ਸਿੱਖ ਕੁੜੀ ਮੁਸਲਮਾਨ ਸਹੇਲੀ ਦੀ ਜਾਨ ਬਚਾਉਣ ਵਾਸਤੇ ਗੁਰਦਾ ਦੇਣ ਲਈ ਰਾਜ਼ੀ ਪਰ ਪਰਿਵਾਰ ਨਾਖੁਸ਼

0
24

sikh-girls_kidney
ਮਨਜੋਤ ਕੋਹਲੀ (ਕਾਲੇ ਕੁੜਤੇ ‘ਚ) ਆਪਣੀ ਸਹੇਲੀ ਸਮਰੀਨ ਅਖ਼ਤਰ ਨਾਲ
ਜੰਮੂ/ਬਿਊਰੋ ਨਿਊਜ਼ :
ਜੰਮੂ-ਕਸ਼ਮੀਰ ਵਿਚ ਇਕ ਸਿੱਖ ਕੁੜੀ ਵੱਲੋਂ ਆਪਣੀ ਮੁਸਲਿਮ ਸਹੇਲੀ ਨੂੰ ਕਿਡਨੀ ਦੇਣ ਦਾ ਮਾਮਲਾ ਗਰਮਾਉਂਦਾ ਜਾ ਰਿਹਾ ਹੈ। ਸਮਾਜਿਕ ਤੇ ਮਨੁੱਖੀ ਅਧਿਕਾਰਾਂ ਬਾਰੇ ਕਾਰਕੁਨ ਮਨਜੋਤ ਸਿੰਘ ਕੋਹਲੀ (23 ਸਾਲ) ਨੇ ਹਾਲ ਹੀ ‘ਚ ਰਾਜੌਰੀ ਜ਼ਿਲ੍ਹੇ ‘ਚ ਰਹਿਣ ਵਾਲੀ ਆਪਣੀ 22 ਸਾਲਾ ਮੁਸਲਿਮ ਦੋਸਤ ਸਮਰੀਨ ਅਖ਼ਤਰ ਨੂੰ ਕਿਡਨੀ ਦੇਣ ਦਾ ਫ਼ੈਸਲਾ ਜਨਤਕ ਕੀਤਾ ਹੈ। ਉਸ ਦੇ ਪਰਿਵਾਰ ਨੂੰ ਇਸ ‘ਤੇ ਇਤਰਾਜ਼ ਹੈ ਅਤੇ ਸ੍ਰੀਨਗਰ ਦਾ ਹਸਪਤਾਲ ਇਸ ਪ੍ਰਕਿਰਿਆ ‘ਚ ਦੇਰੀ ਕਰ ਰਿਹਾ ਹੈ। ਉਸ ਦੇ ਅਪਾਹਜ ਪਿਤਾ ਨੇ ਆਪਣੀ ਧੀ ਨੂੰ ਫੈਸਲੇ ‘ਤੇ ਮੁੜ ਵਿਚਾਰ ਕਰਨ ਲਈ ਕਿਹਾ ਹੈ ਅਤੇ ਨਾਲ ਹੀ ਇਸ ਮਾਮਲੇ ‘ਚ ਸੂਬੇ ਦੇ ਰਾਜਪਾਲ ਤੋਂ ਵੀ ਦਖਲ ਮੰਗਿਆ ਹੈ।
ਮਨਜੋਤ ਦਾ ਪਿਤਾ ਗੁਰਦੀਪ ਸਿੰਘ 75 ਫੀਸਦ ਅਪਾਹਜ ਹੈ ਅਤੇ ਉਹ ਚੱਲਣ-ਫਿਰਨ ਤੋਂ ਅਸਮਰਥ ਹੈ। ਉਸ ਨੇ ਊਧਮਪੁਰ ਸਥਿਤ ਆਪਣੀ ਰਿਹਾਇਸ਼ ‘ਤੇ ਪੱਤਰਕਾਰਾਂ ਨਾਲ ਗੱਲਬਾਤ ਕਰਦਿਆਂ ਕਿਹਾ, ‘ਮੈਂ ਹੱਥ ਜੋੜ ਕੇ ਆਪਣੀ ਧੀ ਨੂੰ ਮੈਨੂੰ ਇਸ ਪ੍ਰੇਸ਼ਾਨੀ ਤੋਂ ਰਾਹਤ ਦਿਵਾਉਣ ਲਈ ਇਹ ਫ਼ੈਸਲਾ ਬਦਲਣ ਦੀ ਅਪੀਲ ਕਰਦਾ ਹਾਂ। ਤੁਹਾਨੂੰ ਮੇਰੀ ਹਾਲਤ ਬਾਰੇ ਪਤਾ ਹੀ ਹੈ ਅਤੇ ਉਸ ਬਾਅਦ ਮੈਨੂੰ ਸੰਭਾਲਣ ਵਾਲਾ ਕੋਈ ਨਹੀਂ ਹੈ।’
ਉਨ੍ਹਾਂ ਸੌਰਾ ਦੇ ਸ਼ੇਰ-ਏ-ਕਸ਼ਮੀਰ ਇੰਸਟੀਚਿਊਟ ਆਫ ਮੈਡੀਕਲ ਸਾਇੰਸਿਜ਼ (ਐੱਸਕੇਆਈਐੱਮਐੱਸ) ਨੂੰ ਪਹਿਲਾਂ ਹੀ ਨੋਟਿਸ ਭੇਜਿਆ ਹੈ ਜਿਸ ‘ਚ ਉਨ੍ਹਾਂ ਆਪਣੀ ਬੇਟੀ ਦੇ ਫ਼ੈਸਲੇ ਦਾ ਵਿਰੋਧ ਕਰਦਿਆਂ ਕਿਹਾ ਹੈ ਕਿ ਇਸ ‘ਚ ਪਰਿਵਾਰ ਦੀ ਕੋਈ ਸਹਿਮਤੀ ਨਹੀਂ ਹੈ। ਮਨਜੋਤ ਸਿੰਘ (ਕੌਰ) ਦੇ ਮਾਪਿਆਂ ਨਾਲ ਸਾਲ 2014 ‘ਚ ਹਾਦਸਾ ਹੋਇਆ ਸੀ ਜਿਸ ‘ਚ ਉਸ ਦੀ ਮਾਂ ਦੀ ਮੌਤ ਹੋ ਗਈ ਸੀ ਤੇ ਪਿਤਾ ਗੰਭੀਰ ਜ਼ਖ਼ਮੀ ਹੋ ਗਏ ਸਨ। ਗੁਰਦੀਪ ਸਿੰਘ ਦਾ ਵੱਡਾ ਅਪਰੇਸ਼ਨ ਹੋਇਆ ਸੀ। ਉਨ੍ਹਾਂ ਆਪਣੀ ਬੇਟੀ ਦੇ ਇਸ ਫ਼ੈਸਲੇ ‘ਚ ਦਖਲ ਦੇਣ ਲਈ ਰਾਜਪਾਲ ਸੱਤਿਆਪਾਲ ਮਲਿਕ ਨੂੰ ਵੀ ਅਪੀਲ ਕੀਤੀ ਹੈ।
ਦੂਜੇ ਪਾਸੇ ਮਨਜੋਤ ਸਿੰਘ ਨੇ ਕਿਹਾ, ਕਿ ‘ਅਸੀਂ ਪਿਛਲੇ ਚਾਰ ਸਾਲਾਂ ਤੋਂ ਦੋਸਤ ਹਾਂ ਅਤੇ ਮੈਂ ਜਜ਼ਬਾਤੀ ਤੌਰ ‘ਤੇ ਉਸ ਨਾਲ ਜੁੜੀ ਹੋਈ ਹਾਂ। ਨਾਲ ਹੀ ਮੇਰਾ ਇਨਸਾਨੀਅਤ ‘ਚ ਵੀ ਪੂਰਾ ਭਰੋਸਾ ਹੈ ਜੋ ਮੈਨੂੰ ਕਿਡਨੀ ਦਾਨ ਕਰਨ ਲਈ ਪ੍ਰੇਰਿਤ ਕਰ ਰਿਹਾ ਹੈ।’ ਉਸ ਨੇ ਕਿਹਾ, ‘ਅਖ਼ਤਰ ਮੇਰੀ ਦੋਸਤ ਰਹੀ ਹੈ ਅਤੇ ਮੁਸ਼ਕਿਲ ਸਮੇਂ ‘ਚ ਮੇਰੇ ਨਾਲ ਰਹੀ ਹੈ। ਮੈਂ ਉਸ ਨੂੰ ਲੋੜ ਪੈਣ ‘ਤੇ ਆਪਣੀ ਇਕ ਕਿਡਨੀ ਦੇਣ ਦਾ ਫ਼ੈਸਲਾ ਕੀਤਾ ਹੈ।’