ਗੁਰਦੁਆਰਿਆਂ ਦੀ ਚੈਕਿੰਗ ਕਰਕੇ ਪਰਤ ਰਹੇ ਸ਼੍ਰੋਮਣੀ ਕਮੇਟੀ ਮੁਲਾਜ਼ਮ ਦੀ ਹਾਦਸੇ ‘ਚ ਮੌਤ, 3 ਜ਼ਖ਼ਮੀ

0
328

sharomani-kamety-mulazam
ਕੈਪਸ਼ਨ-ਟਿੱਪਰ ਨਾਲ ਟਕਰਾਉਣ ਕਰਕੇ ਨੁਕਸਾਨੀ ਸਕੌਰਪੀਓ।
ਨੂਰਪੁਰ ਬੇਦੀ/ਬਿਊਰੋ ਨਿਊਜ਼ :
ਨੂਰਪੁਰ ਬੇਦੀ-ਬੁੰਗਾ ਸਾਹਿਬ ਮਾਰਗ ‘ਤੇ ਵਾਪਰੇ ਹਾਦਸੇ ਵਿੱਚ ਗੁਰਦੁਆਰਿਆਂ ਦੀ ਚੈਕਿੰਗ ਕਰ ਕੇ ਪਰਤ ਰਹੇ ਤਖ਼ਤ ਕੇਸਗੜ੍ਹ ਸਾਹਿਬ (ਆਨੰਦਪੁਰ ਸਾਹਿਬ) ਦੇ ਸ਼੍ਰੋਮਣੀ ਗੁਰਦੁਆਰਾ ਪ੍ਰਬੰਧਕ ਕਮੇਟੀ ਮੁਲਾਜ਼ਮ ਦੀ ਮੌਤ ਹੋ ਗਈ, ਜਦੋਂਕਿ ਗੱਡੀ ਵਿੱਚ ਚਾਲਕ ਸਮੇਤ ਸਵਾਰ 3 ਹੋਰ ਮੁਲਾਜ਼ਮ ਗੰਭੀਰ ਜ਼ਖ਼ਮੀ ਹੋ ਗਏ। ਇਨ੍ਹਾਂ ਜ਼ਖ਼ਮੀਆਂ ਵਿੱਚੋਂ 2 ਨੂੰ ਪੀਜੀਆਈ ਚੰਡੀਗੜ੍ਹ ਰੈਫਰ ਕਰ ਦਿੱਤਾ ਗਿਆ ਹੈ, ਜਦਕਿ ਇੱਕ ਸਿਵਲ ਹਸਪਤਾਲ ਆਨੰਦਪੁਰ ਸਾਹਿਬ ਵਿਖੇ ਜ਼ੇਰੇ ਇਲਾਜ ਹੈ। ਤਫ਼ਤੀਸ਼ੀ ਅਫ਼ਸਰ ਹੌਲਦਾਰ ਰਾਜ ਕੁਮਾਰ ਨੇ ਦੱਸਿਆ ਕਿ ਆਨੰਦਪੁਰ ਸਾਹਿਬ ਵਿਖੇ ਸ਼੍ਰੋਮਣੀ ਕਮੇਟੀ ਅਧੀਨ ਕੰਮ ਕਰਦੇ ਇਹ ਚਾਰੇ ਮੁਲਾਜ਼ਮ ਰਾਤ ਕਰੀਬ ਇੱਕ ਵਜੇ ਨੂਰਪੁਰ ਬੇਦੀ ਖੇਤਰ ਸਥਿਤ ਗੁਰਦੁਆਰਿਆਂ ਦੀ ਚੈਕਿੰਗ ਕਰ ਕੇ ਆਨੰਦਪੁਰ ਸਾਹਿਬ ਪਰਤ ਰਹੇ ਸਨ ਕਿ ਪਿੰਡ ਚੈਹਿੜ ਮਾਜਰਾ ਨੇੜੇ ਕਿਸੇ ਵਾਹਨ ਦੀ ਲਾਈਟ ਪੈਣ ਕਾਰਨ ਉਨ੍ਹਾਂ ਦੀ ਸਕੌਰਪੀਓ ਗੱਡੀ ਸੜਕ ‘ਤੇ ਖੜ੍ਹੇ ਟਿੱਪਰ ਨਾਲ ਟਕਰਾ ਗਈ। ਹਾਦਸਾ ਏਨਾ ਭਿਆਨਕ ਸੀ ਕਿ ਸਕੌਰਪੀਓ ਗੱਡੀ ਦੇ ਪਰਖੱਚੇ ਉਡ ਗਏ ਤੇ ਚਾਲਕ ਨਾਲ ਬੈਠੇ ਸ਼੍ਰੋਮਣੀ ਕਮੇਟੀ ਦੇ ਮੁਲਾਜ਼ਮ ਦਵਿੰਦਰ ਸਿੰਘ ਪੁੱਤਰ ਕਲਿਆਣ ਸਿੰਘ ਵਾਸੀ ਵਾਰਡ ਨੰਬਰ 8, ਆਨੰਦਪੁਰ ਸਾਹਿਬ ਦੀ ਮੌਕੇ ‘ਤੇ ਹੀ ਮੌਤ ਹੋ ਗਈ, ਜਦੋਂਕਿ 3 ਜਣੇ ਜ਼ਖ਼ਮੀ ਹੋ ਗਏ। ਇਨ੍ਹਾਂ ਵਿੱਚੋਂ ਮਲਕੀਤ ਸਿੰਘ ਪੁੱਤਰ ਮੁਖਤਿਆਰ ਸਿੰਘ ਤੇ ਗੁਰਪ੍ਰੀਤ ਸਿੰਘ ਪੁੱਤਰ ਰਣਜੀਤ ਸਿੰਘ ਦੀ ਗੰਭੀਰ ਹਾਲਤ ਨੂੰ ਦੇਖਦਿਆਂ ਪੀਜੀਆਈ ਚੰਡੀਗੜ੍ਹ ਦਾਖ਼ਲ ਕਰਾਇਆ ਗਿਆ ਹੈ। ਸਕਾਰਪੀਓ ਚਾਲਕ ਹਰਪ੍ਰੀਤ ਸਿੰਘ ਪੁੱਤਰ ਕਰਮ ਸਿੰਘ ਸਿਵਲ ਹਸਪਤਾਲ, ਆਨੰਦਪੁਰ ਸਾਹਿਬ ਵਿੱਚ ਦਾਖ਼ਲ ਹੈ। ਪੁਲੀਸ ਨੇ ਟਿੱਪਰ ਕਬਜ਼ੇ ਵਿੱਚ ਲੈ ਕੇ ਅਣਪਛਾਤੇ ਚਾਲਕ ਵਿਰੁੱਧ ਕੇਸ ਦਰਜ ਕਰ ਲਿਆ ਹੈ।
ਜ਼ਿਕਰਯੋਗ ਹੈ ਕਿ ਦਵਿੰਦਰ ਸਿੰਘ ਤਖ਼ਤ ਕੇਸਗੜ੍ਹ ਸਾਹਿਬ ਦੇ ਮਰਹੂਮ ਜਥੇਦਾਰ ਸਿੰਘ ਗਿਆਨੀ ਤਰਲੋਚਨ ਸਿੰਘ ਅਤੇ ਕਾਰ ਸੇਵਾ ਕਿਲ੍ਹਾ ਆਨੰਦਗੜ੍ਹ ਸਾਹਿਬ ਵਾਲੇ ਬਾਬਾ ਜਰਨੈਲ ਸਿੰਘ ਦਾ ਭਤੀਜਾ ਸੀ। ਦਵਿੰਦਰ ਸਿੰਘ ਦਾ ਚਰਨ ਗੰਗਾ ਸ਼ਮਸ਼ਾਨਘਾਟ ਵਿਚ ਸਸਕਾਰ ਕਰ ਦਿੱਤਾ ਗਿਆ। ਇਸ ਮੌਕੇ ਕੇਸਗੜ੍ਹ ਸਾਹਿਬ ਦੇ ਹੈੱਡ ਗ੍ਰੰਥੀ ਭਾਈ ਫੂਲਾ ਸਿੰਘ, ਸ਼੍ਰੋਮਣੀ ਕਮੇਟੀ ਦੇ ਜਨਰਲ ਸਕੱਤਰ ਭਾਈ ਅਮਰਜੀਤ ਸਿੰਘ ਚਾਵਲਾ, ਸਿੱਖ ਮਿਸ਼ਨਰੀ ਕਾਲਜ ਦੇ ਪ੍ਰਿੰਸੀਪਲ ਗਿਆਨੀ ਸੁਰਿੰਦਰ ਸਿੰਘ, ਤਖ਼ਤ ਸਾਹਿਬ ਦੇ ਮੈਨੇਜਰ ਰਣਜੀਤ ਸਿੰਘ ਵੀ ਪੁੱਜੇ।