ਕੈਪਟਨੀ-ਹੁਕਮ ਦੇ ਦਬਕੇ ਮਾਰਨ ਵਾਲਾ ਟਰਾਂਸਪੋਰਟਰ ਉਲਟਾ ਫਸਿਆ

0
263

refinery_-police
ਰਿਫਾਈਨਰੀ ਪੁਲੀਸ ਚੌਕੀ ਦੀ ਝਲਕ।
ਬਠਿੰਡਾ/ਬਿਊਰੋ ਨਿਊਜ਼
ਬਠਿੰਡਾ ਪੁਲੀਸ ਨੇ ਹੁਣ ਗੁੰਡਾ ਟੈਕਸ ਦੇ ਦਾਗ਼ ਧੋਣ ਲਈ ਇੱਕ ਅਜਿਹੇ ਟਰਾਂਸਪੋਰਟਰ ‘ਤੇ ਧੋਖਾਧੜੀ ਦਾ ਕੇਸ ਦਰਜ ਕੀਤਾ ਹੈ ਜੋ ਮੁੱਖ ਮੰਤਰੀ ਦੇ ਘਰੋਂ ਹੁਕਮ ਹੋਣ ਦੇ ਦਬਕੇ ਮਾਰਦਾ ਸੀ। ਰਿਫ਼ਾਈਨਰੀ ਦੇ ਉਸਾਰੀ ਠੇਕੇਦਾਰ ਤੋਂ ਗੁੰਡਾ ਟੈਕਸ ਦੀ ਵਸੂਲੀ ਸਬੰਧੀ ਇਸ ਟਰਾਂਸਪੋਰਟਰ ਦੀ ਆਡੀਓ ਕਲਿੱਪ ਵੀ ਮੁੱਖ ਮੰਤਰੀ ਪੰਜਾਬ ਕੋਲ ਪੁੱਜੀ ਹੈ, ਜਿਸ ਅਨੁਸਾਰ ਟਰਾਂਸਪੋਰਟਰ ਰੇਤਾ ਬਜਰੀ ਦੀ ਸਪਲਾਈ ਤੇ ‘ਗੁੰਡਾ ਟੈਕਸ’ ਵਸੂਲਣ ਦੇ ਹੁਕਮ ‘ਮੁੱਖ ਮੰਤਰੀ ਦੇ ਘਰੋਂ’ ਹੁਕਮ ਹੋਣ ਦੀ ਗੱਲ ਕਰਦਾ ਹੈ। ਬਠਿੰਡਾ ਪੁਲੀਸ ਨੇ ਥਾਣਾ ਰਾਮਾਂ ਵਿੱਚ ਹੁਣ ਗੁਰਬਖਸ਼ੀਸ਼ ਸਿੰਘ ਉਰਫ਼ ਜੀਡੀ, ਡਰਾਈਵਰ ਨਿਰਮਲ ਸਿੰਘ ਅਤੇ ਪ੍ਰਿਤਪਾਲ ਸਿੰਘ ਖ਼ਿਲਾਫ਼ ਧਾਰਾ 420, 465, 468, 471 ਤੇ 379 ਤਹਿਤ ਕੇਸ ਦਰਜ ਕੀਤਾ ਹੈ।
ਬਠਿੰਡਾ ਰਿਫਾਈਨਰੀ ਦੇ ਸਕਿਉਰਿਟੀ ਸ਼ਿਫ਼ਟ ਇੰਚਾਰਜ ਗੌਤਮ ਅਗਰਵਾਲ ਵੱਲੋਂ ਬਠਿੰਡਾ ਪੁਲੀਸ ਕੋਲ ਸ਼ਿਕਾਇਤ ਕੀਤੀ ਗਈ ਸੀ ਕਿ ਟਰਾਂਸਪੋਰਟਰ ਗੁਰਬਖਸ਼ੀਸ਼ ਸਿੰਘ ਵੱਲੋਂ ਜਾਅਲੀ ਨੰਬਰ ਪਲੇਟ ਲਗਾ ਕੇ ਰਿਫਾਈਨਰੀ ‘ਚ ਰੇਤੇ ਦਾ ਟਰੱਕ ਭੇਜਿਆ ਗਿਆ। ਇਹ ਰੇਤਾ ਰਿਫਾਈਨਰੀ ਵਿੱਚ ਮੈਸਰਜ਼ ਏਐਨਐਸ ਕੰਪਨੀ ਦੇ ਆਰਡਰ ‘ਤੇ ਜਾ ਰਿਹਾ ਸੀ। ਸ਼ਿਕਾਇਤ ਅਨੁਸਾਰ ਰਜਿਸਟ੍ਰੇਸ਼ਨ ਨੰਬਰ ਪੀਬੀ 03 ਏਪੀ 9013 ਦਾ ਦੀ ਥਾਂ ਜਾਅਲੀ ਨੰਬਰ ਪਲੇਟ ਪੀਬੀ 03ਏਪੀ 9213 ਲਗਾ ਕੇ ਰਿਫਾਈਨਰੀ ‘ਚ ਟਰੱਕ ਭੇਜਿਆ ਗਿਆ। ਰਿਫਾਈਨਰੀ ਸਕਿਉਰਿਟੀ ਨੇ ਜਦੋਂ ਕਾਗਜ਼ਾਤਾਂ ਨਾਲ ਗੱਡੀਆਂ ਦੇ ਚੈਸੀ ਨੰਬਰ ਵਗੈਰਾ ਦਾ ਮਿਲਾਣ ਕੀਤਾ ਤਾਂ ਜਾਅਲਸਾਜ਼ੀ ਦਾ ਪਤਾ ਲੱਗਾ।   ਸਕਿਉਰਿਟੀ ਸ਼ਿਫ਼ਟ ਇੰਚਾਰਜ ਗੌਤਮ ਅਗਰਵਾਲ ਨੇ ਸ਼ਿਕਾਇਤ ‘ਚ ਕਿਹਾ ਕਿ ਇਹ ਰਿਫਾਈਨਰੀ ਦੀ ਸੁਰੱਖਿਆ ਲਈ ਵੀ ਠੀਕ ਨਹੀਂ ਹੈ। ਪੁਲੀਸ ਨੇ ਮਾਮਲੇ ਦੀ ਜਾਂਚ ਮਗਰੋਂ ਕੇਸ ਦਰਜ ਕੀਤਾ ਹੈ ਜਿਸ ਤੋਂ ਪਤਾ ਲੱਗਾ ਹੈ ਕਿ ਇੱਕੋ ਰਜਿਸਟ੍ਰੇਸ਼ਨ ਨੰਬਰ ਦੀ ਨੰਬਰ ਪਲੇਟ ਵੱਖ-ਵੱਖ ਟਰੱਕਾਂ ‘ਤੇ ਲਗਾ ਕੇ ਟਰੱਕ ਅੰਦਰ ਭੇਜੇ ਜਾਂਦੇ ਸਨ। ਸਰਕਾਰੀ ਖ਼ਜ਼ਾਨੇ ਨੂੰ ਵੀ ਟੈਕਸਾਂ ਦਾ ਚੂਨਾ ਲੱਗਣ ਦੀ ਗੱਲ ਆਖੀ ਜਾ ਰਹੀ ਹੈ। ਮੁੱਖ ਮੰਤਰੀ ਪੰਜਾਬ ਤੋਂ ਹਰੀ ਝੰਡੀ ਮਿਲਣ ਮਗਰੋਂ ਬਠਿੰਡਾ ਪੁਲੀਸ ਦੇ ਅਫ਼ਸਰ ਹੁਣ ਥੋੜ੍ਹੇ ‘ਬਹਾਦਰ’ ਬਣੇ ਹਨ।
ਗੁਰਬਖਸ਼ੀਸ਼ ਸਿੰਘ ‘ਤੇ ਇੱਕ ਉਸਾਰੀ ਕੰਪਨੀ ਦੀ ਸ਼ਿਕਾਇਤ ‘ਤੇ ਕਾਫ਼ੀ ਸਮਾਂ ਪਹਿਲਾਂ ਵੀ ਕੇਸ ਦਰਜ ਹੋਇਆ ਸੀ।    ਪਤਾ ਲੱਗਾ ਹੈ ਕਿ ਪੁਲੀਸ ਮੌਕਾ ਤਾੜ ਰਹੀ ਸੀ ਕਿ ਸ਼ਿਕਾਇਤ ਮਿਲਦੇ ਹੀ ਹੁਣ ਕੇਸ ਦਰਜ ਕਰ ਦਿੱਤਾ ਗਿਆ ਹੈ। ਸੂਤਰਾਂ ਮੁਤਾਬਕ ਕੈਪਟਨ ਸਰਕਾਰ ਦੇ ਇੱਕ ਸਿਆਸੀ ਚੌਧਰੀ ਨਾਲ ਜੀਡੀ ਦੀ ਨੇੜਤਾ ਰਹੀ ਹੈ। ਜ਼ਿਲ੍ਹਾ ਪੁਲੀਸ ਨੇ ਜਨਵਰੀ ਦੇ ਆਖ਼ਰੀ ਹਫ਼ਤੇ ਦੌਰਾਨ ਵੀ ਇੱਕ ਅਕਾਲੀ ਨੇਤਾ ‘ਤੇ ਕੇਸ ਦਰਜ ਕੀਤਾ ਸੀ ਅਤੇ ਇਹ ਦੂਸਰਾ ਪੁਲੀਸ ਕੇਸ ਹੈ ਜੋ ਮੁੱਖ ਮੰਤਰੀ ਦੇ ਹੁਕਮਾਂ ਮਗਰੋਂ ਦਰਜ ਕੀਤਾ ਗਿਆ ਹੈ।

ਨੰਬਰਾਂ ਦੀ ਪੁਸ਼ਟੀ ਕਰਾਂਗੇ: ਡੀਐੱਸਪੀ
ਤਲਵੰਡੀ ਸਾਬੋ ਦੇ ਡੀਐੱਸਪੀ ਬਰਿੰਦਰ ਸਿੰਘ ਗਿੱਲ ਦਾ ਕਹਿਣਾ ਸੀ ਕਿ ਰਿਫਾਈਨਰੀ ਦੇ ਸੁਰੱਖਿਆ ਇੰਚਾਰਜ ਦੀ ਸ਼ਿਕਾਇਤ ‘ਤੇ ਕੇਸ ਦਰਜ ਕੀਤਾ ਗਿਆ ਹੈ ਅਤੇ ਇਸ ਮਾਮਲੇ ਵਿੱਚ ਪ੍ਰਿਤਪਾਲ ਸਿੰਘ ਨੂੰ ਗ੍ਰਿਫ਼ਤਾਰ ਕੀਤਾ ਗਿਆ ਹੈ। ਉਨ੍ਹਾਂ ਦੱਸਿਆ ਕਿ ਹੁਣ ਟਰੱਕਾਂ ਦੇ ਰਜਿਸਟ੍ਰੇਸ਼ਨ ਨੰਬਰ ਟਰਾਂਸਪੋਰਟ ਵਿਭਾਗ ‘ਚੋਂ ਵੈਰੀਫਾਈ ਕਰਾਏ ਜਾਣਗੇ ਅਤੇ ਉਸ ਮਗਰੋਂ ਅਗਲੀ ਕਾਰਵਾਈ ਸ਼ੁਰੂ ਕੀਤੀ ਜਾਵੇਗੀ।