ਸ਼੍ਰੋਮਣੀ ਕਮੇਟੀ ਵੱਲੋਂ ਨਸਲੀ ਹਮਲੇ ਰੋਕਣ ਲਈ ਸਿੱਖਾਂ ਬਾਰੇ ਵਿਦੇਸ਼ੀ ਦੂਤਘਰਾਂ ਨੂੰ ਵਿਸ਼ੇਸ਼ ਕਿਤਾਬ ਭੇਜਣ ਦਾ ਫੈਸਲਾ

0
66

sgpc-_longowal
ਭਾਈ ਗੋਬਿੰਦ ਸਿੰਘ ਲੌਂਗੋਵਾਲ ਪੌਦਾ ਲਗਾਉਂਦੇ ਹੋਏ।
ਸ੍ਰੀ ਆਨੰਦਪੁਰ ਸਾਹਿਬ/ਬਿਊਰੋ ਨਿਊਜ਼ :
ਅਮਰੀਕਾ ਦੇ ਕੈਲੀਫੋਰਨੀਆ ਸੂਬੇ ਵਿੱਚ ਇੱਕ ਸਿੱਖ ਨੂੰ ਦੋ ਗੋਰਿਆਂ ਵੱਲੋਂ ਨਸਲੀ ਹਿੰਸਾ ਦਾ ਸ਼ਿਕਾਰ ਬਣਾਉਂਦਿਆਂ ਕੁੱਟਣ ਤੇ ਉਸ ਦੇ ਟਰੱਕ ਉੱਤੇ ‘ਗੋ ਬੈਕ ਟੂ ਯੂਅਰ ਕੰਟਰੀ’ ਲਿਖਣ ਬਾਰੇ ਬੋਲਦਿਆਂ ਸ਼੍ਰੋਮਣੀ ਗੁਰਦੁਆਰਾ ਪ੍ਰਬੰਧਕ ਕਮੇਟੀ ਦੇ ਪ੍ਰਧਾਨ ਭਾਈ ਲੌਂਗੋਵਾਲ ਨੇ ਕਿਹਾ ਕਿ ਉਹ ਇਸ ਸਬੰਧੀ ਭਾਰਤ ਸਰਕਾਰ ਨੂੰ ਅਪੀਲ ਕਰਦੇ ਹਨ ਕਿ ਵਿਦੇਸ਼ਾਂ ਵਿਚ ਸਿੱਖ ਭਾਈਚਾਰੇ ਦੀ ਸੁਰੱਖਿਆ ਯਕੀਨੀ ਬਣਾਈ ਜਾਵੇ। ਉਨ੍ਹਾਂ ਦੱਸਿਆ ਕਿ ਵੱਖ-ਵੱਖ ਦੇਸ਼ਾਂ ਵਿਚ ਸਿੱਖ ਭਾਈਚਾਰੇ ਨਾਲ ਸਬੰਧਤ ਲੋਕਾਂ ‘ਤੇ ਹੋ ਰਹੇ ਨਸਲੀ ਹਮਲਿਆਂ ਨੂੰ ਰੋਕਣ ਲਈ ਸ਼੍ਰੋਮਣੀ ਕਮੇਟੀ ਯਤਨਸ਼ੀਲ ਹੈ ਅਤੇ ਇਸੇ ਸਬੰਧ ਵਿਚ ਕਮੇਟੀ ਵੱਲੋਂ ਵਿਸ਼ੇਸ਼ ਕਿਤਾਬ ਤਿਆਰ ਕਰਵਾ ਕੇ ਸਾਰੇ ਦੇਸ਼ਾਂ ਦੇ ਸਫ਼ਾਰਤਖਾਨਿਆਂ ਨੂੰ ਭੇਜੀ ਜਾ ਰਹੀ ਹੈ ਤਾਂ ਜੋ ਸਿੱਖਾਂ ਤੇ ਸਿੱਖ ਕੌਮ ਦੇ ਗੌਰਵਮਈ ਇਤਿਹਾਸ ਬਾਰੇ ਸਮੁੱਚੇ ਸੰਸਾਰ ਦੇ ਸ਼ੰਕੇ ਦੂਰ ਹੋ ਸਕਣ।
ਸ਼੍ਰੋਮਣੀ ਕਮੇਟੀ ਦੇ ਪ੍ਰਧਾਨ ਭਾਈ ਗੋਬਿੰਦ ਸਿੰਘ ਲੌਂਗਵਾਲ ਨੇ ਇਹ ਵੀ ਕਿਹਾ ਕਿ ਅੰਮ੍ਰਿਤਸਰ ਦੇ ਟਰੱਕ ਡਰਾਈਵਰ ਜੋਗਾ ਸਿੰਘ ਨੂੰ ਝਾਰਖੰਡ ਵਿੱਚ ਮਾਓਵਾਦੀਆਂ ਵੱਲੋਂ ਗੋਲੀ ਮਾਰਨ ਤੇ ਟਰੱਕ ਵਿੱਚ ਜ਼ਿੰਦਾ ਸਾੜਨ ਦੀ ਘਟਨਾ ਬਹੁਤ ਹੀ ਦੁੱਖਦਾਈ ਹੈ ਕਿ ਸਿੱਖ ਆਪਣੇ ਦੇਸ਼ ਵਿੱਚ ਹੀ ਹਿੰਸਕ ਘਟਨਾਵਾਂ ਦਾ ਸ਼ਿਕਾਰ ਹੋ ਰਹੇ ਹਨ। ਉਨ੍ਹਾਂ ਕਿਹਾ ਕਿ ਉਹ ਝਾਰਖੰਡ ਤੇ ਕੇਂਦਰ ਸਰਕਾਰ ਨੂੰ ਲਿਖਣਗੇ ਕਿ ਉਹ ਪੀੜਤ ਦੇ ਪਰਿਵਾਰ ਨੂੰ ਬਣਦੀ ਸਹਾਇਤਾ ਮੁਹੱਈਆ ਕਰਵਾਏ।ਇਸ ਮੌਕੇ ਉਨ੍ਹਾਂ ਅੱਠਵੇਂ ਪਾਤਸ਼ਾਹ ਗੁਰੂ ਹਰਕ੍ਰਿਸ਼ਿਨ ਸਾਹਿਬ ਦੇ ਪ੍ਰਕਾਸ਼ ਪੁਰਬ ਨੂੰ ਸਮਰਪਿਤ ਤਖ਼ਤ ਸਾਹਿਬ ਦੇ ਸਾਹਮਣੇ ਵਾਲੇ ਮੈਦਾਨ ਵਿਚ ਪੌਦੇ ਵੀ ਲਗਾਏ।