ਮੈਂ ਅਕਾਲੀ ਦਲ ਦੇ ਉਮੀਦਵਾਰਾਂ ਲਈ ਹਰਗਿਜ਼ ਪ੍ਰਚਾਰ ਨਹੀਂ ਕਰਾਂਗਾ : ਘੁਬਾਇਆ

0
354

sher-singh-ghubaya
ਫਿਰੋਜ਼ਪੁਰ/ਬਿਊਰੋ ਨਿਊਜ਼ :
ਫਿਰੋਜ਼ਪੁਰ ਹਲਕੇ ਤੋਂ ਅਕਾਲੀ ਦਲ ਦੇ ਐਮਪੀ ਸ਼ੇਰ ਸਿੰਘ ਘੁਬਾਇਆ ਖੁੱਲ੍ਹੇਆਮ ਹਾਕਮ ਪਾਰਟੀ ਤੇ ਖ਼ਾਸਕਾਰ ‘ਬਾਦਲਾਂ’ ਖ਼ਿਲਾਫ ਭੜਾਸ ਕੱਢ ਰਹੇ ਹਨ। ਉਨ੍ਹਾਂ ਦਾ ਦੋਸ਼ ਹੈ ਕਿ ਅਕਾਲੀ ਦਲ ਨੇ ਵਿਧਾਨ ਸਭਾ ਚੋਣਾਂ ਲਈ ਉਨ੍ਹਾਂ ਦੇ ਪਰਿਵਾਰ ਨੂੰ ਟਿਕਟ ਦੇਣ ਦਾ ਆਪਣਾ ਵਾਅਦਾ ਨਹੀਂ ਨਿਭਾਇਆ।
ਉਨ੍ਹਾਂ ਕਿਹਾ, ”ਮੇਰੀ ਵਰ੍ਹਿਆਂ ਦੀ ਵਫ਼ਾਦਾਰੀ ਦੇ ਬਾਵਜੂਦ ਮੈਨੂੰ ਬਿਲਕੁਲ ਹੀ ਲਾਂਭੇ ਕਰ ਦਿੱਤਾ ਗਿਆ।” ਉਨ੍ਹਾਂ ਕਿਹਾ ਕਿ ਉਹ ਚੋਣਾਂ ਵਿੱਚ ਦਲ ਦੇ ਉਮੀਦਵਾਰਾਂ ਲਈ ਹਰਗਿਜ਼ ਪ੍ਰਚਾਰ ਨਹੀਂ ਕਰਨਗੇ ਤੇ ਘਰ ‘ਬੈਠਣਾ’ ਪਸੰਦ ਕਰਨਗੇ। ਗ਼ੌਰਤਲਬ ਹੈ ਕਿ ਹਾਲੇ ਤੱਕ ਨਾ ਤਾਂ ਅਕਾਲੀ ਦਲ ਨੇ ਉਨ੍ਹਾਂ ਨੂੰ ਕੋਈ ਨੋਟਿਸ ਭੇਜਿਆ ਹੈ ਤੇ ਨਾ ਹੀ ਉਨ੍ਹਾਂ ਸੰਸਦ ਮੈਂਬਰੀ ਤੋਂ ਅਸਤੀਫ਼ਾ ਦਿੱਤਾ ਹੈ, ਜਦੋਂਕਿ ਪਿਛਲੇ ਦਿਨੀਂ ਉਨ੍ਹਾਂ ਦਾ ਪੁੱਤਰ ਦਵਿੰਦਰਪਾਲ ਸਿੰਘ ਤੇ ਭਰਾ ਮੁਨਸ਼ਾ ਸਿੰਘ ਦਿੱਲੀ ਵਿਚ ਕਾਂਗਰਸ ਵਿੱਚ ਸ਼ਾਮਲ ਹੋ ਚੁੱਕੇ ਹਨ। ਉਨ੍ਹਾਂ ਕਿਹਾ, ”ਜਦੋਂ ਮੈਨੂੰ ਹੀ ਮੇਰਾ ਬਣਦਾ ਹੱਕ ਨਹੀਂ ਮਿਲ ਰਿਹਾ ਤਾਂ ਮੈਂ ਆਪਣੇ ਪਰਿਵਾਰ ਲਈ ਕੀ ਉਮੀਦ ਕਰ ਸਕਦਾ ਹਾਂ।” ਜਦੋਂ ਉਨ੍ਹਾਂ ਦੇ ਪਰਿਵਾਰ ਵੱਲੋਂ ਕਾਂਗਰਸ ਵਿੱਚ ਜਾਣ ਦੀਆਂ ਖ਼ਬਰਾਂ ਆਈਆਂ ਤਾਂ ਸਰਕਾਰ ਨੇ ਉਨ੍ਹਾਂ ਦਾ ਸ਼ਿਕੰਜਾ ਕੱਸਣਾ ਸ਼ੁਰੂ ਕਰ ਦਿੱਤਾ। ਵਿਜੀਲੈਂਸ ਬਿਊਰੋ ਨੇ ਉਨ੍ਹਾਂ ਦੇ ਇੰਜਨੀਅਰਿੰਗ ਕਾਲਜ ਖ਼ਿਲਾਫ ਕਾਰਵਾਈ ਸ਼ੁਰੂ ਕਰ ਦਿੱਤੀ ਅਤੇ ਉਨ੍ਹਾਂ ਦੀ ਪਤਨੀ ਖ਼ਿਲਾਫ ਵੀ ਕੇਸ ਦਰਜ ਕੀਤਾ ਗਿਆ। ਗ਼ੌਰਤਲਬ ਹੈ ਕਿ ਰਾਏ ਸਿੱਖ ਭਾਈਚਾਰੇ ਨਾਲ ਸਬੰਧਤ ਸ੍ਰੀ ਘੁਬਾਇਆ ਨੇ ਰਾਏ ਸਿੱਖਾਂ ਦੀ ਭਾਰੀ ਆਬਾਦੀ ਵਾਲੇ ਜਲਾਲਾਬਾਦ ਵਿਧਾਨ ਸਭਾ ਹਲਕੇ ਨੂੰ ਉਪ ਮੁੱਖ ਮੰਤਰੀ ਸੁਖਬੀਰ ਸਿੰਘ ਬਾਦਲ ਵਾਸਤੇ ਖ਼ਾਲੀ ਕੀਤਾ ਸੀ, ਤਾਂ ਕਿ ਉਹ ਵਿਧਾਨ ਸਭਾ ਵਿੱਚ ਪੁੱਜ ਸਕਣ। ਉਨ੍ਹਾਂ ਦੋਸ਼ ਲਾਇਆ ਕਿ ਇਸ ਦੇ ਬਾਵਜੂਦ ਸੁਖਬੀਰ ਸਿੰਘ ਬਦਾਲ ਨੇ ਕਈ ਵਾਰ ਉਨ੍ਹਾਂ ਦੇ ਬੇਇੱਜ਼ਤੀ ਕੀਤੀ।