ਸਿੱਧੂ ਨੇ ਬਾਦਲਾਂ ਦੀ ‘ਸ਼ਾਹਖਰਚੀ’ ਦੇ ਚਿੱਠੇ ਫਰੋਲੇ

0
80

sidhu_badal-news

 

 

 

 

 

 

 

ਬਾਦਲ ਪਰਿਵਾਰ ਨੇ 10 ਸਾਲ ਦੇ ਰਾਜ ਦੌਰਾਨ ਇਕ ਅਰਬ ਤੋਂ ਵੱਧ ਦੇ ਲਏ ਹਵਾਈ ਝੂਟੇ
ਚੰਡੀਗੜ੍ਹ/ਬਿਊਰੋ ਨਿਊਜ਼ :
ਪੰਜਾਬ ਦੇ ਸਥਾਨਕ ਸਰਕਾਰਾਂ, ਸੈਰ ਸਪਾਟਾ ਤੇ ਸੱਭਿਆਚਾਰਕ ਮਾਮਲੇ ਵਿਭਾਗ ਦੇ ਮੰਤਰੀ ਸ. ਨਵਜੋਤ ਸਿੰਘ ਸਿੱਧੂ ਨੇ ਇੱਥੇ ਇਕ ਪੱਤਰਕਾਰ ਸੰਮੇਲਨ ਦੌਰਾਨ ਬਾਦਲ ਸਰਕਾਰ ਸਮੇਂ ਬਾਦਲ ਪਰਿਵਾਰ ਵਲੋਂ ਕੀਤੀਆਂ ਯਾਤਰਾਵਾਂ ਦਾ ਖ਼ੁਲਾਸਾ ਕੀਤਾ। ਸ. ਸਿੱਧੂ ਨੇ ਆਰਟੀਆਈ. ਰਾਹੀਂ ਪ੍ਰਾਪਤ ਜਾਣਕਾਰੀ ਦਾ ਹਵਾਲਾ ਦਿੰਦੇ ਹੋਏ ਕਿਹਾ ਕਿ ਆਪਣੀ ਸਰਕਾਰ ਦੇ ਸਮੇਂ ਦੌਰਾਨ ਬਾਦਲ ਪਰਿਵਾਰ ਨੇ ਆਪਣੀਆਂ ਯਾਤਰਾਵਾਂ ‘ਚ ਨਿੱਜੀ ਹੈਲੀਕਾਪਟਰਾਂ ਤੇ ਚਾਰਟਡ ਜਹਾਜ਼ਾਂ ‘ਤੇ 121 ਕਰੋੜ ਰੁਪਏ ਖ਼ਰਚੇ ਹਨ। ਉਨ੍ਹਾਂ ਕਿਹਾ ਕਿ ਬਾਦਲ ਪਰਿਵਾਰ ਨੇ 10 ਸਾਲਾਂ ਦੇ ਸਮੇਂ ਦੌਰਾਨ ਅਰਬ ਤੋਂ ਉਪਰ ਰੁਪਏ ਖ਼ਰਚ ਕਰਕੇ ਲੋਕਾਂ ਦੇ ਪੈਸੇ ਦੀ ਬਰਬਾਦੀ ਕਰਦੇ ਹੋਏ ਹਵਾਈ ਝੂਟੇ ਲਏ। ਸਿੱਧੂ ਨੇ ਕਿਹਾ ਕਿ ਮੁੱਖ ਮੰਤਰੀ ਕੈਪਟਨ ਅਮਰਿੰਦਰ ਸਿੰਘ ਵਲੋਂ ਆਪਣੇ 9 ਮਹੀਨਿਆਂ ਦੌਰਾਨ ਆਪਣੀਆਂ ਯਾਤਰਾਵਾਂ ‘ਤੇ ਸਿਰਫ਼ 22 ਲੱਖ ਰੁਪਏ ਹੀ ਖ਼ਰਚੇ ਹਨ। ਉਨ੍ਹਾਂ ਕਿਹਾ ਕਿ ਮੈਂ ਇਹ ਵੇਖ ਰਿਹਾ ਹਾਂ ਕਿ ਸਭ ਤੋਂ ਅਮੀਰ ਰਾਜਨੀਤਕ ਜੇ ਕੋਈ ਪਰਿਵਾਰ ਹੈ ਤਾਂ ਉਹ ਬਾਦਲ ਪਰਿਵਾਰ ਹੈ। ਸ. ਸਿੱਧੂ ਨੇ ਕਿਹਾ ਕਿ ਉਨ੍ਹਾਂ ਦੀ ਸਰਕਾਰ ਦੇ ਮੰਤਰੀ ਆਪਣਾ ਆਮਦਨ ਕਰ ਖ਼ੁਦ ਭਰ ਰਹੇ ਹਨ ਤੇ ਸਾਡੀ ਸਰਕਾਰ ‘ਚ ਕੋਈ ਵੀਵੀਆਈਪੀ. ਕਲਚਰ ਨਹੀਂ ਹੈ, ਜਦਕਿ ਸ. ਬਾਦਲ ਹੁਰਾਂ ਨੇ ਆਪਣੇ ਛੋਟੇ ਛੋਟੇ ਟੀਏ. ਬਿੱਲਾਂ ਦੀ ਵੀ ਅਦਾਇਗੀ ਲਈ ਹੈ।
ਇਸ ਮੌਕੇ ‘ਤੇ ਸ. ਸਿੱਧੂ ਨਾਲ ਹਾਜ਼ਰ ਰਹੇ ਪੰਜਾਬ ਕਾਂਗਰਸ ਦੇ ਵਿਧਾਇਕ ਸੰਗਤ ਸਿੰਘ ਗਿਲਜ਼ੀਆ ਦੇ ਪੁੱਤਰ ਦਿਲਜੀਤ ਸਿੰਘ ਗਿਲਜ਼ੀਆ ਨੇ ਸੰਨ 2012 ਦਾ ਇਕ ਟੀਏ. ਦਾ ਬਿੱਲ ਜੋ 7,97,354 ਰੁਪਏ ਦੋ ਟਿਕਟਾਂ ਦਾ ਹੈ, ਵੀ ਦਿਖਾਇਆ। ਸ. ਸਿੱਧੂ ਨੇ ਇਸ ਮੌਕੇ ‘ਤੇ ਕਿਹਾ ਕਿ ਅਜੇ ਤਾਂ ਬਾਦਲ ਪਰਿਵਾਰ ਦੇ ਹਵਾਈ ਝੂਟਿਆਂ ਦਾ ਹੀ ਖ਼ੁਲਾਸਾ ਕੀਤਾ ਹੈ
ਅਤੇ ਅਜੇ ਹੋਰ 5 ਹਿੱਸਿਆਂ ‘ਚ ਵਾਰੀ ਵਾਰੀ ਅਗਾਮੀ ਦਿਨਾਂ ‘ਚ ਹੋਰ ਖ਼ੁਲਾਸੇ ਕੀਤੇ ਜਾਣਗੇ, ਜਿਸ ਤੋਂ ਇਹ ਗੱਲ ਲੋਕਾਂ ਸਾਹਮਣੇ ਲਿਆਂਦੀ ਜਾਵੇਗੀ ਕਿ ਜਨਤਾ ਦੇ ਪੈਸਿਆਂ ਨੂੰ ਕਿਸ ਤਰ੍ਹਾਂ ਬਰਬਾਦ ਕੀਤਾ ਗਿਆ। ਸ. ਸਿੱਧੂ ਨੇ ਕਿਹਾ ਕਿ ਕੈਗ ਨੇ ਵੀ ਆਪਣੀ ਰਿਪੋਰਟ ‘ਚ ਸਰਕਾਰੀ ਜਹਾਜ਼ ਖਰੀਦੇ ਜਾਣ ‘ਤੇ ਕਈ ਤਰ੍ਹਾਂ ਦੇ ਸਵਾਲ ਉਠਾਏ ਹਨ ਕਿ ਉਸ ‘ਚ ਵੀ ਨਿਯਮਾਂ ਦੀ ਅਣਦੇਖੀ ਕੀਤੀ ਗਈ ਹੈ। ਇਸ ਮੌਕੇ ਸਿੱਧੂ ਨੇ ਕੈਪਟਨ ਅਮਰਿੰਦਰ ਸਿੰਘ ਤੇ ਮਨਪ੍ਰੀਤ ਸਿੰਘ ਬਾਦਲ ਤੋਂ ਇਨ੍ਹਾਂ ਯਾਤਰਾਵਾਂ ਬਾਰੇ ਜਾਂਚ ਦੀ ਮੰਗ ਕੀਤੀ।
ਉਧਰ ਸ਼੍ਰੋਮਣੀ ਅਕਾਲੀ ਦਲ ਨੇ ਕਿਹਾ ਕਿ ਨਵਜੋਤ ਸਿੰਘ ਸਿੱਧੂ ਅਕਾਲੀ-ਭਾਜਪਾ ਸਰਕਾਰ ਤੇ ਕਾਂਗਰਸ ਸਰਕਾਰ ਦੋਵਾਂ ਦੇ ਹਵਾਈ ਯਾਤਰਾ ਖ਼ਰਚਿਆਂ ਦੀ ਤੁਲਨਾ ਕਰਦੇ ਸਮੇਂ ਸ਼ਰੇਆਮ ਝੂਠ ਬੋਲ ਰਿਹਾ ਹੈ। ਇੱਥੇ ਇੱਕ ਪ੍ਰੈਸ ਬਿਆਨ ਜਾਰੀ ਕਰਦਿਆਂ ਸ਼੍ਰੋਮਣੀ ਅਕਾਲੀ ਦਲ ਦੇ ਬੁਲਾਰੇ ਮਹੇਸ਼ਇੰਦਰ ਸਿੰਘ ਗਰੇਵਾਲ ਨੇ ਕਿਹਾ ਕਿ ਸਿੱਧੂ ਕਾਂਗਰਸੀ ਹਕੂਮਤ ਦੇ ਪਿਛਲੇ 9 ਮਹੀਨਿਆਂ ਦੌਰਾਨ ਹਵਾਈ ਯਾਤਰਾ ‘ਤੇ ਹੋਏ ਘੱਟ ਖ਼ਰਚੇ ਦਰਸਾਉਣ ਲਈ ਬੜੇ ਹੀ ਹਾਸੋਹੀਣੇ ਅੰਕੜੇ ਸਾਹਮਣੇ ਲੈ ਕੇ ਆਇਆ ਹੈ ਜਦਕਿ ਸਚਾਈ ਇਹ ਹੈ ਕਿ ਚਾਹੇ ਹੈਲੀਕਾਪਟਰ ਉਡਾਣ ਭਰੇ ਜਾਂ ਨਾ, ਪਾਇਲਟ ਤੇ ਇੰਜਨੀਅਰਾਂ ਦੀਆਂ ਤਨਖ਼ਾਹਾਂ ਦਾ ਖ਼ਰਚਾ ਹੀ ਸਾਲਾਨਾ 3 ਕਰੋੜ ਰੁਪਏ ਹੁੰਦਾ ਹੈ। ਉਨ੍ਹਾਂ ਕਿਹਾ ਕਿ ਜਦ 20 ਤੋਂ 25 ਲੱਖ ਰੁਪਏ ਪਾਇਲਟ ਤੇ ਇੰਜਨੀਅਰਾਂ ਦੀਆਂ ਤਨਖ਼ਾਹਾਂ ‘ਤੇ ਖ਼ਰਚ ਹੁੰਦੇ ਹਨ ਤਾਂ ਉਹ ਆਪਣੇ ਵਲੋਂ ਪੇਸ਼ ਕੀਤੇ ਅੰਕੜਿਆਂ ਨੂੰ ਕਿਵੇਂ ਸਹੀ ਠਹਿਰਾ ਸਕਦਾ ਹੈ? ਇਹ ਸਿਆਸੀ ਬੇਈਮਾਨੀ ਦੀ ਹੀ ਇਕ ਮਿਸਾਲ ਹੈ, ਜਿਸ ਵਾਸਤੇ ਨਵਜੋਤ ਸਿੰਘ ਸਿੱਧੂ ਮਸ਼ਹੂਰ ਹੈ।