ਖ਼ੈਬਰ ਸੂਬੇ ‘ਚ ਸਿੱਖਾਂ ਨੂੰ ਧਰਮ ਪਰਿਵਰਤਨ ਵਾਸਤੇ ਮਜਬੂਰ ਕਰਨ ਵਾਲਾ ਸਹਾਇਕ ਕਮਿਸ਼ਨਰ ਮੁਅੱਤਲ

0
398

shikh-bhichar
ਅੰਮ੍ਰਿਤਸਰ/ਬਿਊਰੋ ਨਿਊਜ਼:
ਪਾਕਿਸਤਾਨ ਦੇ ਸੂਬਾ ਖ਼ੈਬਰ ਪਖਤੂਨਖਵਾ ਦੇ ਜ਼ਿਲ੍ਹਾ ਹੰਗੂ ਦੀ ਤਹਿਸੀਲ ਥਾਲ ਦੇ ਕਸਬਾ ਦੁਆਬਾ ਦੇ ਸਿੱਖ ਦੁਕਾਨਦਾਰਾਂ ਨੂੰ ਧਰਮ ਪਰਿਵਰਤਨ ਕਰਕੇ ਮੁਸਲਮਾਨ ਬਣਨ ਲਈ ਮਜ਼ਬੂਰ ਕਰਨ ਵਾਲੇ ਜ਼ਿਲ੍ਹਾ ਹੰਗੂ ਦੇ ਸਹਾਇਕ ਕਮਿਸ਼ਨਰ ਨੂੰ ਲੰਘੇ ਸੋਮਵਾਰ ਦੇਰ ਸ਼ਾਮ ਲਏ ਗਏ ਫ਼ੈਸਲੇ ਦੌਰਾਨ ਮੁਅੱਤਲ ਕਰ ਦਿੱਤਾ ਗਿਆ ਹੈ । ਹੰਗੂ ਤੋਂ ਇਹ ਜਾਣਕਾਰੀ ਦਿੰਦਿਆਂ ਮੰਤਰੀ ਘੱਟ-ਗਿਣਤੀ ਅਸਥਾਈ ਯੂਥ ਅਸੈਂਬਲੀ ਬਾਬਾ ਗੁਰਪਾਲ ਸਿੰਘ ਨੇ ਦੱਸਿਆ ਕਿ ਪਾਕਿ ਦੇ ਸੰਘ ਸ਼ਾਸਿਤ ਕਬਾਇਲੀ ਇਲਾਕੇ (ਫਾਟਾ) ਦੇ ਦੁਆਬਾ ਕਸਬੇ ਦੀ ਮਾਰਕੀਟ ‘ਚ ਖਾਣ-ਪੀਣ ਦੀਆਂ ਵਸਤਾਂ ਦਾ ਵਪਾਰ ਕਰਨ ਵਾਲੇ 6-7 ਸਿੱਖ ਦੁਕਾਨਦਾਰਾਂ ਨੂੰ ਸ਼ੁੱਕਰਵਾਰ ਥਾਲ ਦੇ ਸਹਾਇਕ ਕਮਿਸ਼ਨਰ ਯਾਕੂਬ ਖ਼ਾਂ ਨੇ ਧਰਮ ਪਰਿਵਰਤਨ ਕਰਕੇ ਇਸਲਾਮ ਕਬੂਲ ਕਰਨ ਲਈ ਧਮਕਾਇਆ ਸੀ । ਇਸ ਦੇ ਨਾਲ ਹੀ ਉਸ ਨੇ ਉਕਤ ਮਾਰਕੀਟ ਦੇ ਬਹੁ-ਗਿਣਤੀ ਮੁਸਲਿਮ ਦੁਕਾਨਦਾਰਾਂ ਨੂੰ ਵਰਗਲਾਉਂਦਿਆਂ ਸਿੱਖ ਦੁਕਾਨਦਾਰਾਂ ਨੂੰ ਮੁਸਲਮਾਨ ਬਣਾਏ ਜਾਣ ਲਈ ਵੀ ਕਿਹਾ ਸੀ ।
ਉਕਤ ਮਾਮਲੇ ਦੇ ਸਬੰਧ ‘ਚ ਬੀਤੇ ਦਿਨੀਂ ਡਿਪਟੀ ਕਮਿਸ਼ਨਰ ਹੰਗੂ ਦੇ ਦਫ਼ਤਰ ‘ਚ ਹੋਈ ਸਾਂਝੀ ਬੈਠਕ ਦੇ ਚਲਦਿਆਂ ਸੂਬਾ ਖ਼ੈਬਰ ਪਖਤੂਨਖਵਾ ਦੇ ਮੁੱਖ ਸਕੱਤਰ ਦੁਆਰਾ, ਜਾਰੀ ਹਦਾਇਤਾਂ ਅਨੁਸਾਰ ਦੋਸ਼ੀ ਪ੍ਰਸ਼ਾਸਨਿਕ ਅਧਿਕਾਰੀ ਯਾਕੂਬ ਖ਼ਾਂ ਨੂੰ ਮੁਅੱਤਲ ਕਰਦਿਆਂ ਬੈਠਕ ‘ਚ ਸ਼ਾਮਿਲ ਸੂਬੇ ਦੇ ਹਿੰਦੂ ਸਿੱਖ ਅਧਿਕਾਰੀਆਂ ਨੂੰ ਭਰੋਸਾ ਦਿਵਾਇਆ ਗਿਆ ਕਿ ਅਗਾਂਹ ਸੂਬੇ ਵਿਚ ਅਜਿਹੀ ਕੋਈ ਕਾਰਵਾਈ ਨਹੀਂ ਹੋਵੇਗੀ, ਜਿਸ ਨਾਲ ਘੱਟ-ਗਿਣਤੀ ਭਾਈਚਾਰੇ ਦੇ ਲੋਕਾਂ ਦੀਆਂ ਧਾਰਮਿਕ ਭਾਵਨਾਵਾਂ ਨੂੰ ਕਿਸੇ ਪ੍ਰਕਾਰ ਦੀ ਠੇਸ ਪਹੁੰਚੇ । ਬੈਠਕ ਦੌਰਾਨ ਉੱਚ ਅਧਿਕਾਰੀਆਂ ਦੇ ਹੁਕਮ ਅਨੁਸਾਰ ਯਾਕੂਬ ਖ਼ਾਂ ਨੇ ਪੀੜਤ ਸਿੱਖ ਭਾਈਚਾਰੇ ਦੇ ਲੋਕਾਂ ਪਾਸੋਂ ਮੁਆਫ਼ੀ ਵੀ ਮੰਗੀ । ਜਿਸ ‘ਤੇ ਸਿੱਖ ਭਾਈਚਾਰੇ ਨੇ ਸਰਬਸੰਮਤੀ ਨਾਲ ਵਿਚਾਰ ਕਰਕੇ ਉਕਤ ਅਫ਼ਸਰ ਨੂੰ ਮੁਆਫ਼ ਕਰ ਦਿੱਤਾ । ਫਰੀਦ ਸਿੰਘ ਨੇ ਕਿਹਾ ਕਿ ਇਸ ਤੋਂ ਪਹਿਲਾ ਫਾਟਾ ‘ਚ ਰਹਿੰਦੇ ਸਿੱਖ ਭਾਈਚਾਰੇ ਦੇ ਲੋਕਾਂ ਨੂੰ ਧਰਮ ਪਰਿਵਰਤਨ ਕਰਨ ਲਈ ਕਦੇ ਮਜ਼ਬੂਰ ਨਹੀਂ ਕੀਤਾ ਗਿਆ ਅਤੇ ਨਾ ਹੀ ਕਦੇ ਬਹੁ-ਗਿਣਤੀ ਮੁਸਲਿਮ ਭਾਈਚਾਰੇ ਨੂੰ ਉਨ੍ਹਾਂ ਵਿਰੁੱਧ ਅਜਿਹੀ ਕਾਰਵਾਈ ਕਰਨ ਲਈ ਉਕਸਾਇਆ ਹੀ ਗਿਆ । ਹੰਗੂ ਦੇ ਡਿਪਟੀ ਕਮਿਸ਼ਨਰ ਨੇ ਬਾਬਾ ਗੁਰਪਾਲ ਸਿੰਘ ਦੀ ਮਾਰਫ਼ਤ ‘ਅਜੀਤ’ ਨਾਲ ਫ਼ੋਨ ‘ਤੇ ਗੱਲਬਾਤ ਕਰਦਿਆਂ ਭਰੋਸਾ ਦਿੱਤਾ ਕਿ ਭਵਿੱਖ ਵਿਚ ਜ਼ਿਲ੍ਹੇ ‘ਚ ਧਾਰਮਿਕ ਹੱਕਾਂ ਸਮੇਤ ਸਿੱਖ ਭਾਈਚਾਰੇ ਦੇ ਲੋਕਾਂ ਦੇ ਅਧਿਕਾਰਾਂ ਦੀ ਪੂਰੀ ਤਰ੍ਹਾਂ ਰੱਖਿਆ ਕੀਤੀ ਜਾਵੇਗੀ ਅਤੇ ਇਹ ਯਕੀਨੀ ਬਣਾਇਆ ਗਿਆ ਹੈ ਕਿ ਅਗਾਂਹ ਅਜਿਹੀ ਘਟਨਾ ਦੁਬਾਰਾ ਨਾ ਹੋਵੇ । ਬੈਠਕ ਵਿਚ ਡਿਪਟੀ ਕਮਿਸ਼ਨਰ ਹੰਗੂ, ਡੀ. ਪੀ. ਓ, ਏ. ਡੀ. ਸੀ, ਏ. ਏ. ਸੀ-1 ਹੰਗੂ, ਜ਼ਿਲ੍ਹਾ ਤੇ ਤਹਿਸੀਲ ਨਾਜ਼ਿਮ ਹੰਗੂ ਤੇ ਥਾਲ, ਪੰਡਤ ਅਸ਼ੋਕ ਨੰਨ੍ਹਾ, ਕਾਸਲਰ ਫ਼ਰੀਦ ਚੰਨ ਸਿੰਘ ਆਦਿ ਵੀ ਸ਼ਾਮਿਲ ਸਨ ।