ਗਾਇਕ ਪਰਮੀਸ਼ ਵਰਮਾ ਉੱਤੇ ਹਮਲੇ ਸਬੰਧੀ ਮੁਲਜ਼ਮ ਹੈਪੀ ਦਾ 5 ਰੋਜ਼ਾ ਪੁਲੀਸ ਰਿਮਾਂਡ

0
813

parmish-verma
ਐਸ.ਏ.ਐਸ. ਨਗਰ (ਮੁਹਾਲੀ)/ਬਿਊਰੋ ਨਿਊਜ਼:
ਪੰਜਾਬੀ ਗਾਇਕ ਪਰਮੀਸ਼ ਵਰਮਾ ‘ਤੇ ਹੋਏ ਕਾਤਲਾਨਾ ਹਮਲੇ ਦੇ ਮਾਮਲੇ ਵਿੱਚ ਮੁਹਾਲੀ ਪੁਲੀਸ ਵੱਲੋਂ ਬੱਦੀ ਵਿੱਚੋਂ ਗ੍ਰਿਫ਼ਤਾਰ ਕੀਤੇ ਗਏ ਹਰਵਿੰਦਰ ਸਿੰਘ ਉਰਫ਼ ਹੈਪੀ ਸੋਮਵਾਰ ਮੁਹਾਲੀ ਦੀ ਅਦਾਲਤ ਵਿੱਚ ਪੇਸ਼ ਕੀਤਾ ਗਿਆ। ਅਦਾਲਤ ਨੇ ਮੁਲਜ਼ਮ ਹੈਪੀ ਨੂੰ ਪੰਜ ਦਿਨ ਦੇ ਪੁਲੀਸ ਰਿਮਾਂਡ ‘ਤੇ ਭੇਜ ਦਿੱਤਾ। ਅਦਾਲਤ ਵਿੱਚ ਪੇਸ਼ ਜਾਂਚ ਅਧਿਕਾਰੀ ਅਤੇ ਸਰਕਾਰੀ ਵਕੀਲ ਨੇ ਹੈਪੀ ਦੇ 10 ਦਿਨ ਦੇ ਪੁਲੀਸ ਰਿਮਾਂਡ ਦੀ ਮੰਗ ਕਰਦਿਆਂ ਕਿਹਾ ਕਿ ਗਾਇਕ ਨੂੰ ਗੋਲੀ ਮਾਰਨ ਸਬੰਧੀ ਸੋਸ਼ਲ ਮੀਡੀਆ ‘ਤੇ ਜ਼ਿੰਮੇਵਾਰੀ ਲੈਣ ਵਾਲੇ ਗੈਂਗਸਟਰ ਦਿਲਪ੍ਰੀਤ ਸਿੰਘ ਉਰਫ਼ ਬਾਬਾ ਨੂੰ ਗ੍ਰਿਫ਼ਤਾਰ ਕੀਤਾ ਜਾਣਾ ਹੈ। ਇਸ ਸਬੰਧੀ ਹੈਪੀ ਤੋਂ ਦਿਲਪ੍ਰੀਤ ਦੇ ਟਿਕਾਣਿਆਂ ਬਾਰੇ ਪਤਾ ਕਰਨਾ ਹੈ, ਕਿਉਂਕਿ ਹੈਪੀ ਦਿਲਪ੍ਰੀਤ ਦੇ ਸੰਪਰਕ ਵਿੱਚ ਸੀ।

ਮਾਮਲੇ ਨੂੰ ਧਰਮ ਨਾਲ ਨਾ ਜੋੜੋ-ਦਿਲਪ੍ਰੀਤ ਬਾਬਾ
ਉਧਰ, ਗੈਂਗਸਟਰ ਦਿਲਪ੍ਰੀਤ ਸਿੰਘ ਉਰਫ਼ ਬਾਬਾ ਅਜੇ ਤਾਈਂ ਪੁਲੀਸ ਦੀ ਗ੍ਰਿਫ਼ਤ ਤੋਂ ਬਾਹਰ ਹੈ। ਇਸ ਸਬੰਧੀ ਪੁਲੀਸ ਦੀਆਂ ਵੱਖ-ਵੱਖ ਟੀਮਾਂ ਵੱਲੋਂ ਗੁਪਤ ਸੂਚਨਾਵਾਂ ਨੂੰ ਆਧਾਰ ਬਣਾ ਕੇ ਕਾਫੀ ਥਾਵਾਂ ‘ਤੇ ਛਾਪੇ ਮਾਰੇ ਜਾ ਰਹੇ ਹਨ। ਇਸ ਤੋਂ ਇਲਾਵਾ ਪੁਲੀਸ ਵੱਲੋਂ ਸੋਸ਼ਲ ਮੀਡੀਆ ‘ਤੇ ਅਪਲੋਡ ਹੋ ਰਹੀਆਂ ਖ਼ਬਰਾਂ ਅਤੇ ਟਿੱਪਣੀਆਂ ‘ਤੇ ਵੀ ਨਜ਼ਰ ਰੱਖੀ ਜਾ ਰਹੀ ਹੈ। ਇਸੇ ਦੌਰਾਨ ਦਿਲਪ੍ਰੀਤ ਨੇ ਫਿਰ ਆਪਣੇ ਫੇਸਬੁੱਕ ਅਕਾਊਂਟ ਦੀ ਵਰਤੋਂ ਕਰਦਿਆਂ ਨਵੀਂ ਸੂਚਨਾ ਅਪਲੋਡ ਕੀਤੀ ਹੈ, ਜਿਸ ਵਿੱਚ ਉਸਨੇ ਕਿਹਾ ਹੈ ਕਿ ਗਾਇਕ ਪਰਮੀਸ਼ ਵਰਮਾ ਨੂੰ ਉਸ ਨੇ ਹੀ ਗੋਲੀ ਮਾਰੀ ਸੀ ਅਤੇ ਪੁਲੀਸ ਬੇਕਸੂਰ ਲੋਕਾਂ ਨੂੰ ਤੰਗ-ਪ੍ਰੇਸ਼ਾਨ ਨਾ ਕਰੇ। ਉਸ ਨੇ ਗਾਇਕ ‘ਤੇ ਹਮਲਾ ਕਰਨ ਵੇਲੇ ਉਸ ਨਾਲ ਮੌਜੂਦ ਆਪਣੇ ਤਿੰਨ ਹੋਰ ਸਾਥੀਆਂ ਦੇ ਨਾਂ ਵੀ ਨਸ਼ਰ ਕੀਤੇ ਹਨ, ਜਿਨ੍ਹਾਂ ਵਿੱਚ ਅਕਾਸ਼ ਮਹਾਰਾਸ਼ਟਰ, ਹਰਜਿੰਦਰ ਸਿੰਘ ਮਹਾਰਾਸ਼ਟਰ ਅਤੇ ਸੁਖਪ੍ਰੀਤ ਸਿੰਘ ਬੁੱਢਾ ਸ਼ਾਮਲ ਹਨ।  ਦਿਲਪ੍ਰੀਤ ਨੇ ਲੋਕਾਂ ਨੂੰ ਵੀ ਅਪੀਲ ਕੀਤੀ ਹੈ ਕਿ ਉਹ ਇਸ ਮਾਮਲੇ ਨੂੰ ਕਿਸੇ ਵਿਸ਼ੇਸ਼ ਧਰਮ ਨਾਲ ਨਾ ਜੋੜਨ ਅਤੇ ਨਾ ਹੀ ਇਸ ਮਾਮਲੇ ਨੂੰ ਗਲਤ ਰੰਗਤ ਦਿੱਤੀ ਜਾਵੇ। ਉਸ ਨੇ ਕਿਹਾ ਕਿ ਸਾਡੀ ਕਿਸੇ ਵੀ ਧਰਮ ਨਾਲ ਕੋਈ ਦੁਸ਼ਮਣੀ ਨਹੀਂ ਹੈ। ਇਸ ਪਿੱਛੇ ਗੱਲ ਕੋਈ ਹੋਰ ਵੀ ਹੋ ਸਕਦੀ ਹੈ।
ਉਧਰ, ਦੂਜੇ ਪਾਸੇ ਫੋਰਟਿਸ ਹਸਪਤਾਲ ਵਿੱਚ ਜ਼ੇਰੇ ਇਲਾਜ ਗਾਇਕ ਪਰਮੀਸ਼ ਵਰਮਾ ਨੇ ਵੀ ਆਪਣੇ ਪ੍ਰਸ਼ੰਸਕਾਂ ਲਈ ਸੋਸ਼ਲ ਮੀਡੀਆ ‘ਤੇ ਇੱਕ ਫੋਟੋ ਅਪਲੋਡ ਕੀਤੀ ਹੈ, ਜਿਸ ਵਿੱਚ ਉਹ ਹਸਪਤਾਲ ਦੇ ਬੈੱਡ ‘ਤੇ ਖਾਣਾ ਖਾ ਰਿਹਾ ਹੈ।  ਉਸ ਨੇ ਫੋਟੋ ਉੱਤੇ ਜਲਦੀ ਠੀਕ ਹੋਣ ਦਾ ਸੁਨੇਹਾ ਵੀ ਦਿੱਤਾ ਹੈ।