ਮੰਦਸੌਰ ਦੇ ਕਿਸਾਨਾਂ ਦੇ ਹੱਕ ‘ਚ ਸੜਕਾਂ ‘ਤੇ ਆਏ ਪੰਜਾਬ-ਹਰਿਆਣਾ ਦੇ ਕਿਸਾਨ

0
267

pic-farmer-dharna
ਡੱਬਵਾਲੀ ਰੋਡ ਗੁਰਥੜੀ ਵਿਖੇ ਧਰਨਾ ਕੇ ਕੇਂਦਰ ਸਰਕਾਰ ਖਿਲਾਫ ਬੀਕੇਯੂ ਸਿੱਧੂਪੁਰ ਦੇ ਵਰਕਰ ਨਾਅਰੇਬਾਜ਼ੀ ਕਰਦੇ ਹੋਏ।
ਚੰਡੀਗੜ੍ਹ/ਬਿਊਰੋ ਨਿਊਜ਼ :
ਮੱਧ ਪ੍ਰਦੇਸ਼ ਦੇ ਮੰਦਸੌਰ ਵਿੱਚ ਪੁਲੀਸ ਫਾਇਰਿੰਗ ਨਾਲ ਪੰਜ ਕਿਸਾਨਾਂ ਦੀ ਮੌਤ ਵਿਰੁੱਧ ਅਤੇ ਹੋਰ ਮੰਗਾਂ ਸਬੰਧੀ ਦੇਸ਼ ਵਿਆਪੀ ਅੰਦੋਲਨ ਤਹਿਤ ਪੰਜਾਬ ਅਤੇ ਹਰਿਆਣਾ ਸਣੇ ਕਈ ਸੂਬਿਆਂ ਵਿੱਚ ਕਿਸਾਨਾਂ ਨੇ ਆਵਾਜਾਈ ਠੱਪ ਕਰਕੇ ਰੋਸ ਜਤਾਇਆ। ਦੇਸ਼ ਦੀਆਂ 62 ਕਿਸਾਨ ਜਥੇਬੰਦੀਆਂ ਨੇ ਮੱਧ ਪ੍ਰਦੇਸ਼ ਘਟਨਾ ਖ਼ਿਲਾਫ਼ ਤੇ ਕਰਜ਼ਾ ਮੁਆਫ਼ੀ ਲਈ ਆਵਾਜਾਈ ਠੱਪ ਕਰਨ ਦਾ ਸੱਦਾ ਦਿੱਤਾ ਹੋਇਆ ਸੀ।
ਪੰਜਾਬ ਵਿੱਚ ਕਿਸਾਨਾਂ ਨੇ ਬਠਿੰਡਾ, ਕੋਟਕਪੂਰਾ, ਮੁਕਤਸਰ, ਫਿਲੌਰ, ਟਾਂਡਾ, ਖਮਾਣੋਂ ਦੇ ਦੋਰਾਹਾ ਸਣੇ ਹੋਰ ਕਈ ਥਾਈਂ ਆਵਾਜਾਈ ਠੱਪ ਕੀਤੀ। ਹਰਿਆਣਾ ਵਿੱਚ ਭਾਰਤੀ ਕਿਸਾਨ ਯੂਨੀਅਨ ਦੇ ਆਗੂ ਗੁਰਨਾਮ ਸਿੰਘ ਦੀ ਅਗਵਾਈ ਵਿੱਚ ਕਿਸਾਨ ਅੰਬਾਲਾ ਵਿੱਚ ਮੋਹਰਾ ਨੇੜੇ ਇਕੱਠੇ ਹੋਏ ਤੇ ਟਰੈਕਟਰਾਂ ਨਾਲ ਸ਼ਾਹਰਾਹ ਜਾਮ ਕੀਤਾ। ਇਸ ਤੋਂ ਇਲਾਵਾ ਰੋਹਤਕ, ਸੋਨੀਪਤ, ਹਿਸਾਰ, ਸਿਰਸਾ, ਜੀਂਦ, ਭਿਵਾਨੀ ਤੇ ਚਰਖੀ ਦਾਦਰੀ ਵਿੱਚ ਕਿਸਾਨਾਂ ਨੇ ਧਰਨੇ ਲਾਏ। ਹਰਿਆਣਾ ਦੇ ਕਿਸਾਨ ਆਗੂ ਗੁਰਨਾਮ ਸਿੰਘ ਨੇ ਦੱਸਿਆ ਕਿ ਕਿਸਾਨਾਂ ਨੇ ਐਮਰਜੈਂਸੀ ਵਾਹਨਾਂ ਨੂੰ ਨਹੀਂ ਰੋਕਿਆ। ਕਿਸਾਨਾਂ ਦੇ ਰੋਸ ਮੁਜ਼ਾਹਰਿਆਂ ਦੇ ਮੱਦੇਨਜ਼ਰ ਪੰਜਾਬ ਤੇ ਹਰਿਆਣਾ ਵਿੱਚ ਥਾਂ ਥਾਂ ਪੁਲੀਸ ਤਾਇਨਾਤ ਰਹੀ। ਇਸ ਤੋਂ ਇਲਾਵਾ ਮੱਧ ਪ੍ਰਦੇਸ਼, ਰਾਜਸਥਾਨ, ਉਤਰ ਪ੍ਰਦੇਸ਼ ਤੇ ਉੜੀਸਾ ਵਿੱਚ ਵੀ ਕਿਸਾਨਾਂ ਨੇ ਧਰਨੇ ਲਾਏ।