ਕੈਪਟਨ ਸਰਕਾਰ ਵਲੋਂ ਕਿਸਾਨਾਂ ਦੇ ਕਰਜ਼ਾ ਮੁਆਫ਼ੀ ਦੇ ਐਲਾਨ ਨੇ ਸਹਿਕਾਰੀ ਬੈਂਕਾਂ ਦੀ ਹਾਲਤ ਕੀਤੀ ਖ਼ਰਾਬ

0
312

punjab-cooperative-bank
ਬੈਂਕਾਂ ਨੇ ਬੈਂਕਿੰਗ ਪ੍ਰਣਾਲੀ ਦਰੁਸਤ ਕਰਨ ਲਈ ਮੰਗੇ 3500 ਕਰੋੜ ਰੁਪਏ
ਚੰਡੀਗੜ੍ਹ/ਬਿਊਰੋ ਨਿਊਜ਼ :
ਕੈਪਟਨ ਸਰਕਾਰ ਵੱਲੋਂ ਕਿਸਾਨਾਂ ਦਾ ਕਰਜ਼ਾ ਮੁਆਫ਼ ਕਰਨ ਦੇ ਐਲਾਨ ਤੋਂ ਬਾਅਦ ਕਿਸਾਨਾਂ ਨੇ ਕਰਜ਼ੇ ਮੋੜਨ ਤੋਂ ਹੱਥ ਖਿੱਚ ਲਏ ਹਨ, ਜਿਸ ਕਰ ਕੇ ਸੂਬੇ ਦੀ ਸਹਿਕਾਰੀ ਬੈਂਕਿੰਗ ਪ੍ਰਣਾਲੀ ਦੀ ਵਿੱਤੀ ਹਾਲਤ ਖ਼ਰਾਬ ਹੋ ਗਈ ਹੈ। ਸਹਿਕਾਰੀ ਬੈਂਕ ਵੱਲੋਂ ਹੈੱਡਕੁਆਰਟਰ ਤੇ ਜ਼ਿਲ੍ਹਿਆਂ ਵਿੱਚ ਆਪਣੇ ਕੰਮਕਾਜ ਨੂੰ ਠੀਕ ਢੰਗ ਨਾਲ ਚਲਾਉਣ ਲਈ ਸੂਬਾ ਸਰਕਾਰ ਕੋਲੋਂ 3500 ਕਰੋੜ ਰੁਪਏ ਦੀ ਮੰਗ ਕੀਤੀ ਗਈ ਹੈ। ਇਸ ਪੈਸੇ ਵਿੱਚ ਕਰਜ਼ਾ ਮੁਆਫ਼ੀ ਦਾ ਪੈਸਾ ਵੀ ਸ਼ਾਮਲ ਹੈ। ਸੂਤਰਾਂ ਅਨੁਸਾਰ ਸੀਨੀਅਰ ਅਧਿਕਾਰੀਆਂ ਦੀ ਅਹਿਮ ਮੀਟਿੰਗ ਹੋਈ ਹੈ, ਜਿਸ ਵਿੱਚ ਸਹਿਕਾਰਤਾ ਵਿਭਾਗ ਦੇ ਅਧਿਕਾਰੀਆਂ ਨੇ ਕਿਹਾ ਕਿ ਫ਼ਸਲੀ ਕਰਜ਼ਾ ਨਾ ਮੁੜਨ ਕਰ ਕੇ ਕੋਆਪ੍ਰੇਟਿਵ ਬੈਂਕ ਅਤੇ ਸਹਿਕਾਰੀ ਅਦਾਰਿਆਂ ਦੀ ਮਾਲੀ ਹਾਲਤ ਖ਼ਰਾਬ ਹੋ ਗਈ ਹੈ, ਇਸ ਲਈ ਵਿੱਤ ਵਿਭਾਗ ਕੋਲੋਂ 3500 ਕਰੋੜ ਰੁਪਏ ਦੀ ਮੰਗ ਕੀਤੀ ਗਈ ਹੈ ਪਰ ਵਿੱਤ ਵਿਭਾਗ ਏਨੀ ਰਕਮ ਇੱਕੋ ਵਾਰ ਨਹੀਂ ਦੇਵੇਗਾ ਕਿਉਂਕਿ ਕੁਝ ਦਿਨ ਪਹਿਲਾਂ ਹੀ ਵਿੱਤ ਵਿਭਾਗ ਨੇ ਸਾਰੇ ਵਿਭਾਗਾਂ ਨੂੰ ਪੈਸੇ ਕਿਸ਼ਤਾਂ ਵਿੱਚ ਜਾਰੀ ਕਰਨ ਦਾ ਐਲਾਨ ਕੀਤਾ ਹੈ। ਪਤਾ ਲੱਗਿਆ ਹੈ ਕਿ ਕੈਪਟਨ ਸਰਕਾਰ ਦੇ ਕਰਜ਼ਾ ਮੁਆਫ਼ੀ ਦੇ ਐਲਾਨ ਤੋਂ ਬਾਅਦ ਬਹੁਤ ਸਾਰੇ ਕਿਸਾਨਾਂ ਨੇ ਬੈਂਕਾਂ ਦੇ ਕਰਜ਼ੇ ਮੋੜਨੇ ਬੰਦ ਕਰ ਦਿੱਤੇ ਹਨ, ਜਿਸ ਕਾਰਨ ਸਹਿਕਾਰੀ ਬੈਂਕਾਂ ਨੂੰ ਔਖ ਹੋ ਰਹੀ ਹੈ।
ਕਰਜ਼ਿਆਂ ਦੀ ਉਗਰਾਹੀ ਪੰਜਾਹ ਫ਼ੀਸਦੀ ਹੀ ਰਹਿ ਗਈ ਹੈ। ਇਕ ਅਧਿਕਾਰੀ ਨੇ ਦੱਸਿਆ ਕਿ ਸਰਕਾਰ ਸਾਨੂੰ ਜਿੰਨੇ ਪੈਸੇ ਦੇਵੇਗੀ, ਉਸ ਅਨੁਸਾਰ ਕਿਸਾਨਾਂ ਦੇ ਕਰਜ਼ੇ ਮੁਆਫ਼ ਕਰ ਦਿਆਂਗੇ। ਇਹ ਸਰਕਾਰ ‘ਤੇ ਨਿਰਭਰ ਹੈ ਕਿ ਉਹ ਕਿੰਨੇ ਪੈਸੇ ਦਾ ਜੁਗਾੜ ਕਰਦੀ ਹੈ।

ਗੰਨੇ ਦਾ ਬਕਾਇਆ ਤਿੰਨ ਕਿਸ਼ਤਾਂ ਵਿਚ :
ਸੂਬਾ ਸਰਕਾਰ ਨੇ ਪਿਛਲੀ ਸਰਕਾਰ ਵੇਲੇ ਦਾ ਗੰਨੇ ਦਾ ਬਕਾਇਆ ਦੇਣ ਦਾ ਫ਼ੈਸਲਾ ਕਰ ਲਿਆ ਹੈ। ਸਰਕਾਰ 116 ਕਰੋੜ ਦਾ ਬਕਾਇਆ ਤਿੰਨ ਕਿਸ਼ਤਾਂ ਵਿੱਚ ਦੇਵੇਗੀ। ਪਹਿਲੀ ਕਿਸ਼ਤ ਜੁਲਾਈ ਵਿੱਚ 43 ਕਰੋੜ ਦੀ ਦਿੱਤੀ ਜਾਵੇਗੀ ਤੇ ਅਗਲੀ ਕਿਸ਼ਤ ਤਹਿਤ ਅਗਸਤ ਵਿੱਚ 43 ਕਰੋੜ ਤੇ ਆਖ਼ਰੀ ਕਿਸ਼ਤ 30 ਕਰੋੜ ਰੁਪਏ ਸਤੰਬਰ ਵਿੱਚ ਦਿੱਤੀ ਜਾਵੇਗੀ। ਦੱਸਿਆ ਜਾ ਰਿਹਾ ਹੈ ਕਿ ਸਰਕਾਰ ਨੇ ਭੋਗਪੁਰ ਖੰਡ ਮਿੱਲ ਦੀ ਮਸ਼ੀਨਰੀ ਬਦਲਣ ਲਈ ਕਰਜ਼ਾ ਲੈਣ ਲਈ ਗਾਰੰਟੀ ਦੇਣ ਦੀ ਵੀ ਹਾਮੀ ਭਰ ਦਿੱਤੀ ਹੈ। ਮਸ਼ੀਨਰੀ ਬਦਲਣ ਲਈ 34 ਕਰੋੜ ਦਾ ਕਰਜ਼ਾ ਕੇਂਦਰ ਸਰਕਾਰ ਨੇ ਦੇਣਾ ਹੈ ਪਰ ਕਰਜ਼ਾ ਤਾਂ ਹੀ ਮਿਲੇਗਾ ਜੇ ਸੂਬਾ ਸਰਕਾਰ ਗਾਰੰਟੀ ਦੇਵੇਗੀ।