ਹੁਣ ਜਲ ਸਪਲਾਈ ਵਿਭਾਗ ਨੇ ਡਿਫਾਲਟਰਾਂ ਨੂੰ ਦਿਖਾਈ ‘ਗਰਮੀ’

0
240

????????????????????????????????????

ਡਿਫਾਲਟਰਾਂ ਵੱਲ ਪਾਣੀ ਦੇ ਕਰੀਬ 250 ਕਰੋੜ ਰੁਪਏ ਫਸੇ
ਬਠਿੰਡਾ/ਬਿਊਰੋ ਨਿਊਜ਼ :
ਜਲ ਸਪਲਾਈ ਵਿਭਾਗ ਦੇ ਅਧਿਕਾਰੀਆਂ ਨੇ ਹੁਣ ਪਾਣੀ ਦੇ ਡਿਫਾਲਟਰਾਂ ਨੂੰ ‘ਗਰਮੀ’ ਦਿਖਾਉਣੀ ਸ਼ੁਰੂ ਕਰ ਦਿੱਤੀ ਹੈ। ਪਿੰਡਾਂ ਦੇ ਲੋਕਾਂ ਨੇ ਵਰ੍ਹਿਆਂ ਤੋਂ ਪੀਣ ਵਾਲੇ ਪਾਣੀ ਦੇ ਬਿੱਲ ਨਹੀਂ ਤਾਰੇ ਹਨ। ਪੰਜਾਬ ਭਰ ਵਿਚ ਇਨ੍ਹਾਂ ਡਿਫਾਲਟਰਾਂ ਵੱਲ ਇਕੱਲੇ ਪਾਣੀ ਦੇ 250 ਕਰੋੜ ਰੁਪਏ ਫਸ ਗਏ ਹਨ। ਪਾਵਰਕੌਮ ਮਗਰੋਂ ਜਲ ਸਪਲਾਈ ਮਹਿਕਮੇ ਦੇ ਅਫਸਰਾਂ ਦੀ ਨੀਂਦ ਖੁੱਲ੍ਹੀ ਹੈ, ਜਿਨ੍ਹਾਂ ਨੇ ਟੀਮਾਂ ਬਣਾ ਕੇ ਪਿੰਡਾਂ ਵਿੱਚ ਡਿਫਾਲਟਰਾਂ ਦੇ ਬੂਹੇ ਖੜਕਾਉਣੇ ਸ਼ੁਰੂ ਕੀਤੇ ਹਨ।
ਪਾਵਰਕੌਮ ਨੇ ਪੰਜਾਬ ਭਰ ਵਿੱਚ ਕਰੀਬ 170 ਜਲ ਘਰਾਂ ਦੇ ਬਿਜਲੀ ਕੁਨੈਕਸ਼ਨ ਕੱਟ ਦਿੱਤੇ ਹਨ, ਜਿਸ ਨਾਲ 688 ਪਿੰਡ ਪ੍ਰਭਾਵਤ ਹੋਏ ਹਨ। ਜਲ ਸਪਲਾਈ ਮਹਿਕਮੇ ਦੇ ਅਧਿਕਾਰੀ ਪਾਣੀ ਦੇ ਪੈਸੇ ਇਕੱਠੇ ਕਰ ਕੇ ਪਾਵਰਕੌਮ ਦੇ ਬਿੱਲ ਤਾਰ ਰਹੇ ਹਨ। ਪੰਜਾਬ ਭਰ ਵਿਚੋਂ ਮਹਿਕਮੇ ਨੂੰ 2.71 ਕਰੋੜ ਦੀ ਵਸੂਲੀ ਹੋਈ ਹੈ ਜਦਕਿ ਇਸ ਤੋਂ ਇਕ ਦਿਨ ਪਹਿਲਾਂ 2.31 ਕਰੋੜ ਵਸੂਲੇ ਗਏ ਸਨ। ਡਿਫਾਲਟਰਾਂ ਨੂੰ ਚੇਤਾਵਨੀ ਦਿੱਤੀ ਜਾ ਰਹੀ ਹੈ ਕਿ ਜੇ ਬਕਾਏ ਨਾ ਤਾਰੇ ਤਾਂ ਟੂਟੀਆਂ ਦੇ ਕੁਨੈਕਸ਼ਨ ਕੱਟ ਦਿੱਤੇ ਜਾਣਗੇ। ਜਲ ਸਪਲਾਈ ਵਿਭਾਗ ਕੋਲ ਪੰਜਾਬ ਵਿੱਚ ਕਰੀਬ 4200 ਅਤੇ ਪੰਚਾਇਤਾਂ ਕੋਲ 3500 ਦੇ ਕਰੀਬ ਜਲ ਸਪਲਾਈ ਸਕੀਮਾਂ ਹਨ। ਜਲ ਸਪਲਾਈ ਵਿਭਾਗ ਦੀ ਪੀਣ ਵਾਲੇ ਪਾਣੀ ਸਬੰਧੀ ਸਾਲਾਨਾ 90 ਕਰੋੜ ਦੀ ਵਸੂਲੀ ਬਣਦੀ ਹੈ। ਪਿਛਲੇ ਕਈ ਵਰ੍ਹਿਆਂ ਤੋਂ ਖਪਤਕਾਰ ਨੇ ਬਿੱਲ ਨਹੀਂ ਭਰੇ। ਚਾਲੂ ਮਾਲੀ ਵਰ੍ਹੇ ਦੌਰਾਨ ਬਕਾਏ ਸਮੇਤ 140 ਕਰੋੜ ਦੀ ਵਸੂਲੀ ਹੋਈ ਹੈ। ਬਠਿੰਡਾ ਮਾਨਸਾ ਵਿੱਚ 433 ਜਲ ਸਪਲਾਈ ਸਕੀਮਾਂ ਹਨ, ਜਿਨ੍ਹਾਂ ‘ਚੋਂ 64 ਜਲ ਸਕੀਮਾਂ ਸਬੰਧੀ ਬਿਜਲੀ ਕੁਨੈਕਸ਼ਨ ਕੱਟੇ ਜਾ ਚੁੱਕੇ ਹਨ।
ਜਲ ਸਪਲਾਈ ਵਿਭਾਗ ਦੇ ਐਕਸੀਅਨ ਜਸਵਿੰਦਰ ਸਿੰਘ ਨੇ ਦੱਸਿਆ ਕਿ ਹੁਣ ਤਾਂ ਪੰਚਾਇਤਾਂ ਨੇ ਵੀ ਡਿਫਾਲਟਰਾਂ ਦੀਆਂ ਸੂਚੀਆਂ ਲੈਣੀਆਂ ਸ਼ੁਰੂ ਕਰ ਦਿੱਤੀਆਂ ਹਨ। ਸੂਤਰ ਦੱਸਦੇ ਹਨ ਕਿ ਬਠਿੰਡਾ ਤੇ ਮਾਨਸਾ ਵਿੱਚ ਕਰੀਬ 15 ਕਰੋੜ ਦੇ ਪੀਣ ਵਾਲੇ ਪਾਣੀ ਦੇ ਬਕਾਏ ਡਿਫਾਲਟਰਾਂ ਵੱਲ ਖੜ੍ਹੇ ਹਨ। ਪਿੰਡ ਗਿੱਲਪੱਤੀ ਅਤੇ ਮੱਲਵਾਲਾ ਦੇ ਜਲ ਘਰ ਦਾ ਕੁਨੈਕਸ਼ਨ ਬਿਜਲੀ ਬਿੱਲ ਤਾਰ ਕੇ ਬਹਾਲ ਕਰਾ ਲਿਆ ਗਿਆ ਹੈ। ਜਲ ਸਪਲਾਈ ਤੇ ਸੈਨੀਟੇਸ਼ਨ ਵਿਭਾਗ ਪੰਜਾਬ ਦੇ ਸਕੱਤਰ ਏ. ਕੇ. ਸਿਨਹਾ ਦਾ ਕਹਿਣਾ ਸੀ ਕਿ ਵਰ੍ਹਿਆਂ ਤੋਂ ਪਾਣੀ ਦੇ ਬਕਾਏ ਫਸੇ ਹੋਏ ਹਨ, ਜਿਨ੍ਹਾਂ ਦੀ ਵਸੂਲੀ ਲਈ ਮੁਹਿੰਮ ਵਿੱਢੀ ਗਈ ਹੈ। ਪੰਜਾਬ ਵਿਚ 55 ਦੇ ਕਰੀਬ ਜਲ ਸਪਲਾਈ ਸਕੀਮਾਂ ਦੇ ਬਿਜਲੀ ਕੁਨੈਕਸ਼ਨ ਬਹਾਲ ਕਰਾਏ ਗਏ ਹਨ।
ਇਸੇ ਦੌਰਾਨ ਅੱਜ ਪਾਵਰਕੌਮ ਨੇ ਰਾਮਪੁਰਾ ਸ਼ਹਿਰ ਦੇ ਕੈਨਾਲ ਕਲੱਬ ਜਿਹੜਾ ਅਮੀਰਾਂ ਦੇ ਕਲੱਬ ਵਜੋਂ ਚਰਚਿਤ ਹੈ, ਦਾ ਕੁਨੈਕਸ਼ਨ ਕੱਟ ਦਿੱਤਾ। ਇਸ ਕਲੱਬ ਨੇ ਕਰੀਬ ਡੇਢ ਸਾਲ ਤੋਂ ਬਿਜਲੀ ਬਿੱਲ ਨਹੀਂ ਤਾਰਿਆ। ਕੈਨਾਲ ਕਲੱਬ ਵੱਲ 5.35 ਲੱਖ ਰੁਪਏ ਬਕਾਇਆ ਖੜ੍ਹਾ ਹੈ। ਪਾਵਰਕੌਮ ਦੇ ਐਸ.ਡੀ.ਓ. ਹਰਸ਼ ਕੁਮਾਰ ਨੇ ਦੱਸਿਆ ਕਿ ਕਲੱਬ ਪ੍ਰਬੰਧਕਾਂ ਨੂੰ ਕੁਝ ਦਿਨ ਪਹਿਲਾਂ ਬਿੱਲ ਤਾਰਨ ਲਈ ਆਖ ਦਿੱਤਾ ਸੀ, ਪਰ ਉਨ੍ਹਾਂ ਨੇ ਬਿੱਲ ਨਹੀਂ ਭਰਿਆ। ਐਕਸੀਅਨ (ਭਗਤਾ) ਗਗਨ ਸਿੰਗਲਾ ਨੇ ਦੱਸਿਆ ਕਿ ਉਨ੍ਹਾਂ ਨੇ 10 ਹਜ਼ਾਰ ਤੋਂ ਜ਼ਿਆਦਾ ਰਕਮ ਦੇ ਡਿਫਾਲਟਰਾਂ ਤੋਂ ਬਕਾਇਆ ਰਾਸ਼ੀ ਵਸੂਲ ਲਈ ਹੈ। ਹੁਣ ਘਰੇਲੂ ਖਪਤਕਾਰਾਂ ਦੇ ਕੁਨੈਕਸ਼ਨ ਜ਼ਿਆਦਾ ਕੱਟੇ ਜਾ ਰਹੇ ਹਨ। ਹਲਕਾ ਲੰਬੀ ਵਿਚ ਹਰ ਦੂਜਾ ਘਰ ਡਿਫਾਲਟਰ ਹੈ, ਪਰ ਪਾਵਰਕੌਮ ਕੁਨੈਕਸ਼ਨ ਕੱਟਣ ਵਿਚ ਜਲਦਬਾਜ਼ੀ ਤੋਂ ਗੁਰੇਜ਼ ਕਰ ਰਿਹਾ ਹੈ। ਐਕਸੀਅਨ ਹਰੀਸ਼ ਗੋਠਵਾਲ ਦਾ ਕਹਿਣਾ ਹੈ ਕਿ ਪਿੰਡ ਬਾਦਲ ਦੇ ਕਰੀਬ 15 ਘਰਾਂ ਦੇ ਘਰੇਲੂ ਬਿਜਲੀ ਕੁਨੈਕਸ਼ਨ ਕੱਟ ਦਿੱਤੇ ਹਨ।
ਪੁੱਡਾ ਨੇ 50 ਲੱਖ ਦਾ ਬਿੱਲ ਤਿਰਆ :
ਪਾਵਰਕੌਮ ਦੇ ਦਬਕੇ ਮਗਰੋਂ ਪੁੱਡਾ (ਬਠਿੰਡਾ) ਨੇ ਵੀ ਜਲ ਘਰਾਂ ਦੀ ਬਕਾਇਆ ਰਾਸ਼ੀ ਵਿਚੋਂ 50 ਲੱਖ ਰੁਪਏ ਦਾ ਬਿੱਲ ਤਾਰ ਦਿੱਤਾ ਹੈ। ਬਠਿੰਡਾ ਪੁਲੀਸ ਨੇ ਵੀ 50 ਫ਼ੀਸਦ ਬਿਜਲੀ ਬਕਾਏ ਤਾਰ ਦਿੱਤੇ ਹਨ। ਐਕਸੀਅਨ ਹਰਦੀਪ ਸਿੰਘ ਸਿੱਧੂ ਦਾ ਕਹਿਣਾ ਸੀ ਕਿ ਪੁੱਡਾ ਨੇ ਜਲ ਘਰਾਂ ਦੀ 50 ਲੱਖ ਦੀ ਰਾਸ਼ੀ ਭਰ ਦਿੱਤੀ ਹੈ। ਬਠਿੰਡਾ ਜੇਲ੍ਹ ਵੱਲ 64 ਲੱਖ ਬਕਾਇਆ ਹੈ।