ਰਾਣਾ ਗੁਰਜੀਤ ‘ਤੇ ਕੇਸਾਂ ਤੇ ਦਸਤਾਰ ਦੀ ਬੇਅਦਬੀ ਦੇ ਲੱਗੇ ਦੋਸ਼ਾਂ ਦਾ ਮਾਮਲਾ ਅਕਾਲ ਤਖ਼ਤ ‘ਤੇ ਪੁੱਜਾ

0
488

rana-gurjit-singh
ਧਰਮ ਪ੍ਰਚਾਰ ਕਮੇਟੀ ਕਰੇਗੀ ਮਾਮਲੇ ਦੀ ਜਾਂਚ
ਅੰਮ੍ਰਿਤਸਰ/ਬਿਊਰੋ ਨਿਊਜ਼ :
ਦਸੂਹਾ ਵਾਸੀ ਕੁਲਵਿੰਦਰ ਸਿੰਘ ਬੱਬਲ ਦੀ ਦਸਤਾਰ ਅਤੇ ਕੇਸਾਂ ਦੀ ਬੇਅਦਬੀ ਦਾ ਮਾਮਲਾ ਸ੍ਰੀ ਅਕਾਲ ਤਖ਼ਤ ਸਾਹਿਬ ਪੁੱਜ ਗਿਆ ਹੈ। ਉਨ੍ਹਾਂ ਕਾਂਗਰਸ ਵਿਧਾਇਕ ਰਾਣਾ ਗੁਰਜੀਤ ਸਿੰਘ ਅਤੇ ਉਸ ਦੇ ਸਮਰਥਕਾਂ ‘ਤੇ ਕੇਸਾਂ ਅਤੇ ਦਸਤਾਰ ਦੀ ਬੇਅਦਬੀ ਦਾ ਦੋਸ਼ ਲਾਉਂਦਿਆਂ ਇਨਸਾਫ਼ ਦੀ ਅਪੀਲ ਕੀਤੀ ਹੈ। ਸ੍ਰੀ ਅਕਾਲ ਤਖ਼ਤ ਦੇ ਜਥੇਦਾਰ ਗਿਆਨੀ ਗੁਰਬਚਨ ਸਿੰਘ ਨੇ ਇਸ ਮਾਮਲੇ ਦੀ ਪੜਤਾਲ ਧਰਮ ਪ੍ਰਚਾਰ ਕਮੇਟੀ ਨੂੰ ਕਰਨ ਦੀ ਹਦਾਇਤ ਕੀਤੀ ਹੈ। ਉਨ੍ਹਾਂ ਆਖਿਆ ਕਿ ਪੜਤਾਲੀਆ ਰਿਪੋਰਟ ਆਉਣ ਮਗਰੋਂ ਅਗਲੀ ਕਾਰਵਾਈ ਕੀਤੀ ਜਾਵੇਗੀ। ਕੁਲਵਿੰਦਰ ਸਿੰਘ ਅਤੇ ਉਸ ਦੇ ਸਾਥੀਆਂ ਨੇ ਸ੍ਰੀ ਅਕਾਲ ਤਖ਼ਤ ਦੇ ਸਕੱਤਰੇਤ ਪੁੱਜ ਕੇ ਸ਼ਿਕਾਇਤ ਪੱਤਰ ਵੀ ਸੌਂਪਿਆ। ਉਸ ਨੇ ਦਾਅਵਾ ਕੀਤਾ ਕਿ ਰਾਣਾ ਗੁਰਜੀਤ ਸਿੰਘ ਨੇ ਗਿਣੀ-ਮਿੱਥੀ ਸਾਜ਼ਿਸ਼ ਤਹਿਤ ਆਪਣੇ ਸਮਰਥਕਾਂ ਸਮੇਤ ਉਸ ਦੀ ਦਸਤਾਰ ਅਤੇ ਕੇਸਾਂ ਦੀ ਖਿੱਚ ਧੂਹ ਕਰ ਕੇ ਬੇਅਦਬੀ ਕੀਤੀ ਹੈ। ਉਸ ਨੇ ਦੋਸ਼ ਲਾਇਆ ਕਿ ਮਗਰੋਂ ਕਾਂਗਰਸ ਆਗੂ ਨੇ ਇਸ ਕਾਰਵਾਈ ਲਈ ਆਪਣੇ ਸਮਰਥਕਾਂ ਨੂੰ ਸ਼ਾਬਾਸ਼ੀ ਵੀ ਦਿੱਤੀ। ਉਸ ਨੇ ਜਥੇਦਾਰ ਨੂੰ ਅਪੀਲ ਕੀਤੀ ਕਿ ਪੰਥਕ ਮਰਿਆਦਾ ਅਨੁਸਾਰ ਕਾਂਗਰਸ ਆਗੂ ਅਤੇ ਉਸ ਦੇ ਸਮਰਥਕਾਂ ਖਿਲਾਫ਼ ਕਾਰਵਾਈ ਕੀਤੀ ਜਾਵੇ।
ਇਸ ਦੌਰਾਨ ਕੈਬਨਿਟ ਮੰਤਰੀ ਬਿਕਰਮ ਸਿੰਘ ਮਜੀਠੀਆ ਨੇ ਆਖਿਆ ਕਿ ਰਾਣਾ ਗੁਰਜੀਤ ਸਿੰਘ ਨੂੰ ਇਸ ਕਾਰੇ ਲਈ ਸਿੱਖ ਕੌਮ ਕੋਲੋਂ ਮੁਆਫ਼ੀ ਮੰਗਣੀ ਚਾਹੀਦੀ ਹੈ। ਉਨ੍ਹਾਂ ਆਖਿਆ ਕਿ ਕਾਂਗਰਸ ਆਗੂਆਂ ਦਾ ਇਹ ਵਰਤਾਰਾ ਸਾਬਿਤ ਕਰਦਾ ਹੈ ਕਿ ਸ੍ਰੀ ਹਰਿਮੰਦਰ ਸਾਹਿਬ ਦੀ ਬੇਹੁਰਮਤੀ ਵਾਲੀ ਸੋਚ ਅੱਜ ਵੀ ਬਰਕਰਾਰ ਹੈ। ਉਧਰ ਕਾਂਗਰਸ ਆਗੂ ਰਾਣਾ ਗੁਰਜੀਤ ਸਿੰਘ ਨੇ ਬਿਕਰਮ ਸਿੰਘ ਮਜੀਠੀਆ ‘ਤੇ ਦੋਸ਼ ਲਾਏ ਹਨ ਕਿ ਉਸ ਨੇ ਸਿਆਸੀ ਮੁਫ਼ਾਦਾਂ ਤਹਿਤ ਪੁਲੀਸ ਦੀ ਦੁਰਵਰਤੋਂ ਕਰਦਿਆਂ ਉਨ੍ਹਾਂ ਖਿਲਾਫ਼ ਗਲਤ ਪਰਚਾ ਦਰਜ ਕਰਾਇਆ ਹੈ। ਝਗੜੇ ਨਾਲ ਆਪਣਾ ਕੋਈ ਸਬੰਧ ਨਾ ਹੋਣ ਦਾ ਦਾਅਵਾ ਕਰਦਿਆਂ ਉਨ੍ਹਾਂ ਕਿਹਾ ਕਿ ਉਹ ਤਾਂ ਵਿਰੋਧ ਕਰ ਰਹੇ ਕਾਂਗਰਸ ਆਗੂਆਂ ਨੂੰ ਮਨਾਉਣ ਲਈ ਗਏ ਸਨ।