ਵਿਧਾਨ ਸਭਾ ‘ਚ ਚੁੱਕਾਂਗਾ ’84 ਦੇ ਪੀੜਤਾਂ ਦਾ ਮੁੱਦਾ : ਫੂਲਕਾ

0
583

‘ਪੰਜਾਬ ਦੀ ‘ਆਪ’ ਇਕਾਈ ‘ਚ ਕੋਈ ਫੁੱਟ ਨਹੀਂ’

phulka-photo

ਕੈਪਸ਼ਨ-ਪਟਿਆਲਾ ਵਿੱਚ ਵਾਲੰਟੀਅਰਾਂ ਦੀਆਂ ਸ਼ਿਕਾਇਤਾਂ ਸੁਣਦੇ ਹੋਏ ਐਚਐਸ ਫੂਲਕਾ।  
ਪਟਿਆਲਾ/ਬਿਊਰੋ ਨਿਊਜ਼ :
ਪੰਜਾਬ ਵਿਧਾਨ ਸਭਾ ਵਿੱਚ ਵਿਰੋਧੀ ਧਿਰ ਦੇ ਨੇਤਾ ਐਚਐਸ ਫੂਲਕਾ ਨੇ ਕਿਹਾ ਹੈ ਕਿ 1984 ਦੇ ਕਤਲੇਆਮ ਪੀੜਤਾਂ ਨੂੰ ਲਾਭ ਦੇਣ ਲਈ ਸਰਕਾਰ ਵੱਲੋਂ ਲਾਲ ਕਾਰਡ ਬਣਾਏ ਗਏ ਸੀ ਪਰ ਉਹ ਕਿਤੇ ਨਜ਼ਰ ਨਹੀਂ ਆ ਰਹੇ, ਇਸ ਕਰਕੇ ਇਹ ਮੁੱਦਾ ਵਿਧਾਨ ਸਭਾ ਵਿੱਚ ਪੂਰੇ ਵੇਰਵਿਆਂ ਸਹਿਤ ਚੁੱਕਿਆ ਜਾਵੇਗਾ। ਉਹ ਇੱਥੇ ਸਰਕਟ ਹਾਊਸ ਵਿੱਚ ਪਟਿਆਲਾ ਜ਼ਿਲ੍ਹੇ ਦੇ ਹਲਕਾ ਵਾਈਜ਼ ਵਾਲੰਟੀਅਰਾਂ ਦੀਆਂ ਸ਼ਿਕਾਇਤਾਂ ਸੁਣਨ ਲਈ ਪੁੱਜੇ ਸਨ। ਸ੍ਰੀ ਫੂਲਕਾ ਨੇ ਕਿਹਾ ਕਿ ਦੰਗਾ ਪੀੜਤਾਂ ਨੂੰ ਲਾਭ ਦੇਣ ਲਈ ਰਾਜ ਸਰਕਾਰ ਨੇ ਲਾਲ ਕਾਰਡ ਬਣਾਏ ਸੀ ਜਿਸ ਬਾਰੇ ਦੋਸ਼ ਲੱਗੇ ਸਨ ਕਿ ਕੁੱਝ ਗਲਤ ਲੋਕਾਂ ਨੇ ਇਹ ਕਾਰਡ ਬਣਾ ਲਏ ਸਨ ਤੇ ਕੁੱਝ ਸਹੀ ਲੋਕਾਂ ਦੇ ਕਾਰਡ ਬਣ ਗਏ ਸਨ ਪਰ ਇਸ ਸਬੰਧ ਵਿੱਚ ਅੱਗੇ ਕੋਈ ਵੀ ਕਾਰਵਾਈ ਨਹੀਂ ਹੋਈ। ਇਹ ਮਾਮਲਾ ਅਦਾਲਤ ਵਿੱਚ ਵੀ ਚਲੇ ਗਿਆ ਸੀ। ਸ੍ਰੀ ਫੂਲਕਾ ਨੇ ਕਿਹਾ ਕਿ ਦੰਗਾ ਪੀੜਤਾਂ ਨੂੰ ਲਾਭ ਦਿਵਾਉਣ ਲਈ ਆਮ ਆਦਮੀ ਪਾਰਟੀ ਵਿਸ਼ੇਸ਼ ਮੁੱਦਾ ਬਣਾਏਗੀ ਜੋ ਪੰਜਾਬ ਵਿਧਾਨ ਸਭਾ ਵਿੱਚ ਚੁੱਕਿਆ ਜਾਵੇਗਾ, ਕਿਉਂਕਿ ਪੰਜਾਬ ਸਰਕਾਰ ਹੀ ਹੈ ਜੋ ਇਸ ਮੁੱਦੇ ‘ਤੇ ਕੰਮ ਕਰ ਸਕਦੀ ਹੈ। ਉਨ੍ਹਾਂ ਕਿਹਾ ਕਿ ਪੰਜਾਬ ਵਿੱਚ ‘ਆਪ’ ਦੀ ਕੋਈ ਫੁੱਟ ਜਾਂ ਲੜਾਈ ਨਹੀਂ ਹੈ, ਸਗੋਂ ਪਾਰਟੀ ਇੱਕਮੁਠ ਹੈ। ਇਸੇ ਦੌਰਾਨ ਨਾਭਾ ਹਲਕੇ ਦੇ ਜੱਸੀ ਸੋਹੀਆਂ ਨੇ ਸ੍ਰੀ ਫੂਲਕਾ ਨੂੰ ਕਿਹਾ ਕਿ ਨਾਭਾ ਸ਼ਹਿਰ ਦੇ ਚਾਰੇ ਪਾਸੇ ਟੌਲ ਪਲਾਜੇ ਲੱਗੇ ਹਨ ਜਿਨ੍ਹਾਂ ਦਾ ਕਾਫ਼ੀ ਖਰਚਾ ਨਾਭਾ ਦੇ ਵਸਨੀਕਾਂ ਨੂੰ ਤਾਰਨਾ ਪੈਂਦਾ ਹੈ। ਇਸ ‘ਤੇ ਸ੍ਰੀ ਫੂਲਕਾ ਨੇ ਕਿਹਾ ਕਿ ਇਹ ਮੁੱਦਾ ਸੈਸ਼ਨ ਦੌਰਾਨ ਵਿਧਾਨ ਸਭਾ ਵਿੱਚ ਉਠਾਵਾਂਗੇ। ਇਸ ਮੌਕੇ ਮਾਨਸਾ ਤੋਂ ‘ਆਪ’ ਵਿਧਾਇਕ ਨਾਜਰ ਸਿੰਘ ਮਾਨਸ਼ਾਹੀਆ, ਕੁਲਤਾਰ ਸਿੰਘ ਸੰਧਵਾਂ ਵਿਧਾਇਕ ਕੋਟਕਪੂਰਾ, ਮੀਤ ਹੇਅਰ ਵਿਧਾਇਕ ਬਰਨਾਲਾ, ਪਿਰਮਲ ਸਿੰਘ ਖ਼ਾਲਸਾ ਵਿਧਾਇਕ ਭਦੌੜ, ਪ੍ਰਿੰਸੀਪਲ ਬੁੱਧ ਸਿੰਘ ਹਲਕਾ ਬੁਢਲਾਡਾ ਅਤੇ ਜਗਦੇਵ ਸਿੰਘ ਕਮਾਲੂ ਵਿਧਾਇਕ ਹਲਕਾ ਮੋੜ, ਪਟਿਆਲਾ ਦੇ ਕਨਵੀਨਰ ਕਰਨਲ ਭਲਵਿੰਦਰ ਸਿੰਘ ਅਤੇ ਡਾ. ਬਲਵੀਰ ਸਿੰਘ ਮੌਜੂਦ ਸਨ।