ਪੰਥਕ ਧਿਰਾਂ ਵੱਲੋਂ ਕੈਪਟਨ ਦੀ ਰਿਹਾਇਸ਼ ਵੱਲ ਰੋਸ ਮਾਰਚ 13 ਜੂਨ ਨੂੰ

0
92

panthak-dhiraan
ਕੈਪਸ਼ਨ-ਯੂਨਾਈਟਿਡ ਅਕਾਲੀ ਦਲ ਦੇ ਸਕੱਤਰ ਜਨਰਲ ਭਾਈ ਗੁਰਦੀਪ ਸਿੰਘ ਬਠਿੰਡਾ ਰੋਸ ਮਾਰਚ ਦਾ ਐਲਾਨ ਕਰਦੇ ਹੋਏ।
ਚੰਡੀਗੜ੍ਹ/ਬਿਊਰੋ ਨਿਊਜ਼ :
ਯੂਨਾਈਟਿਡ ਅਕਾਲੀ ਦਲ ਦੀ ਕੋਰ ਕਮੇਟੀ ਦੀ ਮੀਟਿੰਗ ਵਿੱਚ ਕੈਪਟਨ ਅਮਰਿੰਦਰ ਸਿੰਘ ਦੀ ਬਾਦਲਾਂ ਨਾਲ ਕਥਿਤ ਸਾਂਝ ਨੂੰ ਉਜਾਗਰ ਕਰਨ ਲਈ 13 ਜੂਨ ਨੂੰ ਮੁੱਖ ਮੰਤਰੀ ਦੀ ਰਿਹਾਇਸ਼ ਵੱਲ ਰੋਸ ਮਾਰਚ ਕਰਨ ਦਾ ਫ਼ੈਸਲਾ ਕੀਤਾ ਗਿਆ। ਇਸ ਤੋਂ ਇਲਾਵਾ ‘ਸਰਬੱਤ ਖ਼ਾਲਸਾ’ ਵੱਲੋਂ ਥਾਪੇ ਜਥੇਦਾਰਾਂ ਵੱਲੋਂ ਗੁਰੂ ਗ੍ਰੰਥ ਸਾਹਿਬ ਦੀ ਬੇਅਦਬੀ ਦੇ ਮਾਮਲਿਆਂ ਸਬੰਧੀ ਦੋ ਸਾਲ ਪੂਰੇ ਹੋਣ 1 ਜੂਨ ਨੂੰ ਬਰਗਾੜੀ ਵਿੱਚ ਵੱਡੇ ਪੱਧਰ ‘ਤੇ ਸਮਾਗਮ ਕਰਵਾਉਣ ਦਾ ਵੀ ਫ਼ੈਸਲਾ ਕੀਤਾ ਗਿਆ ਹੈ।
ਪਾਰਟੀ ਦੇ ਸਕੱਤਰ ਜਨਰਲ ਭਾਈ ਗੁਰਦੀਪ ਸਿੰਘ ਬਠਿੰਡਾ, ਡਾ. ਭਗਵਾਨ ਸਿੰਘ, ਗੁਰਨਾਮ ਸਿੰਘ ਸਿੱਧੂ ਤੇ ਜਸਵਿੰਦਰ ਸਿੰਘ ਬਰਾੜ ਨੇ ਕਿਹਾ ਕਿ ਕੈਪਟਨ ਨੇ ਬਾਣੀ ਦਾ ਗੁਟਕਾ ਹੱਥ ਵਿੱਚ ਫੜ ਕੇ ਪੰਜਾਬ ਵਿਚੋਂ ਨਸ਼ੇ ਬੰਦ ਕਰਨ ਦੀ ਸਹੁੰ ਖਾਧੀ ਸੀ ਪਰ ਉਹ ਅਜਿਹਾ ਕਰਨ ਵਿੱਚ ਅਸਫ਼ਲ ਰਹੇ ਹਨ। ਕੈਪਟਨ ਸਰਕਾਰ ਡਰੱਗ ਮਾਫੀਆ, ਰਾਜਸੀ ਆਗੂਆਂ ਅਤੇ ਪੁਲੀਸ ਅਫ਼ਸਰਾਂ ਦੇ ਕਥਿਤ ਗਠਜੋੜ ਵੱਲ ਗ਼ੌਰ ਨਹੀਂ ਕਰ ਰਹੀ। ਨਸ਼ੇ ਰੋਕਣ ਦੇ ਨਾਂ ‘ਤੇ ਸਿਰਫ਼ ਨਸ਼ੇੜੀਆਂ ਨੂੰ ਹੀ ਫੜਿਆ ਜਾ ਰਿਹਾ ਹੈ।
ਉਨ੍ਹਾਂ ਦੋਸ਼ ਲਾਇਆ ਕਿ ਕੈਪਟਨ ਸਰਕਾਰ ਪਿਛਲੀ ਬਾਦਲ ਸਰਕਾਰ ਦੇ ਰਾਹ ਪੈਂਦਿਆਂ ਗੁਰੂ ਗ੍ਰੰਥ ਸਾਹਿਬ ਦੀ ਬੇਅਦਬੀ, ਬਹਿਬਲ ਕਲਾਂ ਗੋਲੀ ਕਾਂਡ ਦੇ ਦੋਸ਼ੀਆਂ ਦੀ ਗ੍ਰਿਫ਼ਤਾਰੀ ਅਤੇ ਬੰਦੀ ਸਿੰਘਾਂ ਦੀ ਰਿਹਾਈ ਸਬੰਧੀ ਖਾਮੋਸ਼ ਹੈ। ਪੰਜਾਬ ਵਿੱਚ ਨਕਲੀ ਬੀਜ ਤੇ ਕੀੜੇਮਾਰ ਦਵਾਈਆਂ ਦਾ ਮਾੜਾ ਪ੍ਰਭਾਵ ਅਤੇ ਕਿਸਾਨਾਂ ਤੇ ਖੇਤ ਮਜ਼ਦੂਰਾਂ ਦੀਆਂ ਖ਼ੁਦਕੁਸ਼ੀਆਂ ਬੇਰੋਕ ਜਾਰੀ ਹਨ। ਕੈਪਟਨ ਸਰਕਾਰ ਆਪਣੇ ਵਾਅਦੇ ਪੂਰੇ ਕਰਨ ਦੀ ਥਾਂ ਬਾਦਲ ਸਰਕਾਰ ਦੇ ਮੰਤਰੀਆਂ ਅਤੇ ਅਫ਼ਸਰਾਂ ਦੀ ‘ਪੁਸ਼ਤਪਨਾਹੀ’ ਕਰ ਰਹੀ ਹੈ। ਬਾਦਲਾਂ ਦੇ ਰਾਜ ਵਾਂਗ ਹੀ ਸੂਬੇ ਵਿੱਚ ਗੁੰਡਾਗਰਦੀ ਅਤੇ ਭ੍ਰਿਸ਼ਟਾਚਾਰ ਦਾ ਬੋਲਬਾਲਾ ਹੈ। ਕਈ ਤਰ੍ਹਾਂ ਦੇ ਮਾਫੀਆ ਦੀਆਂ ਕਥਿਤ ਤੌਰ ‘ਤੇ ਬਾਦਲਾਂ ਨਾਲ ਜੁੜਦੀਆਂ ਤਾਰਾਂ ਬਾਰੇ ਵੀ ਕੈਪਟਨ ਸਰਕਾਰ ਚੁੱਪ ਹੈ।
ਉਨ੍ਹਾਂ ਕਿਹਾ ਕਿ ਕੈਪਟਨ ਸਰਕਾਰ ਦੇ ਪਹਿਲੇ ਦੋ ਮਹੀਨਿਆਂ ਦੀ ਕਾਰਗੁਜ਼ਾਰੀ ਨੇ ਸਾਬਤ ਕਰ ਦਿੱਤਾ ਹੈ ਕਿ ਇਹ ਸਰਕਾਰ ਬਾਦਲਾਂ ਨਾਲ ਆਪਣੀਆਂ ‘ਯਾਰੀਆਂ’ ਨਿਭਾਉਣ ਤੱਕ ਸੀਮਤ ਹੈ। ਉਨ੍ਹਾਂ ਮੰਗ ਕੀਤੀ ਕਿ ਕੈਪਟਨ, ਕੈਨੇਡਾ ਦੇ ਸੂਬਿਆਂ ਵੱਲੋਂ ਪਾਸ ਕੀਤੇ ਮਤਿਆਂ ਵਾਂਗ ਪੰਜਾਬ ਵਿਧਾਨ ਸਭਾ ਵਿੱਚ ਜੂਨ 1984 ਦੌਰਾਨ ਦਰਬਾਰ ਸਾਹਿਬ, ਅੰਮ੍ਰਿਤਸਰ ਸਮੇਤ 40 ਤੋਂ ਵੱਧ ਗੁਰਦੁਆਰਿਆਂ ‘ਤੇ ਹੋਏ ਹਮਲਿਆਂ ਦੀ ਨਿਖੇਧੀ ਦਾ ਮਤਾ ਪਾਸ ਕਰਵਾਉਣ।
ਉਨ੍ਹਾਂ ਮੰਗ ਕੀਤੀ ਕਿ ਸ਼੍ਰੋਮਣੀ ਗੁਰਦੁਆਰਾ ਪ੍ਰਬੰਧਕ ਕਮੇਟੀ ਦੀਆਂ ਚੋਣਾਂ ਛੇਤੀ ਕਰਵਾਈਆਂ ਜਾਣ ਤੇ ਪੰਥਕ ਧਿਰਾਂ ਬਾਦਲ ਪਰਿਵਾਰ ਦੇ ਕਬਜ਼ੇ ਹੇਠੋਂ ਸਿੱਖਾਂ ਦੀ ਇਸ ਅਹਿਮ ਸੰਸਥਾ ਨੂੰ ਆਜ਼ਾਦ ਕਰਵਾਉਣਗੀਆਂ। ਉਨ੍ਹਾਂ ਦੋਸ਼ ਲਾਇਆ ਕਿ ਬਾਦਲ ਧੜੇ ਵੱਲੋਂ ਗੁਰਦੁਆਰਾ ਗਿਆਨ ਗੋਦੜੀ ਬਾਰੇ ਦਿੱਤੇ ਜਾ ਰਹੇ ਬਿਆਨ ਡਰਾਮਾ ਹਨ ਕਿਉਂਕਿ ਕੇਂਦਰ ਤੇ ਉਤਰਾਖੰਡ ਦੋਹੇਂ ਥਾਈਂ ਬਾਦਲਾਂ ਦੀ ਭਾਈਵਾਲ ਭਾਜਪਾ ਦੀ ਸਰਕਾਰ ਹੈ ਪਰ ਅਕਾਲੀ ਦਲ (ਬਾਦਲ) ਵੱਲੋਂ ਸਰਕਾਰ ਕੋਲ ਆਵਾਜ਼ ਨਹੀਂ ਉਠਾਈ ਜਾ ਰਹੀ। ਕੋਰ ਕਮੇਟੀ ਦੀ ਮੀਟਿੰਗ ਵਿੱਚ ਜਤਿੰਦਰ ਸਿੰਘ ਈਸੜੂ, ਬਹਾਦਰ ਸਿੰਘ ਰਾਹੋਂ, ਸਤਨਾਮ ਸਿੰਘ ਮਨਾਵਾਂ, ਪ੍ਰਸ਼ੋਤਮ ਸਿੰਘ ਫੱਗੂਵਾਲ, ਵੱਸਣ ਸਿੰਘ ਜੱਫਰਵਾਲ, ਡਾਕਟਰ ਹਰਮਨਜੀਤ ਸਿੰਘ, ਸੀਤਾ ਰਾਮ ਦੀਪਕ, ਜਸਵਿੰਦਰ ਸਿੰਘ ਘੋਲੀਆ ਤੇ ਡਾਕਟਰ ਅਨਵਰ ਅਹਿਮਦ ਸ਼ਾਮਲ ਸਨ।