ਗੁਰਜੀਤ ਰਾਣਾ ਦੀ ਮਿੱਲ ‘ਚੋਂ ਬਣਦੀ ਖੰਡ ‘ਚ  ਰਲਿਆ ਹੈ ਰੇਤਾ

0
515

rana-gurjit
ਚੰਡੀਗੜ੍ਹ/ਬਿਊਰੋ ਨਿਊਜ਼:
ਪੰਜਾਬ ਦੇ ਸਿੰਜਾਈ ਮੰਤਰੀ ਰਾਣਾ ਗੁਰਜੀਤ ਸਿੰਘ ਜਿਥੇ ਰੇਤ ਖੱਡਾਂ ਦੀ ਨਿਲਾਮੀ ਵਿੱਚ ਹਿੱਸਾ ਲੈਣ ਵਾਲੇ ਉਨ੍ਹਾਂ ਦੇ ਚਾਰ ਮੁਲਾਜ਼ਮਾਂ ਤੋਂ ਆਪਣੇ ਆਪ ਨੂੰ ਵੱਖ ਕਰਨ ਦੀਆਂ ਕੋਸ਼ਿਸਾਂ ਕਰ ਰਹੇ ਹਨ, ਉਥੇ ਮਿਲੀ ਤਾਜ਼ੀ ਜਾਣਕਾਰੀ ਵਿੱਚ ਉਨ੍ਹਾਂ ਦੇ ਨਿਲਾਮੀ ਲਾਉਣ ਵਾਲਿਆਂ ਵਿੱਚੋਂ ਇਕ ਕਰਿੰਦੇ ਨਾਲ ਤਾਰ ਜੁੜੇ ਹੋਣ ਦੀ ਪੁਸ਼ਟੀ ਹੋਈ ਹੈ। ਜ਼ਿਕਰਯੋਗ ਹੈ ਕਿ ਉਨ੍ਹਾਂ ਨੇ ਦਾਅਵਾ ਕੀਤਾ ਸੀ ਕਿ ਬੋਲੀ ਲਾਉਣ ਵਾਲਿਆਂ ਨੇ ਖੱਡਾਂ ਦੀ ਨਿਲਾਮੀ ਵਿੱਚ ਹਿੱਸਾ ਲੈਣ ਤੋਂ ਪਹਿਲਾਂ ਹੀ ਉਨ੍ਹਾਂ ਦੀ ਨੌਕਰੀ ਛੱਡ ਦਿੱਤੀ ਸੀ।
ਮੰਤਰੀ ਦਾ ਖਾਨਸਾਮਾ ਅਮਿਤ ਬਹਾਦੁਰ ਅਤੇ ਡਿਪਟੀ ਜਨਰਲ ਮੈਨੇਜਰ ਕੁਲਵਿੰਦਰ ਪਾਲ ਸਿੰਘ ਨੇ ਦੋ ਖੱਡਾਂ ਹਾਸਲ ਕੀਤੀਆਂ ਸੀ, ਜਦੋਂ ਕਿ ਦੋ ਹੋਰਨਾਂ ਮੁਲਾਜ਼ਮਾਂ ਬਲਰਾਜ ਸਿੰਘ ਅਤੇ ਗੁਰਿੰਦਰ ਸਿੰਘ ਨੇ ਵੀ ਸਫ਼ਲ ਬੋਲੀ ਲਾਈ ਸੀ ਪਰ ਉਹ ਪਹਿਲੀ ਕਿਸ਼ਤ ਜਮ੍ਹਾਂ ਕਰਾਉਣ ਵਿੱਚ ਅਸਫ਼ਲ ਰਹੇ ਸੀ, ਜਿਸ ਕਾਰਨ ਉਨ੍ਹਾਂ ਨੂੰ ਖੱਡਾਂ ਅਲਾਟ ਨਹੀਂ ਕੀਤੀਆਂ ਗਈਆਂ। ਬਲਰਾਜ ਸਿੰਘ ਨੇ ਨਵਾਂਸ਼ਹਿਰ ਜ਼ਿਲ੍ਹੇ ਦੇ ਬਰਸਾਲ ਪਿੰਡ ਵਿੱਚ ਰੇਤੇ ਦੀ ਖਾਣ ਲਈ 9.11 ਕਰੋੜ ਦੀ ਸਫਲ ਬੋਲੀ ਲਾਈ ਸੀ। ਵਿਭਾਗ ਨੂੰ ਮੁਹੱਈਆ ਕਰਵਾਈ ਜਾਣਕਾਰੀ ਵਿੱਚ ਉਸ ਨੇ ਆਪਣਾ ਪਤਾ ਅੰਮਿ?ਤਸਰ ਜ਼ਿਲ੍ਹੇ ਦੇ ਬੁੱਟਰ ਸਿਵੀਆ ਪਿੰਡ ਵਿੱਚ ਰਾਣਾ ਖੰਡ ਮਿੱਲ ਦਰਸ਼ਾਇਆ ਸੀ। ਇਹ ਮਿੱਲ ਰਾਣਾ ਗੁਰਜੀਤ ਸਿੰਘ ਦੇ ਪਰਿਵਾਰ ਦੇ ਨਾਂ ਹੈ।
ਪਿਛਲੇ ਸਾਲ ਇਹ ਮਾਮਲਾ ਸਾਹਮਣੇ ਆਉਣ ਬਾਅਦ ਖ਼ਬਰਾਂ ਛਪੀਆਂ ਸਨ ਕਿ ਖਾਣਾਂ ਲਈ ਬੋਲੀ ਲਾਉਣ ਵਾਲੇ ਚਾਰ ਲੋਕਾਂ ਵਿੱਚ ਬਲਰਾਜ ਸਿੰਘ ਵੀ ਸ਼ਾਮਲ ਸੀ ਜਿਸਨੇ ਬਰਸਾਲ ਪਿੰਡ ਵਿੱਚ ਖਣਨ ਦਾ ਠੇਕਾ ਹਾਸਲ ਕੀਤਾ ਸੀ। ਮੰਤਰੀ ਨੇ ਦਾਅਵਾ ਕੀਤੀ ਸੀ ਕਿ ਇਨ੍ਹਾਂ ਨੇ ਨਿਲਾਮੀ ਵਿੱਚ ਹਿੱਸਾ ਲੈਣ ਤੋਂ ਪਹਿਲਾਂ ਨੌਕਰੀ ਛੱਡ ਦਿੱਤੀ ਸੀ, ਜਦੋਂ ਕਿ ਰਿਕਾਰਡ ਵਿੱਚ ਦਰਸਾਏ ਪਤੇ ਤੋਂ ਮੰਤਰੀ ਅਤੇ ਬਲਰਾਜ ਸਿੰਘ ਵਿਚਾਲੇ ਸਬੰਧ ਹੋਣ ਦੀ ਪੁਸ਼ਟੀ ਹੁੰਦੀ ਹੈ।
ਇਸ ਤੋਂ ਪਹਿਲਾਂ ਅਮਿਤ ਬਹਾਦੁਰ ਅਤੇ ਕੁਲਵਿੰਦਰ ਪਾਲ ਸਿੰਘ ਨੇ ਦੱਸਿਆ ਸੀ ਕਿ ਉਹ ਰਾਣਾ ਗੁਰਜੀਤ ਸਿੰਘ ਦੇ ਮੁਲਾਜ਼ਮ ਸਨ। ਖ਼ਬਰ ਵਿੱਚ ਇਹ ਵੀ ਛਾਪਿਆ ਗਿਆ ਸੀ ਕਿ ਉਨ੍ਹਾਂ ਦੇ ਨਾਲ ਅਮਿਤ ਬਹਾਦੁਰ ਅਤੇ ਬਲਰਾਜ ਸਿੰਘ ਵੀ ਰਾਣਾ ਗੁਰਜੀਤ ਸਿੰਘ ਵੱਲੋਂ ਸਥਾਪਤ ਜਾਂ ਪਤੇ (ਐਸਸੀਓ 51-52, ਸੈਕਟਰ 8 ਸੀ, ਚੰਡੀਗੜ੍ਹ)’ਤੇ ਰਜਿਸਟਰਡ ਵੱਖ ਵੱਖ ਕੰਪਨੀਆਂ ਵਿੱਚ ਡਾਇਰੈਕਟਰ ਸੀ ਜਿਥੋਂ ਰਾਣਾ ਦਾ ਪਰਿਵਾਰ ਕਾਰੋਬਾਰ ਚਲਾਉਂਦਾ ਸੀ। ਬਲਰਾਜ ਸਿੰਘ ਚਾਰ ਕੰਪਨੀਆਂ ਵਿੱਚ ਅਗਸਤ 18 ਤੋਂ ਸਤੰਬਰ 30, 2016 ਤਕ ਡਾਇਰੈਕਟਰ ਸੀ ਜਿਨ੍ਹਾਂ ਵਿੱਚ ਰਾਣਾ ਸ਼ੂਗਰ ਐਂਡ ਪਾਵਰ, ਸੈਂਚੁਰੀ ਐਗਰੋਜ਼, ਆਰਜੇ ਫੈਬ ਅਤੇ ਫਲਾਅਲੈੱਸ ਟਰੇਡਰਜ਼ ਸ਼ਾਮਲ ਹਨ। ਦਸੱਣਯੋਗ ਹੈ ਕਿ ‘ਟ੍ਰਿਬਿਊਨ’ ਵਿੱਚ ਖ਼ਬਰ ਛਾਪੇ ਜਾਣ ਦੇ ਇਕ ਹਫ਼ਤੇ ਬਾਅਦ ਬਲਰਾਜ ਸਿੰਘ ਨੇ ਚਾਰ ਵਿਚੋਂ ਤਿੰਨ ਕੰਪਨੀਆਂ ਦੇ ਡਾਇਰੈਕਟਰ ਦੇ ਅਹੁਦੇ ਤੋਂ ਅਸਤੀਫ਼ਾ ਦੇ ਦਿੱਤਾ ਸੀ।