ਫੂਲਕਾ ਦੀ ਥਾਂ ਹੁਣ ਉਨ੍ਹਾਂ ਦੀ ਬੇਟੀ ਪ੍ਰਭਸਹਾਏ ਕੌਰ ਲੜੇਗੀ 1984 ਸਿੱਖ ਕਤਲੇਆਮ ਨਾਲ ਸਬੰਧਤ ਕੇਸ

0
288

prabhsahay-kaur
ਲੁਧਿਆਣਾ/ਸਿੱਖ ਸਿਆਸਤ ਬਿਊਰੋ:
ਉੱਘੇ ਵਕੀਲ ਅਤੇ ਪੰਜਾਬ ਵਿਧਾਨ ਸਭਾ ਵਿੱਚ ਵਿਰੋਧੀ ਧਿਰ ਦੇ ਨੇਤਾ ਐਚ.ਐੱਸ. ਫੂਲਕਾ ਵਿਧਾਇਕ ਆਮ ਆਦਮੀ ਪਾਰਟੀ ਹੁਣ 1984 ਸਿੱਖ ਕਤਲੇਆਮ ਨਾਲ ਸਬੰਧਤ ਕੇਸਾਂ ਦੀ ਪੈਰਵੀ ਨਹੀਂਂ ਕਰਨਗੇ। ਫੂਲਕਾ ਨੇ ਖੁਦ ਇਸਦੀ ਜ਼ਿੰਮੇਵਾਰੀ ਆਪਣੀ ਬੇਟੀ ਪ੍ਰਭਸਹਾਏ ਕੌਰ ਨੂੰ ਸੌਂਪੀ ਹੈ। ਫੂਲਕਾ ਨੇ ਦੱਸਿਆ ਕਿ ਉਨ੍ਹਾਂ ਦੀ ਪੁੱਤਰੀ ਐਡਵੋਕੇਟ ਪ੍ਰਭਸਹਾਏ ਕੌਰ ਦੀ ਅਗਵਾਈ ‘ਚ ਵਕੀਲਾਂ ਦੀ ਇਕ ਟੀਮ ਕੰਮ ਕਰੇਗੀ। ਫੂਲਕਾ ਸ਼ਨਿਚਾਰਵਾਰ ਨੂੰ ਦਾਖਾ ਵਿਖੇ ਆਪਣੇ ਦਫਤਰ ‘ਚ ਪੱਤਰਕਾਰਾਂ ਨਾਲ ਗੱਲ ਕਰ ਰਹੇ ਸਨ। ਉਨ੍ਹਾਂ ਨੇ ਕਿਹਾ ਕਿ 1984 ਸਿੱਖ ਕਤਲੇਆਮ ਪੀੜਤਾਂ ਦਾ ਸੁਪਰੀਮ ਕੋਰਟ ‘ਚ ਚੱਲ ਰਿਹਾ ਕੇਸ ਹੁਣ ਮੇਰੀ ਬੇਟੀ ਐਡਵੋਕੇਟ ਪ੍ਰਭਸਹਾਏ ਕੌਰ ਲੜੇਗੀ। ਕਿਉਂਕਿ ਹਲਕਾ ਦਾਖਾ ਦੀ ਜਨਤਾ ਨੇ ਮੈਨੂੰ ਵਿਧਾਇਕ ਚੁਣਿਆ ਹੈ ਇਸ ਲਈ ਅਦਾਲਤ ‘ਚ ਮੈਂ ਖੁਦ ਪੈਰਵੀ ਨਹੀਂਂ ਕਰ ਸਕਦਾ ਪਰ ਮੇਰੀ ਬੇਟੀ ਅਤੇ ਪੂਰੀ ਟੀਮ ਇਸ ਕੇਸ ਨੂੰ ਆਖਰੀ ਪੜਾਅ ਤਕ ਲੜੇਗੀ। ਕੇਸ ਨੂੰ ਲੜਨ ਲਈ ਮੈਂ ਖੁਦ ਇਨ੍ਹਾਂ ਨੂੰ ਦਿਸ਼ਾ ਨਿਰਦੇਸ਼ ਦਿਆਂਗਾ। ਚੋਣ ਜਿੱਤਣ ਤੋਂ ਬਾਅਦ ਉਹ ਪਹਿਲੀ ਵਾਰ ਆਪਣੇ ਹਲਕੇ ‘ਚ ਪ੍ਰੈਸ ਕਾਨਫਰੰਸ ਕਰ ਰਹੇ ਸਨ।
ਫੂਲਕਾ ਨੇ ਇਹ ਵੀ ਦੱਸਿਆ ਕਿ ‘ਆਪ’ ਲੁਧਿਆਣਾ ਨਗਰ ਨਿਗਮ ਦੀਆਂ ਚੋਣਾਂ ਪੂਰੀ ਮਿਹਨਤ ਨਾਲ ਲੜੇਗੀ। ਪ੍ਰਾਈਵੇਟ ਸਕੂਲਾਂ ਦੇ ਮਸਲੇ ‘ਤੇ ਬੋਲਦਿਆਂ ਫੂਲਕਾ ਨੇ ਕਿਹਾ ਕਿ ਪੰਜਾਬ ‘ਚ ਪ੍ਰਾਈਵੇਟ ਸਕੂਲਾਂ ਨੇ ਲੁੱਟ ਮਚਾ ਰੱਖੀ ਹੈ। ਰੀ-ਐਡਮੀਸ਼ਨ, ਕਿਤਾਬਾਂ ਅਤੇ ਹੋਰ ਫੰਡਾਂ ਦੇ ਨਾਂ ‘ਤੇ ਮਾਪਿਆਂ ਨੂੰ ਲੁੱਟਿਆ ਜਾ ਰਿਹਾ ਹੈ। ਉਨ੍ਹਾਂ ਸੁਝਾਅ ਦਿੱਤਾ ਕਿ ਜਿਵੇਂ ‘ਆਪ’ ਸਰਕਾਰ ਨੇ ਦਿੱਲੀ ‘ਚ ਕੀਤਾ ਹੈ ਉਸੇ ਤਰਜ਼ ‘ਤੇ ਕਾਂਗਰਸ ਨੂੰ ਪੰਜਾਬ ‘ਚ ਕਰਨਾ ਚਾਹੀਦਾ ਹੈ ਤਾਂ ਜੋ ਜਨਤਾ ਨੂੰ ਲੁੱਟ ਤੋਂ ਬਚਾਇਆ ਜਾ ਸਕੇ।