ਨਾਮ ਚਰਚਾ ਘਰ ‘ਤੇ ਹਮਲੇ ਦੇ ਦੋਸ਼ ਹੇਠ ਗ੍ਰਿਫ਼ਤਾਰ 56 ਸਿੱਖ ਕਾਰਕੁਨ ਬਰੀ

0
415

56-sikh-reha
ਸੰਗਰੂਰ/ਬਿਊਰੋ ਨਿਊਜ਼ :
ਇਥੇ ਵਧੀਕ ਜ਼ਿਲ੍ਹਾ ਤੇ ਸੈਸ਼ਨ ਜੱਜ ਸੰਜੀਵ ਜੋਸ਼ੀ ਦੀ ਅਦਾਲਤ ਨੇ ਦਸ ਸਾਲ ਪਹਿਲਾਂ ਸੁਨਾਮ ਵਿੱਚ ਡੇਰਾ ਸਿਰਸਾ ਨਾਲ ਸਬੰਧਤ ਨਾਮ ਚਰਚਾ ਘਰ ਉਪਰ ਹਮਲਾ ਕਰਨ ਤੇ ਹੋਰ ਵੱਖ-ਵੱਖ ਦੋਸ਼ਾਂ ਤਹਿਤ ਕੇਸ ਦਾ ਫੈਸਲਾ ਸੁਣਾਉਂਦਿਆਂ 56 ਸਿੱਖ ਕਾਰਕੁਨਾਂ ਨੂੰ ਬਰੀ ਕਰ ਦਿੱਤਾ ਹੈ। ਦੋ ਡੇਰਾ ਪ੍ਰੇਮੀਆਂ ਵੱਲੋਂ ਵੱਖ-ਵੱਖ ਦੋਸ਼ਾਂ ਤਹਿਤ ਸਿੱਖ ਕਾਰਕੁਨਾਂ ਖ਼ਿਲਾਫ਼ ਇਸਤਗਾਸਾ ਦਾਇਰ ਕੀਤਾ ਗਿਆ ਸੀ।
ਜਾਣਕਾਰੀ ਅਨੁਸਾਰ ਡੇਰਾ ਵਿਵਾਦ ਦੇ ਚਲਦਿਆਂ 17 ਮਈ, 2007 ਨੂੰ ਸੁਨਾਮ ਵਿੱਚ ਡੇਰਾ ਪ੍ਰੇਮੀਆਂ ਅਤੇ ਸਿੱਖ ਕਾਰਕੁਨਾਂ ਵਿਚਕਾਰ ਟਕਰਾਅ ਹੋਇਆ ਸੀ। ਇਸ ਦੌਰਾਨ ਸਿੱਖ ਕਾਰਕੁਨ ਭਾਈ ਕਮਲਜੀਤ ਸਿੰਘ ਦੀ ਮੌਤ ਹੋ ਗਈ ਸੀ ਜਿਸ ਦੇ ਕਤਲ ਦੇ ਦੋਸ਼ ਹੇਠ ਕੇਸ ਦਾ ਫੈਸਲਾ ਪਹਿਲਾਂ ਹੀ ਹੋ ਚੁੱਕਾ ਹੈ। ਇਸ ਘਟਨਾ ਤੋਂ ਕਰੀਬ 11 ਮਹੀਨਿਆਂ ਬਾਅਦ ਡੇਰਾ ਸਿਰਸਾ ਨਾਲ ਸਬੰਧਤ ਦੋ ਡੇਰਾ ਪ੍ਰੇਮੀਆਂ ਸਾਧਾ ਸਿੰਘ ਵਾਸੀ ਭੂਟਾਲ ਖੁਰਦ ਅਤੇ ਅਜੈਬ ਸਿੰਘ ਵਾਸੀ ਖਡਿਆਲ ਨੇ 21 ਅਪਰੈਲ 2008 ਨੂੰ ਅਦਾਲਤ ਵਿੱਚ ਇਸਤਗਾਸਾ ਦਾਇਰ ਕੀਤਾ ਸੀ ਜਿਸ ਵਿੱਚ ਭੜਕੀ ਭੀੜ ਵੱਲੋਂ ਡੇਰੇ ਉਪਰ ਹਮਲਾ ਕਰਨ, ਬਾਹਰ ਖੜ੍ਹੇ ਸਕੂਟਰ-ਮੋਟਰਸਾਈਕਲਾਂ ਨੂੰ ਅੱਗ ਲਗਾਉਣ ਅਤੇ ਮੁੱਖ ਗੇਟ ਨੂੰ ਤੋੜਨ ਦੇ ਦੋਸ਼ ਲਗਾਏ ਗਏ ਸਨ। ਇਨ੍ਹਾਂ ਦੋਸ਼ਾਂ ਤਹਿਤ 56 ਜਣਿਆਂ ਖ਼ਿਲਾਫ਼ ਸੁਣਵਾਈ ਚੱਲ ਰਹੀ ਸੀ। ਇਸ ਕੇਸ ਵਿਚੋਂ ਇੱਕ ਵਿਅਕਤੀ ਦੀ ਪਹਿਲਾਂ ਹੀ ਮੌਤ ਹੋ ਚੁੱਕੀ ਹੈ ਅਤੇ ਇੱਕ ਨਾਬਾਲਗ ਹੋਣ ਕਰਕੇ ਕੇਸ ਵਿਚੋ ਬਾਹਰ ਹੋ ਗਿਆ ਸੀ ਜਦੋਂ ਕਿ ਇੱਕ ਕੇਸ ਦੌਰਾਨ ਪੇਸ਼ ਨਹੀਂ ਹੋਇਆ। ਅੱਜ ਅਦਾਲਤ ਵਿਚ ਸੁਣਵਾਈ ਦੌਰਾਨ ਸਾਰੇ ਹਾਜ਼ਰ ਸਨ ਅਤੇ ਅਦਾਲਤ ਵਲੋਂ ਸਾਰੇ 56 ਜਣਿਆਂ ਨੂੰ ਬਰੀ ਕਰ ਦਿੱਤਾ ਹੈ। ਬਚਾਅ ਪੱਖ ਵਲੋਂ ਕੇਸ ਦੀ ਪੈਰਵੀ ਐਡਵੋਕੇਟ ਨਰਪਾਲ ਸਿੰਘ ਧਾਲੀਵਾਲ, ਅਜੈਬ ਸਿੰਘ ਸਰਾਓ ਅਤੇ ਐਡਵੋਕੇਟ ਕੁਲਬੀਰ ਸਿੰਘ ਵਲੋਂ ਕੀਤੀ ਗਈ।
ਛਤਰਪਤੀ ਕਤਲ ਮਾਮਲੇ ਦੀ ਸੁਣਵਾਈ 27 ਅਕਤੂਬਰ ਨੂੰ :
ਪੰਚਕੂਲਾ: ਸੀਬੀਆਈ ਅਦਾਲਤ ਵਿੱਚ ਪੱਤਰਕਾਰ ਰਾਮ ਚੰਦਰ ਛਤਰਪਤੀ ਕਤਲ ਮਾਮਲੇ ਦੀ ਚੱਲ ਰਹੀ ਸੁਣਵਾਈ ਹੁਣ 27 ਅਕਤੂਬਰ ਨੂੰ ਹੋਵੇਗੀ। ਡੇਰਾ ਸੱਚਾ ਸੌਦਾ ਮੁਖੀ ਗੁਰਮੀਤ ਰਾਮ ਰਹੀਮ ਸਿੰਘ ਦੀ ਕਥਿਤ ਸ਼ਮੂਲੀਅਤ ਵਾਲੇ ਇਸ ਮਾਮਲੇ ਵਿਚ ਸੀਬੀਆਈ ਦੇ ਵਕੀਲ ਐਚ.ਪੀ.ਐਸ.ਵਰਮਾ ਨੇ ਕਿਹਾ ਕਿ ਇਸਤਗਾਸਾ ਤੇ ਮੁਦਾਇਲਾ ਧਿਰ ਦੀਆਂ ਦਲੀਲਾਂ ਸੁਣਨ ਮਗਰੋਂ ਕੇਸ ਦੀ ਸੁਣਵਾਈ 27 ਅਕਤੂਬਰ ‘ਤੇ ਪਾ ਦਿੱਤੀ ਹੈ।