ਅਕਾਲੀਆਂ ਨੇ ਕਿਰਪਾਨਾਂ ਵੰਡਣ ਬਾਰੇ ਕਾਂਗਰਸੀ ਆਗੂ ਦੇ ਬਿਆਨ ਵਿਰੁਧ ਕੈਪਟਨ ਦੇ ਮਹਿਲ ਵੱਲ ਰੋਸ ਮਾਰਚ ਕੀਤਾ

0
216
For City desk Patiala/PT/DT (Story sent by Gagan) SAD leaders along with their supporters holding a protest in support of their demands near residence of Punjab Chief Minister, Capt. Amarinder Singh in Patiala, on Monday. Tribune photo: Rajesh Sachar
ਨਿਊ ਮੋਤੀ ਮਹਿਲ ਨੇੜੇ ਪੋਲੋ ਗਰਾਊਂਡ ਸਾਹਮਣੇ ਧਰਨਾ ਦਿੰਦੇ ਹੋਏ ਅਕਾਲੀ ਕਾਰੁਕਨ। 

ਪਟਿਆਲਾ/ਬਿਊਰੋ ਨਿਊਜ਼
ਕਾਂਗਰਸੀ ਆਗੂ ਵੱਲੋਂ ਪੰਚਾਇਤੀ ਚੋਣਾਂ ਵੇਲੇ ਦਿੱਤੇ ਵਿਵਾਦਿਤ ਬਿਆਨ ‘ਤੇ ਪੰਜਾਬ  ਸਰਕਾਰ ਵੱਲੋਂ ਕੋਈ ਕਾਰਵਾਈ ਨਾ ਕੀਤੇ ਜਾਣ ਦੇ ਰੋਸ ਵਜੋਂ ਸ਼੍ਰੋਮਣੀ ਅਕਾਲੀ ਦਲ ਦੇ ਵਰਕਰਾਂ ਨੇ ਸੰਸਦ  ਮੈਂਬਰ ਪ੍ਰੇਮ ਸਿੰਘ ਚੰਦੂਮਾਜਰਾ ਦੀ ਅਗਵਾਈ ਵਿੱਚ ਸੋਮਵਾਰ ਨੂੰ  ਇੱਥੇ ਕੈਪਟਨ ਅਮਰਿੰਦਰ ਸਿੰਘ ਦੀ ਰਿਹਾਇਸ਼ ਵਾਲੇ ਮੋਤੀ ਮਹਿਲ ਵੱਲ ਰੋਸ ਮਾਰਚ  ਕੀਤਾ ਤਾਂ ਪੁਲੀਸ ਨੇ ਉਨ੍ਹਾਂ ਨੂੰ ਪੋਲੋ ਗਰਾਊਂਡ ਕੋਲ ਰੋਕ ਲਿਆ।  ਅਕਾਲੀ ਵਰਕਰ ਉੱਥੇ ਹੀ ਧਰਨਾ ਲਾ ਕੇ ਬੈਠ  ਗਏ।
ਪ੍ਰਾਪਤ ਜਾਣਕਾਰੀ ਅਨੁਸਾਰ ਕਾਂਗਰਸੀ ਆਗੂ ਵੱਲੋਂ ਪੰਚਾਇਤੀ ਚੋਣਾਂ ਵੇਲੇ ਕਿਰਪਾਨਾਂ ਵੰਡਣ ਤੇ ਵਿਰੋਧੀਆਂ ਨੂੰ ਵੱਢਣ ਆਦਿ ਦੇ ਦਿੱਤੇ ਕਥਿਤ ਬਿਆਨ ‘ਤੇ ਪੰਜਾਬ ਸਰਕਾਰ ਵੱਲੋਂ ਕੋਈ ਕਾਰਵਾਈ ਨਾ ਕੀਤੇ ਜਾਣ ਦੇ ਰੋਸ ਵਜੋਂ ਸ਼੍ਰੋਮਣੀ ਅਕਾਲੀ ਦਲ ਵੱਲੋਂ ਮੁੱਖ ਮੰਤਰੀ ਦੀ ਰਿਹਾਇਸ਼ ਨਿਊ ਮੋਤੀ ਮਹਿਲ ਅੱਗੇ ਧਰਨਾ ਦੇਣ ਦੇ ਉਲੀਕੇ ਪ੍ਰੋਗਰਾਮ ਤਹਿਤ ਅੱਜ ਇੱਥੇ ਇੱਕਠੇ ਹੋਏ ਅਕਾਲੀ ਕਾਰਕੁਨਾਂ ਨੂੰ ਪੁਲੀਸ ਨੇ ਗੁਰਦੁਆਰਾ ਸਿੰਘ ਸਭਾ ਵਿੱਚ ਨਜ਼ਰਬੰਦ ਕਰ ਦਿੱਤਾ। ਇਸ ਕਾਰਵਾਈ ਦਾ ਅਕਾਲੀਆਂ ਨੇ ਤਿੱਖਾ ਵਿਰੋਧ ਕੀਤਾ। ਕਰੀਬ ਦੋ ਘੰਟਿਆਂ ਬਾਅਦ ਪੁਲੀਸ ਨੇ ਗੁਰਦੁਆਰੇ ਦੇ ਗੇਟ ਖੋਲ੍ਹੇ ਤਾਂ ਅਕਾਲੀ ਵਰਕਰਾਂ ਨੇ ਪ੍ਰੋ. ਚੰਦੂਮਾਜਰਾ ਦੀ ਅਗਵਾਈ ਵਿੱਚ ਮੋਤੀ ਮਹਿਲ ਵੱਲ ਰੋਸ ਮਾਰਚ ਸ਼ੁਰੂ ਕੀਤਾ। ਇਸ ਰੋਸ ਮਾਰਚ ਨੂੰ ਪੁਲੀਸ ਨੇ ਮੋਤੀ ਮਹਿਲ ਤੋਂ ਪਿੱਛੇ ਪੋਲੋ ਗਰਾਊਂਡ ਕੋਲ ਬੈਰੀਕੇਡ ਲਾ ਕੇ ਰੋਕ ਲਿਆ।  ਅਕਾਲੀ ਵਰਕਰ ਰੋਕ ਵਾਲੀ ਥਾਂ ‘ਤੇ ਹੀ ਧਰਨਾ ਲਾ ਕੇ ਬੈਠ ਗਏ। ਉਨ੍ਹਾਂ ਮੁੱਖ ਮੰਤਰੀ ਕੈਪਟਨ ਅਮਰਿੰਦਰ ਸਿੰਘ ਤੋਂ ਕਿਰਪਾਨਾਂ ਵੰਡਣ ਤੇ ਵੱਢਣ-ਵਢਾਉਣ ਦੇ ਦਿੱਤੇ ਭੜਕਾਊ ਬਿਆਨ ਦੇ ਮਾਮਲੇ ਵਿੱਚ ਕਾਂਗਰਸੀ ਆਗੂ ਹਰਿੰਦਰਪਾਲ ਸਿੰਘ ਹੈਰੀਮਾਨ ਖ਼ਿਲਾਫ਼ ਕੇਸ ਦਰਜ ਕਰਨ ਅਤੇ ਪੰਜਾਬੀ ‘ਵਰਸਿਟੀ ਵਿੱਚ ਸਿੰਡੀਕੇਟ ਮੈਂਬਰ ਵਜੋਂ ਹੋਈ ਉਸ ਦੀ ਨਿਯੁਕਤੀ ਨੂੰ ਤੁਰੰਤ ਰੱਦ ਕਰਨ ਦੀ ਮੰਗ ਕੀਤੀ।
ਅਕਾਲੀ ਦਲ ਦੀ ਜ਼ਿਲ੍ਹਾ ਜਥੇਬੰਦੀ ਵੱਲੋਂ ਮੈਂਬਰ ਪਾਰਲੀਮੈਂਟ ਪ੍ਰੇਮ ਸਿੰਘ ਚੰਦੂਮਾਜਰਾ, ਜ਼ਿਲ੍ਹਾ ਪ੍ਰਧਾਨ ਤੇ ਸਾਬਕਾ ਮੰਤਰੀ ਸੁਰਜੀਤ ਸਿੰਘ ਰੱਖੜਾ ਤੇ ਸਨੌਰ ਹਲਕੇ ਦੇ ਅਕਾਲੀ ਵਿਧਾਇਕ ਹਰਿੰਦਰਪਾਲ ਸਿੰਘ ਚੰਦੂਮਾਜਰਾ ਦੀ ਅਗਵਾਈ ਹੇਠ ਦਿੱਤੇ ਗਏ ਇਸ ਧਰਨੇ ਦੌਰਾਨ ਜ਼ਿਲ੍ਹਾ ਪ੍ਰਸ਼ਾਸਨ ਵੱਲੋਂ ਐੱਸਡੀਐੱਮ ਪਟਿਆਲਾ ਨੇ ਧਰਨੇ ‘ਚ ਪਹੁੰਚ ਕੇ ਮੰਗ ਪੱਤਰ ਲਿਆ। ਉਨ੍ਹਾਂ ਭਰੋਸਾ ਦਿਵਾਇਆ ਕਿ ਉਹ ਇਨ੍ਹਾਂ ਮੰਗਾਂ ਨੂੰ ਜ਼ਿਲ੍ਹਾ ਮੈਜਿਸਟਰੇਟ ਜ਼ਰੀਏ ਪੰਜਾਬ ਸਰਕਾਰ ਤੱਕ ਪੁੱਜਦਾ ਕਰਨਗੇ। ਦੱਸਣਯੋਗ ਹੈ ਕਿ ਗੁਰਦੁਆਰੇ ਤੋਂ ਤੁਰਨ ਮਗਰੋਂ ਅਕਾਲੀ ਦਲ ਦੇ ਜ਼ਿਲ੍ਹਾ ਪ੍ਰਧਾਨ ਸੁਰਜੀਤ ਸਿੰਘ ਰੱਖੜਾ, ਸ਼ਹਿਰੀ ਪ੍ਰਧਾਨ ਹਰਪਾਲ ਜੁਨੇਜਾ ਤੇ ਸਾਬਕਾ ਮੇਅਰ ਵਿਸ਼ਨੂੰ ਸ਼ਰਮਾ ਸਮੇਤ ਹੋਰ ਆਗੂ ਪੁਲੀਸ ਨੂੰ ਝਕਾਨੀ ਦੇ ਕੇ ਮੋਤੀ ਮਹਿਲ ਕੋਲ ਪੈਂਦੇ ਵਾਈਪੀਐੱਸ ਚੌਕ ਤੱਕ ਅੱਪੜ ਗਏ। ਇਨ੍ਹਾਂ ਆਗੂਆਂ ਨੇ ਇੱਥੇ ਵੱਖਰੇ ਤੌਰ ‘ਤੇ ਧਰਨਾ ਦਿੱਤਾ।
ਧਰਨੇ ਦੌਰਾਨ ਪ੍ਰੋ. ਚੰਦੂਮਾਜਰਾ ਨੇ ਆਖਿਆ ਕਿ ਪੰਜਾਬ ਦੀ ਸ਼ਾਂਤੀ ਨੂੰ ਲਾਂਬੂ ਲਾਉਣ ਦੀ ਕੋਸ਼ਿਸ਼ ਕਰਨ ਵਾਲੇ ਕਾਂਗਰਸੀ ਆਗੂ ਖ਼ਿਲਾਫ਼ ਜਦੋਂ ਤੱਕ ਕਾਰਵਾਈ ਨਹੀਂ ਹੁੰਦੀ, ਉਦੋਂ ਤੱਕ ਅਕਾਲੀ ਦਲ ਸੰਘਰਸ਼ ਜਾਰੀ ਰੱਖੇਗਾ ਤੇ ਲੋੜ ਪੈਣ ‘ਤੇ ਇਨਸਾਫ਼ ਲਈ ਹਾਈ ਕੋਰਟ ਦਾ ਦਰ ਵੀ ਖੜਕਾਇਆ ਜਾਵੇਗਾ। ਧਰਨੇ ਨੂੰ ਵਿਧਾਇਕ ਹਰਵਿੰਦਰਪਾਲ ਚੰਦੂਮਾਜਰਾ, ਹਰਵਿੰਦਰ ਸਿਘ ਹਰਪਾਲਪੁਰ, ਸਾਬਕਾ ਵਿਧਾਇਕ ਵਨਿੰਦਰ ਲੂੰਬਾ, ਹਰਪ੍ਰੀਤ ਮੁਖਮੇਲਪੁਰ, ਸੁਰਜੀਤ ਸਿੰਘ ਗੜੀ, ਅਜੀਤਪਾਲ ਸਿੰਘ ਕੋਹਲੀ, ਅਮਰਿੰਦਰ ਸਿੰਘ ਬਜਾਜ ਤੇ ਜਰਨੈਲ ਸਿੰਘ ਕਰਤਾਰਪੁਰ ਨੇ ਵੀ ਸੰਬੋਧਨ ਕੀਤਾ।