ਹਿੰਮਤੀ ਕਿਸਾਨ ਨੇ ਕੁਦਰਤੀ ਢੰਗ ਨਾਲ ਖੇਤੀ ਦੇ ਸਿਰ ਉੱਤੇ ਬਣਾਈ 6 ਏਕੜ ਜ਼ਮੀਨ

0
283

picture-kudrati-kheti-kisan
ਕੁਦਰਤੀ ਢੰਗ ਨਾਲ ਪੈਦਾ ਕੀਤੀ ਕਣਕ ਵਿੱਚ ਖੜਾ ਹੋ ਕੇ ਜੀਵਾ ਸਿੰਘ ਮਿਲੇ ਸਨਮਾਨ ਨੂੰ ਦਿਖਾਉਂਦਾ ਹੋਇਆ।
ਲਹਿਰਾਗਾਗਾ/ਸਿੱਖ ਸਿਆਸਤ ਬਿਊਰੋ:
ਅੱਜ ਦੇ ਯੁੱਗ ‘ਚ ਖੇਤੀ ਦੀ ਪੈਦਾਵਾਰ ਵਧਾਉਣ ਲਈ ਕੈਮੀਕਲ ਖਾਦਾਂ, ਸਪਰੇਆਂ ਵਰਗੀਆਂ ਜ਼ਹਿਰਾਂ ਦੀ ਵਰਤੋਂ ਕੀਤੀ ਜਾ ਰਹੀ ਹੈ ਪਰ ਜਾਗਰੂਕ ਕਿਸਾਨਾਂ ‘ਚ ਕੁਦਰਤੀ ਖੇਤੀ ਪ੍ਰਤੀ ਰੂਚੀ ਦਿਖਾਈ ਜਾ ਰਹੀ ਹੈ ਪਰ ਪੰਜਾਬ ‘ਚ ਅਜਿਹੇ ਵਿਰਲੇ ਅਨਪੜ੍ਹ ਕਿਸਾਨ ਵੀ ਮਿਲਦੇ ਹਨ ਜਿਹੜੀ ਧਰਤੀ ਨੂੰ ਆਪਣੀ ਮਾਂ ਮੰਨਦੇ ਹਨ। ਅਜਿਹਾ ਹੀ ਇੱਕ ਕਿਸਾਨ ਪਿੰਡ ਚੋਟੀਆਂ ਦਾ ਜੀਵਾ ਸਿੰਘ ਹੈ ਜਿਹੜਾ ਹਿੱਕ ਠੋਕ ਕੇ ਆਖਦਾ ਹੈ ਕਿ ਆਪਣੇ ਲਾਲਚ ਲਈ ਧਰਤੀ ਮਾਂ ਨੂੰ ਜ਼ਹਿਰ ਕਿਵੇਂ ਦੇਵਾਂ। ਕਰੀਬ 63-64 ਕੁ ਸਾਲ ਦਾ ਜੀਵਾ ਸਿੰਘ ਆਪਣੀ ਸੂਰਤ ਸੰਭਾਲਣ ਸਮੇਂ ਤੋਂ ਹੀ ਆਪਣੇ ਪਿੰਡ ਚੋਟੀਆਂ ਰੇਲ ਲਾਈਨ ਨੇੜਲੀ ਜ਼ਮੀਨ ਨੂੰ ਬਗੈਰ ਕੈਮੀਕਲ ਖਾਦਾਂ ਤੇ ਸਪਰੇਅ ਦੇ ਖੇਤੀ ਕਰ ਰਿਹਾ ਹੈ।

ਉਸਦਾ ਕਹਿਣਾ ਕਿ ਚਾਹੇ ਕੁਦਰਤੀ ਢੰਗ ਨਾਲ ਖੇਤੀ ਵਿੱਚ ਪੈਦਾਵਾਰ ਥੋੜੀ ਘੱਟ ਹੁੰਦੀ ਹੈ ਪਰ ਉਸਦੀ ਕਣਕ ਏਕੜ ਪਿੱਛੇ ਮਹਿਜ਼ 25-28 ਮਣ ਹੀਂ ਨਿਕਲਦੀ ਹੈ ਜਿਹੜੀ ਨੂੰ ਲੋਕ ਉਸਦੇ ਘਰੋਂ ਹੀ 3000 ਰੁਪਏ ਪ੍ਰਤੀ ਕੁਵਿੰਟਲ ਦੇ ਭਾਅ ਲੈ ਜਾਂਦੇ ਹਨ। ਇਸੇ ਕਰਕੇ ਅੱਜ ਤੱਕ ਉਸਨੇ ਆਪਣੀ ਕਣਕ ਕਦੇ ਕਿਸੇ ਅਨਾਜ ਮੰਡੀ ‘ਚ ਨਹੀਂ ਵੇਚੀ। ਜੀਵਾ ਸਿੰਘ ਦਾਅਵਾ ਕਰਦਾ ਹੈ ਕਿ ਇਸੇ ਕੁਦਰਤੀ ਖੇਤੀ ਸਹਾਰੇ ਉਸਨੇ ਛੇ ਏਕੜ ਜ਼ਮੀਨ ਬਣਾਈ ਹੈ ਤੇ ਪੰਜ ਬੱਚਿਆਂ ਨੂੰ ਪੜ੍ਹਾਇਆ ਤੇ ਵਿਆਹ ਕੀਤੇ।

ਉਸ ਨੇ ਦੱਸਿਆ ਕਿ ਉਸਦੀ ਕੁਦਰਤੀ ਢੰਗ ਨਾਲ ਖੇਤੀ ਕਾਰਨ ਪੰਜਾਬ ਪ੍ਰਦੇਸ਼ ਪ੍ਰਦੂਸ਼ਨ ਕੰਟਰੋਲ ਬੋਰਡ ਵੱਲੋਂ 5 ਜੂਨ 2006 ਨੂੰ ਵਿਸ਼ਵ ਵਾਤਾਵਰਣ ਦਿਵਸ ‘ਤੇ ਸੂਬਾ ਪੱਧਰੀ ਸਨਮਾਨ ਦਿੱਤਾ ਸੀ। ਇਸ ਸਨਮਾਨ ਨੂੰ ਉਹ ਹਰ ਸਮੇਂ ਸੰਭਾਲ ਕੇ ਰੱਖਦਾ ਹੈ ਤੇ ਆਉਣ ਵਾਲੇ ਨੂੰ ਪੂਰੇ ਚਾਅ ਨਾਲ ਦਿਖਾਉਂਦਾ ਹੈ । ਸਾਲ 2014’ਚ ਹਾਲੈਂਡ ਦਾ ਰਿਸਰਚ ਸ਼ਕਾਲਰ ਟੋਮ ਤੇ ਸਾਰਾ ਮਹੀਨਾ ਭਰ ਉਸਦੀ ਖੇਤੀ ਬਾਰੇ ਖੋਜ ਕਰਕੇ ਗਏ ਸਨ।

ਜੀਵਾ ਸਿੰਘ ਖੇਤੀ ਤੋਂ ਇਲਾਵਾ ਗਰਮੀ ਰੁੱਤੇ ਦੇਸੀ ਕੱਦੂ ,ਚੌਲੇ, ਗੁਆਰਾ ਤੇ ਚਾਰ ਜਾਮਣਾਂ ਦੇ ਦਰਖਤਾਂ ‘ਤੇ ਲੱਗਦੀਆਂ ਜਾਮਣਾਂ ਨੂੰ ਖੁਦ ਸਾਈਕਲ ‘ਤੇ ਲਹਿਰਾਗਾਗਾ ‘ਚ ਘੁੰਮ ਕੇ ਵੇਚਦਾ ਹੈ। ਜੀਵਾ ਸਿੰਘ ਦਾ ਕਹਿਣਾ ਹੈ ਕਿ ਪਹਿਲਾਂ ਨਹਿਰੀ ਪਾਣੀ ਤੇ ਬਾਰਸ਼ ਨਾਲ ਖੇਤੀ ਕਰਦਾ ਸੀ ਪਰ ਹੁਣ ਬਿਜਲੀ ਵਾਲਾ ਟਿਊਬਵੈੱਲ ਲਾਇਆ ਹੈ। ਉਹ ਜ਼ਮੀਨ ‘ਚ ਸਿਰਫ ਰੂੜੀ ਦੀ ਸਪਰੇਅ ਕਰਦਾ ਹੈ।