ਪੇਸ਼ੀ ਉਤੇ ਲਿਆਂਦਾ ਗੈਂਗਸਟਰ ਰਜਤ ਮਲਹੋਤਰਾ ਪੁਲੀਸ ਨੂੰ ਚਕਮਾ ਦੇ ਕੇ ਚਿੱਟੇ ਦਿਨ ਫਰਾਰ

0
477

punjab page;File pic of Rajat Malhotra aka Karan Masti.

ਅੰਮ੍ਰਿਤਸਰ/ਬਿਊਰੋ ਨਿਊਜ਼
ਗੈਂਗਸਟਰ ਰਜਤ ਮਲਹੋਤਰਾ ਉਰਫ ਕਰਨ ਮਸਤੀ ਸੋਮਵਾਰ ਨੂੰ ਪੁਲੀਸ ਹਿਰਾਸਤ ਵਿਚੋਂ ਫਰਾਰ ਹੋ ਗਿਆ। ਉਸ ਨੂੰ ਪੇਸ਼ੀ ਲਈ ਅਦਾਲਤ ਵਿੱਚ ਲਿਆਂਦਾ ਗਿਆ ਸੀ। ਉਹ ਜੱਗੂ ਭਗਵਾਨਪੁਰੀਆ ਅਤੇ ਬੌਬੀ ਮਲਹੋਤਰਾ ਗੈਂਗ ਨਾਲ ਜੁੜਿਆ ਹੋਇਆ ਹੈ।
ਪ੍ਰਾਪਤ ਜਾਣਕਾਰੀ ਮੁਤਾਬਕ ਰਜਤ ਨੂੰ ਚਾਰ ਹੋਰ ਹਵਾਲਾਤੀਆਂ ਨਾਲ ਪੇਸ਼ੀ ਵਾਸਤੇ ਕੋਰਟ ਕੰਪਲੈਕਸ ਵਿਚ ਲਿਆਂਦਾ ਗਿਆ ਸੀ। ਇਸ ਦੌਰਾਨ ਜਦੋਂ ਉਨ੍ਹਾਂ ਨੂੰ ਇਥੇ ਬਖਸ਼ੀ ਖਾਨੇ ਵਿਚ ਬੰਦ ਕਰਨ ਲਈ ਲਿਜਾਇਆ ਜਾ ਰਿਹਾ ਸੀ ਤਾਂ ਉਹ ਕਿਸੇ ਤਰ੍ਹਾਂ ਆਪਣੀ ਹੱਥਕੜੀ ਖੋਲ੍ਹਣ ਵਿੱਚ ਸਫਲ ਹੋ ਗਿਆ ਅਤੇ ਪੁਲੀਸ ਨੂੰ ਝਾਂਸਾ ਦੇ ਕੇ ਭੱਜ ਗਿਆ। ਘਟਨਾ ਦਾ ਪਤਾ ਚੱਲਦੇ ਹੀ ਪੁਲੀਸ ਦੇ ਡਿਪਟੀ ਕਮਿਸ਼ਨਰ ਜਗਮੋਹਨ ਸਿੰਘ ਤੇ ਹੋਰ ਅਧਿਕਾਰੀ ਮੌਕੇ ‘ਤੇ ਪੁੱਜੇ ਤੇ ਮੁਲਜ਼ਮ ਦੀ ਗ੍ਰਿਫ਼ਤਾਰੀ ਲਈ ਕੋਰਟ ਕੰਪਲੈਕਸ ਦੇ ਸਾਰੇ ਰਸਤਿਆਂ ‘ਤੇ ਨਾਕਾਬੰਦੀ ਕਰ ਦਿੱਤੀ। ਪੁਲੀਸ ਵੱਲੋਂ ਲਗਪਗ ਦੋ ਘੰਟੇ ਕੋਰਟ ਕੰਪਲੈਕਸ ਵਿੱਚ ਤਲਾਸ਼ੀ ਮੁਹਿੰਮ ਚਲਾਈ ਗਈ ਹੈ ਪਰ ਉਸ ਦਾ ਕੋਈ ਥਹੁ ਪਤਾ ਨਾ ਲੱਗਾ।
ਚੇਤੇ ਰਹੇ ਕਿ ਪੁਲੀਸ ਨੇ ਗੈਂਗਸਟਰ ਰਜਤ ਨੂੰ ਪਿਛਲੇ ਵਰ੍ਹੇ ਨਿਖਿਲ ਤਖੀ ਉਰਫ਼ ਸਟਾਇਲਿਸ਼ ਨਾਲ ਅਕਤੂਬਰ ਮਹੀਨੇ ਵਿੱਚ ਗ੍ਰਿਫ਼ਤਾਰ ਕੀਤਾ ਸੀ। ਇਨ੍ਹਾਂ ਕੋਲੋਂ ਦੋ ਦੇਸੀ ਪਿਸਤੌਲਾਂ ਅਤੇ ਕੁਝ ਕਾਰਤੂਸ ਸਮੇਤ ਚੋਰੀ ਦਾ ਮੋਟਰਸਾਈਕਲ ਬਰਾਮਦ ਹੋਇਆ ਸੀ। ਰਜਤ ਲੁੱਟਖੋਹ, ਕਤਲ ਅਤੇ ਡਕੈਤੀ ਦੀਆਂ ਘਟਨਾਵਾਂ ਵਿਚ ਲੋੜੀਂਦਾ ਸੀ। 2016 ਵਿਚ ਉਸ ਨੇ ਹੁਸ਼ਿਆਰਪੁਰ ਵਿੱਚ ਇਕ ਬੈਂਕ ਵਿਚ ਡਕੈਤੀ ਕੀਤੀ ਸੀ। ਮਈ 2016 ਵਿਚ ਹੀ ਥਾਣਾ ਬੀ ਡਿਵੀਜ਼ਨ ਦੇ ਸਾਹਮਣੇ ਇਕ ਹੋਰ ਗੈਂਗਸਟਰ ਹਰੀਆ ਦੇ ਕਤਲ ਮਾਮਲੇ ਵਿਚ ਵੀ ਪੁਲੀਸ ਨੇ ਇਸ ਨੂੰ ਨਾਮਜ਼ਦ ਕੀਤਾ ਸੀ। ਉਸ ਖਿਲਾਫ਼ ਹਰਿਆਣਾ ਵਿਚ ਵੀ ਕੇਸ ਦਰਜ ਹਨ। ਪਿਛਲੇ ਵਰ੍ਹੇ 30 ਸਤੰਬਰ ਨੂੰ ਇਕ ਮੋਟਰਸਾਈਕਲ ਚੋਰੀ ਕਰਨ ਸਮੇਂ ਉਹ ਸੀਸੀਟੀਵੀ ਕੈਮਰੇ ਵਿੱਚ ਕੈਦ ਹੋ ਗਿਆ ਸੀ।