀ ਇਨਸਾਫ਼ ਮੋਰਚਾ ਨੂੰ ਅਪੀਲ ਕੀਤੀ ਕਿ ਜੇਕਰ ਮੋਰਚੇ ਨੂੰ ਉਨ੍ਹਾਂ ਦਾ ਸੱਦਾ ਠੀਕ ਨਹੀਂ ਲੱਗਾ ਤਾਂ ਉਹ ਆਪਣੇ ਪੱਧਰ ‘ਤੇ ਪੰਜਾਬ ਬੰਦ ਦਾ ਸੱਦਾ ਦੇਣ, ਜਿਸ ਲਈ ਫ਼ੈਡਰੇਸ਼ਨ ਉਨ੍ਹਾਂ ਦਾ ਪੂਰਨ ਤੌਰ ‘ਤੇ ਸਹਿਯੋਗ ਕਰੇਗੀ। ਉਨ੍ਹਾਂ ਕਿਹਾ ਕਿ ਉਹ ਹਮੇਸ਼ਾ ਹੀ ਬਰਗਾੜੀ ਇਨਸਾਫ਼ ਮੋਰਚੇ ਦੀ ਹਮਾਇਤ ਕਰਦੇ ਹਨ ਤੇ ਕਰਦੇ ਰਹਿਣਗੇ। ਉਨ੍ਹਾਂ ਕਿਹਾ ਕਿ ਫ਼ੈਡਰੇਸ਼ਨ ਵਲੋਂ 5 ਨਵੰਬਰ ਨੂੰ ਸੰਯੁਕਤ ਰਾਸ਼ਟਰ ਸਕੱਤਰ ਨੂੰ ਮਿਲ ਕੇ ਪੰਜ ਮੈਂਬਰੀ ਵਫ਼ਦ ਦੇ ਰੂਪ ‘ਚ ਸਿੱਖ ਨਸਲਕੁਸ਼ੀ ਸਬੰਧੀ ਮੰਗ ਪੱਤਰ ਸਾਪਿਆ ਜਾਵੇਗਾ। ਇਸ ਦੌਰਾਨ ਬੀਬੀ ਜਗਦੀਸ਼ ਕੌਰ ਨੇ 1 ਨਵੰਬਰ ਨੂੰ ਖ਼ੂਨੀ ਦਿਹਾੜੇ ਵਜੋਂ ਮਨਾਉੁਣ ਤੇ 1 ਤੋਂ 7 ਨਵੰਬਰ ਨੂੰ ਨਸਲਕੁਸ਼ੀ ਹਫ਼ਤੇ ਵਜੋਂ ਮਨਾਉਣ ਦੀ ਅਪੀਲ ਕੀਤੀ ਹੈ। ਇਸ ਮੌਕੇ ਹੋਂਦ ਚਿੱਲੜ ਸਿੱਖ ਇਨਸਾਫ਼ ਕਮੇਟੀ ਦੇ ਪ੍ਰਧਾਨ ਭਾਈ ਦਰਸ਼ਨ ਸਿੰਘ ਘੋਲੀਆ ਵੀ ਮੌਜੂਦ ਸਨ।