ਸ੍ਰੀ ਹਰਿਮੰਦਰ ਸਾਹਿਬ ਨੂੰ ਕੌਮੀ ਸਵੱਛ ਭਾਰਤ ਪੁਰਸਕਾਰ

0
280

shiromani-kamety-nu-purskar
ਅੰਮ੍ਰਿਤਸਰ/ਬਿਊਰੋ ਨਿਊਜ਼ :
ਭਾਰਤ ਸਰਕਾਰ ਦੇ ਪੀਣ ਯੋਗ ਪਾਣੀ ਅਤੇ ਸਫ਼ਾਈ ਮੰਤਰਾਲੇ ਵੱਲੋਂ ਦੇਸ਼ ਭਰ ਵਿਚ ਚੁਣੇ ਗਏ 10 ਆਈਕੋਨਿਕ (ਆਦਰਸ਼) ਸਥਾਨਾਂ ਵਿਚੋਂ ਸ੍ਰੀ ਹਰਿਮੰਦਰ ਸਾਹਿਬ ਅੰਮ੍ਰਿਤਸਰ ਨੂੰ ਸਫ਼ਾਈ ਲਈ ਕੀਤੇ ਕਾਰਜਾਂ ਲਈ ਸਰਵ ਉੱਤਮ ਸਥਾਨ ਦਾ ਦਰਜਾ ਦਿੰਦਿਆਂ ਕੌਮੀ ਸਵੱਛ ਭਾਰਤ ਪੁਰਸਕਾਰ 2017 ਦਿੱਤਾ ਹੈ। ਜਾਣਕਾਰੀ ਅਨੁਸਾਰ ਦੇਸ਼ ਭਰ ਤੋਂ ਜਿਨ੍ਹਾਂ ਧਾਰਮਿਕ ਤੇ ਵਿਰਾਸਤੀ ਸਥਾਨਾਂ ਨੂੰ ਇਸ ਪੁਰਸਕਾਰ ਲਈ ਚੁਣਿਆ ਗਿਆ ਸੀ, ਉਨ੍ਹਾਂ ਵਿਚੋਂ ਸ੍ਰੀ ਹਰਿਮੰਦਰ ਸਾਹਿਬ ਤੋਂ ਇਲਾਵਾ ਸ੍ਰੀ ਵੈਸ਼ਨੋ ਦੇਵੀ ਕਟੜਾ (ਜੰਮੂ ਕਸ਼ਮੀਰ), ਦਰਗਾਹ ਅਜਮੇਰ ਸ਼ਰੀਫ਼, ਮੀਨਾਕਸ਼ੀ ਮੰਦਿਰ ਮਦੁਰਾਏ, ਸ੍ਰੀ ਜਗਨਨਾਥ ਮੰਦਿਰ ਪੁਰੀ, ਸ੍ਰੀ ਤਿਰੂਪਤੀ ਮੰਦਿਰ ਤ੍ਰਿਮੂਲਾ, ਸੀ. ਐੱਸ. ਟੀ. ਮੁੰਬਈ, ਕਮਾਇਆ ਮੰਦਿਰ ਆਸਾਮ, ਮੀਕਮਿਰਕਾ ਘਾਟ ਵਾਰਾਨਸੀ, ਤਾਜ ਮਹਿਲ ਆਗਰਾ ਦੇ ਨਾਂਅ ਸ਼ਾਮਲ ਸਨ। ਉਕਤ ਵਿਚੋਂ ਸ੍ਰੀ ਅੰਮ੍ਰਿਤਸਰ ਦੇ ਸ੍ਰੀ ਹਰਿਮੰਦਰ ਸਾਹਿਬ ਨੂੰ ਸਫ਼ਾਈ ਲਈ ਕੀਤੇ ਕਾਰਜਾਂ ਲਈ ਸਰਵ ਉੱਤਮ ਸਥਾਨ ਦੇ ਕੇ ਪੁਰਸਕਾਰ ਦਿੱਤਾ ਗਿਆ। ਇਸ ਸਬੰਧ ਵਿਚ ਨਗਰ ਨਿਗਮ ਦੇ ਸਿਹਤ ਅਫ਼ਸਰ ਡਾ. ਰਾਜੂ ਚੌਹਾਨ ਨੇ ਦੱਸਿਆ ਕਿ ਇਸ ਪੁਰਸਕਾਰ ਨੂੰ ਨਗਰ ਨਿਗਮ ਦੇ ਕਮਿਸ਼ਨਰ ਅਮਿਤ ਕੁਮਾਰ ਵੱਲੋਂ ਪ੍ਰਾਪਤ ਕੀਤਾ ਗਿਆ ਹੈ। ਇਸ ਸਬੰਧ ਵਿਚ ਸ਼੍ਰੋਮਣੀ ਕਮੇਟੀ ਦੇ ਸਕੱਤਰ ਡਾ. ਰੂਪ ਸਿੰਘ ਨੇ ਕਿਹਾ ਸ੍ਰੀ ਹਰਿਮੰਦਰ ਸਾਹਿਬ ਨੂੰ ਸਫ਼ਾਈ ਲਈ ਕੀਤੇ ਕਾਰਜਾਂ ਪ੍ਰਤੀ ਸਰਕਾਰ ਵੱਲੋਂ ਸਰਵ ਉੱਤਮ ਪੁਰਸਕਾਰ ਦੇਣਾ ਸ਼੍ਰੋਮਣੀ ਕਮੇਟੀ ਤੇ ਸ੍ਰੀ ਦਰਬਾਰ ਸਾਹਿਬ ਦੇ ਸੁਚਾਰੂ ਪ੍ਰਬੰਧਾਂ ‘ਤੇ ਮੋਹਰ ਲਗਾਉਣਾ ਹੈ।