ਅਖੌਤੀ ਕਵੀ ਸੁਰਜੀਤ ਗੱਗ ਖ਼ਿਲਾਫ਼ ਕੇਸ ਦਰਜ

0
70

police-case_gaggਡੀਐੱਸਪੀ ਰਮਿੰਦਰ ਸਿੰਘ ਕਾਹਲੋਂ ਨੂੰ ਮਿਲਣ ਮਗਰੋਂ ਸ਼੍ਰੋਮਣੀ ਕਮੇਟੀ ਮੈਂਬਰ ਦਲਜੀਤ ਸਿੰਘ ਭਿੰਡਰ, ਪ੍ਰਿੰਸੀਪਲ ਸੁਰਿੰਦਰ ਸਿੰਘ ਤੇ ਹੋਰ।
ਸ੍ਰੀ ਆਨੰਦਪੁਰ ਸਾਹਿਬ/ਬਿਊਰੋ ਨਿਊਜ਼ :
ਸਿੱਖ ਧਰਮ ਦੇ ਵਿਰੋਧੀ ਨਕਲੀ ਕਾਮਰੇਡਾਂ ਦੀ ਫੂਕ ਵਿਚ ਆ ਕੇ ਸਿੱਖ ਗੁਰੂਆਂ ਅਤੇ ਪੰਜਾਬ ਬਾਰੇ ਕੱਚ-ਘਰੜ ਜਿਹੀ ਤੁਕਬੰਦੀ ਕਰਨ ਵਾਲੇ ਸੁਰਜੀਤ ਗੱਗ ਨੂੰ ਸਿੱਖ ਨੌਜਵਾਨਾਂ ਦੁਆਰਾ ਸੋਧਾ ਲਾਉਣ ਤੋਂ ਬਾਅਦ ਉਸ ਦਾ ਇਕ ਵਾਰ ਫਿਰ ਕਾਨੂੰਨੀ ਤੌਰ ਉਤੇ ਵੀ ਮੱਕੂ ਠੱਪਿਆ ਗਿਆ ਹੈ। ਇੱਥੇ ਸਿੱਖ ਜਥੇਬੰਦੀਆਂ ਨੇ ਡੀਐੱਸਪੀ ਰਮਿੰਦਰ ਸਿੰਘ ਕਾਹਲੋਂ ਨਾਲ ਮੁਲਾਕਾਤ ਕੀਤੀ ਤੇ ਕਵੀ ਸੁਰਜੀਤ ਗੱਗ ‘ਤੇ ਮਾਹੌਲ ਖ਼ਰਾਬ ਕਰਨ ਦੀਆਂ ਕੋਸ਼ਿਸ਼ਾਂ ਦਾ ਦੋਸ਼ ਲਾਇਆ। ਇਸ ਮਗਰੋਂ ਸੁਰਜੀਤ ਗੱਗ ਖ਼ਿਲਾਫ਼ ਥਾਣਾ ਆਨੰਦਪੁਰ ਸਾਹਿਬ ਵਿਖੇ ਧਾਰਾ 295-ਏ ਤਹਿਤ ਕੇਸ ਦਰਜ ਹੋ ਗਿਆ ਹੈ। ਉਧਰ, ਗੱਗ ‘ਤੇ ਹਮਲਾ ਕਰਨ ਵਾਲਿਆਂ ਖ਼ਿਲਾਫ਼ ਵੀ ਪੁਲੀਸ ਨੇ ਕੇਸ ਦਰਜ ਕਰ ਲਿਆ ਹੈ।
ਸ਼੍ਰੋਮਣੀ ਕਮੇਟੀ ਮੈਂਬਰ ਦਲਜੀਤ ਸਿੰਘ ਭਿੰਡਰ ਤੇ ਪ੍ਰਿੰਸੀਪਲ ਸੁਰਿੰਦਰ ਸਿੰਘ ਨੇ ਕਿਹਾ ਕਿ ਪਿਛਲੇ ਕਾਫ਼ੀ ਸਮੇਂ ਤੋਂ ਕਵੀ ਸੁਰਜੀਤ ਗੱਗ ਸਿੱਖ ਧਰਮ ਖ਼ਿਲਾਫ਼, ਗੁਰੂ ਨਾਨਕ ਦੇਵ ਜੀ ਖ਼ਿਲਾਫ਼ ਤੇ ਹੋਰ ਧਰਮਾਂ ਖ਼ਿਲਾਫ਼ ਆਪਣੀਆਂ ਕਵਿਤਾਵਾਂ ਲਿਖ ਕੇ ਫੇਸਬੁੱਕ ਤੇ ਹੋਰ ਸੋਸ਼ਲ ਸਾਈਟਾਂ ‘ਤੇ ਕੂੜ ਪ੍ਰਚਾਰ ਕਰਦਾ ਆ ਰਿਹਾ ਹੈ, ਜਿਸ ਕਾਰਨ ਸਿੱਖ ਭਾਈਚਾਰੇ ਵਿਚ ਰੋਸ ਹੈ। ਉਨ੍ਹਾਂ ਕਿਹਾ ਕਿ ਇਸ ਨੂੰ ਬਰਦਾਸ਼ਤ ਨਹੀਂ ਕੀਤਾ ਜਾਵੇਗਾ। ਆਗੂਆਂ ਨੇ ਪੁਲੀਸ ਤੇ ਪ੍ਰਸ਼ਾਸਨ ਨੂੰ ਅਪੀਲ ਕੀਤੀ ਕਿ ਇਸ ਮਾਮਲੇ ਵਿਚ ਕਾਰਵਾਈ ਕੀਤੀ ਜਾਵੇ।
ਇਸ ਸਬੰਧੀ ਡੀਐੱਸਪੀ ਰਮਿੰਦਰ ਸਿੰਘ ਕਾਹਲੋਂ ਨੇ ਕਿਹਾ ਕਿ ਮਾਹੌਲ ਖ਼ਰਾਬ ਕਰਨ ਵੀ ਕਿਸੇ ਨੂੰ ਵੀ ਇਜਾਜ਼ਤ ਨਹੀਂ ਦਿੱਤੀ ਜਾਵੇਗੀ। ਉਨ੍ਹਾਂ ਕਿਹਾ ਕਿ ਸ਼੍ਰੋਮਣੀ ਕਮੇਟੀ ਮੈਂਬਰਾਂ ਵੱਲੋਂ ਗੱਗ ਖ਼ਿਲਾਫ਼ ਸ਼ਿਕਾਇਤ ਦਿੱਤੀ ਗਈ ਹੈ ਤੇ ਬਣਦੀ ਕਾਰਵਾਈ ਕੀਤੀ ਜਾਵੇਗੀ। ਇਸ ਮਗਰੋਂ ਗੱਗ ਖ਼ਿਲਾਫ਼ ਕੇਸ ਦਰਜ ਕਰ ਲਿਆ ਗਿਆ। ਪੁਲੀਸ ਸੂਤਰਾਂ ਅਨੁਸਾਰ ਸੁਰਜੀਤ ਗੱਗ ਦੀ ਗ੍ਰਿਫਤਾਰੀ ਕਿਸੇ ਵੀ ਵੇਲੇ ਸੰਭਵ ਹੈ।
ਦੂਜੇ ਪਾਸੇ, ਸੁਰਜੀਤ ਗੱਗ ਦੀ ਕੁੱਟਮਾਰ ਕਰਨ ਵਾਲਿਆਂ ਖ਼ਿਲਾਫ਼ ਵੀ ਪੁਲੀਸ ਨੇ ਕੇਸ ਦਰਜ ਕਰ ਲਿਆ ਹੈ। ਪੁਲੀਸ ਨੇ ਯਾਦਵ ਸਿੰਘ ਯਾਦੀ ਵਾਸੀ ਪਿੰਡ ਝਿੰਜੜੀ ਤੇ ਇਕ ਅਣਪਛਾਤੇ ਖ਼ਿਲਾਫ਼ ਆਈਪੀਸੀ ਦੀ ਧਾਰਾ 341,323,34 ਤਹਿਤ ਕੇਸ ਦਰਜ ਕਰ ਕੇ ਕਾਰਵਾਈ ਸ਼ੁਰੂ ਕਰ ਦਿੱਤੀ ਹੈ। ਇਸ ਮੌਕੇ ਤਖ਼ਤ ਕੇਸਗੜ੍ਹ ਸਾਹਿਬ ਦੇ ਮੈਨੇਜਰ ਜਸਵੀਰ ਸਿੰਘ, ਸੰਦੀਪ ਸਿੰਘ ਕਲੌਤਾ, ਬਾਬਾ ਸਰਬਜੀਤ ਸਿੰਘ, ਸੁਰਿੰਦਰ ਕੌਰ, ਐਡਵੋਕੇਟ ਹਰਦੇਵ ਸਿੰਘ, ਜਸਵੀਰ ਸਿੰਘ ਤੇ ਮਨਜਿੰਦਰ ਸਿੰਘ ਬਰਾੜ ਹਾਜ਼ਰ ਸਨ।
ਉਧਰ, ਭਾਈ ਜੈਤਾ ਜੀ ਸਿਵਲ ਹਸਪਤਾਲ ਵਿਚ ਜ਼ੇਰੇ ਇਲਾਜ ਸੁਰਜੀਤ ਗੱਗ ਨੇ ਪੰਜਾਬ ਸਰਕਾਰ ਤੋਂ ਸੁਰੱਖਿਆ ਦੀ ਮੰਗ ਕੀਤੀ। ਗੱਗ ਨੇ ਕਿਹਾ ਕਿ ਉਹ ਪਹਿਲਾਂ ਵੀ ਸਥਾਨਕ ਪੁਲੀਸ ਨੂੰ ਸ਼ਿਕਾਇਤ ਦੇ ਚੁੱਕਿਆ ਹੈ ਪਰ ਕੋਈ ਕਾਰਵਾਈ ਨਹੀਂ ਹੋਈ ਹੈ। ਇਸ ਲਈ ਉਸ ਨੂੰ ਸੁਰੱਖਿਆ ਮਿਲਣੀ ਚਾਹੀਦੀ ਹੈ। ਗੱਗ ਨੇ ਕਿਹਾ ਕਿ ਪੁਲੀਸ ਉਸ ਉੱਤੇ ਦਬਾਅ ਬਣਾ ਰਹੀ ਹੈ ਕਿ ਉਹ ਉਨ੍ਹਾਂ ਨਾਲ ਚੱਲੇ ਤਾਂ ਜੋ ਉਸ ਦੇ ਰਹਿੰਦੇ ਬਿਆਨਾਂ ਨੂੰ ਕਲਮਬੰਦ ਕੀਤਾ ਜਾ ਸਕੇ। ਗੱਗ ਨੇ ਕਿਹਾ ਕਿ ਉਸ ਨੂੰ ਖ਼ਦਸ਼ਾ ਹੈ ਕਿ ਪੁਲੀਸ ਉਸ ਨੂੰ ਧੱਕੇ ਨਾਲ ਗ੍ਰਿਫ਼ਤਾਰ ਕਰਨਾ ਚਾਹੁੰਦੀ ਹੈ।