ਨਵੰਬਰ-84 ਦੇ ਸਿੱਖ ਕਤਲੇਆਮ ਦੇ ਕੇਸ ‘ਚ ਕਾਂਗਰਸੀ ਆਗੂ ਸੱਜਣ ਕੁਮਾਰ ਨੂੰ ਨੋਟਿਸ

0
106

sajjan_kumar

 

 

 

 

 

ਨਵੀਂ ਦਿੱਲੀ/ਬਿਊਰੋ ਨਿਊਜ਼ :

ਸੁਪਰੀਮ ਕੋਰਟ ਨੇ ਦਿੱਲੀ ਦੰਗਿਆਂ ਦੇ ਕੇਸਾਂ ਦੀ ਜਾਂਚ ਲਈ ਬਣਾਈ ਵਿਸ਼ੇਸ਼ ਜਾਂਚ ਟੀਮ ਵੱਲੋਂ ਦਾਇਰ ਕੀਤੀ ਇਕ ਅਪੀਲ ‘ਤੇ ਕਾਂਗਰਸ ਆਗੂ ਸੱਜਣ ਕੁਮਾਰ ਤੋਂ ਜਵਾਬ ਮੰਗਿਆ ਹੈ। ਦਿੱਲੀ ਹਾਈ ਕੋਰਟ ਨੇ ਸੱਜਣ ਕੁਮਾਰ ਨੂੰ ਜ਼ਮਾਨਤ ਦਿੱਤੀ ਸੀ ਜਿਸ ਦੇ ਖ਼ਿਲਾਫ਼ ਐਸਆਈਟੀ ਨੇ ਅਰਜ਼ੀ ਦਾਖ਼ਲ ਕੀਤੀ ਸੀ।
ਜਸਟਿਸ ਏਕੇ ਸੀਕਰੀ ਤੇ ਅਸ਼ੋਕ ਭੂਸ਼ਨ ਦੇ ਬੈਂਚ ਨੇ ਕਿਹਾ ਕਿ ਇਹੀ ਵਕਤ ਹੈ ਕਿ ਜਲਦੀ ਤੋਂ ਜਲਦੀ ਇਹ ਕੇਸ ਚਲਾਏ ਜਾਣ। ਬੈਂਚ ਨੇ ਕਿਹਾ ਕਿ ਇਹ 30 ਸਾਲ ਪੁਰਾਣਾ ਕੇਸ ਹੈ ਤੇ ਹਾਈ ਕੋਰਟ ਨੂੰ ਪੇਸ਼ਗੀ ਜ਼ਮਾਨਤ ਦੇਣ ਲਈ ਕਰੀਬ 200 ਸਫ਼ਿਆਂ ਦਾ ਫ਼ੈਸਲਾ ਦੇਣਾ ਪਿਆ ਹਾਲਾਂਕਿ ਅਮੂਮਨ 40-50 ਸਫ਼ਿਆਂ ਵਿੱਚ ਸਰ ਜਾਂਦਾ ਹੈ। ਐਸਆਈਟੀ ਦੀ ਤਰਫ਼ੋਂ ਪੇਸ਼ ਹੋਏ ਐਡੀਸ਼ਨਲ ਸੌਲਿਸਿਟਰ ਮਨਿੰਦਰ ਸਿੰਘ ਨੇ ਕਿਹਾ ਕਿ ਸੱਜਣ ਕੁਮਾਰ ਖ਼ਿਲਾਫ਼ 2016 ਵਿਚ ਹੀ ਜਾਂਚ ਸ਼ੁਰੂ ਹੋ ਸਕੀ ਸੀ ਤੇ ਹੁਣ ਉਹ ਆਪਣੇ ਬਹੁਤ ਸਾਰੇ ਵਕੀਲਾਂ ਨੂੰ ਨਾਲ ਲੈ ਕੇ ਆ ਜਾਂਦੇ ਹਨ ਤੇ ਕੇਸ ਦੇ ਤਫ਼ਤੀਸ਼ੀ ਅਫ਼ਸਰ ਨੂੰ ਆਪਣਾ ਬਿਆਨ ਡਿਕਟੇਟ ਕਰਵਾਉਂਦੇ ਹਨ। ਏਐਸਜੀ ਨੇ ਕਿਹਾ ਕਿ ਮੁਲਜ਼ਮ ਨੂੰ ਪੇਸ਼ਗੀ ਜ਼ਮਾਨਤ ਦਿੰਦਿਆਂ ਹਾਈ ਕੋਰਟ ਨੇ ਕਿਹਾ ਸੀ ਕਿ ਮਾਮਲੇ ਦਾ ਨਿਤਾਰਾ ਮੁਕੱਦਮੇ ‘ਚ ਹੋਵੇਗਾ ਪਰ ਆਖਰ ਉਸ ਨੂੰ ਇਹ ਕਹਿ ਕੇ ਰਾਹਤ ਦੇ ਦਿੱਤੀ ਗਈ ਕਿ ਉਸ ਦੇ ਖ਼ਿਲਾਫ਼ ਕੋਈ ਸਬੂਤ ਹੀ ਨਹੀਂ ਹੈ। ਇਸ ‘ਤੇ ਬੈਂਚ ਨੇ ਕਿਹਾ ਕਿ ਕੀ ਪੇਸ਼ਗੀ ਜ਼ਮਾਨਤ ਵੇਲੇ ਇਸ ਬਾਰੇ ਚਰਚਾ ਹੋਈ ਸੀ। ਮਨਿੰਦਰ ਸਿੰਘ ਨੇ ਹਾਂ ਵਿਚ ਜਵਾਬ ਦਿੰਦਿਆਂ ਕਿਹਾ ਕਿ ਇਹ ਸਥਾਪਤ ਕਾਨੂੰਨ ਦੀ ਨਿਰ੍ਹੀ ਉਲੰਘਣਾ ਹੈ। ਇਸ ਤੋ ਬੈਂਚ ਨੇ ਨੋਟਿਸ ਜਾਰੀ ਕਰ ਦਿੱਤਾ।